ਭਾਰਤ ਵਿੱਚ ਮਰਦਮ ਸ਼ੁਮਾਰੀ 2027 (Census 2027) ਪੂਰੀ ਤਰ੍ਹਾਂ ਡਿਜੀਟਲ ਬਣ ਗਈ ਹੈ। ਇਸ ਦਾ ਪਹਿਲਾ ਗੇੜ੍ਹ (ਹਾਊਸ ਲਿਸਟਿੰਗ ਐਂਡ ਹਾਊਸਿੰਗ ਸੈਂਸਸ) 1 ਅਪ੍ਰੈਲ 2026 ਤੋਂ ਸ਼ੁਰੂ ਹੋ ਗਿਆ ਹੈ ਅਤੇ ਸਤੰਬਰ 2026 ਤੱਕ ਚੱਲੇਗਾ। ਇਹ ਭਾਰਤ ਦੀ ਇਤਿਹਾਸਕ ਡਿਜੀਟਲ ਜਨਗਣਨਾ ਹੈ, ਜਿਸ ਵਿੱਚ ਲਗਭਗ 30 ਲੱਖ ਮੁਲਾਜ਼ਮ ਮੋਬਾਈਲ ਐਪ ਰਾਹੀਂ ਡਾਟਾ ਇਕੱਠਾ ਕਰਨਗੇ। ਨਾਗਰਿਕ ਆਪਣੀ ਜਾਣਕਾਰੀ ਖੁਦ ਆਨਲਾਈਨ ਭਰ ਸਕਦੇ ਹਨ। ਇਸ ਲਈ ਇੱਕ ਵਿਸ਼ੇਸ਼ ਪੋਰਟਲ se.census.gov.in ਸ਼ੁਰੂ ਕੀਤਾ ਗਿਆ ਹੈ। ਪਹਿਲੇ ਗੇੜ੍ਹ ਵਿੱਚ 33 ਪ੍ਰਸ਼ਨ ਪੁੱਛੇ ਜਾਣਗੇ, ਜਿਨ੍ਹਾਂ ਵਿੱਚ ਘਰ ਦੀ ਸਥਿਤੀ, ਸੁਵਿਧਾਵਾਂ ਅਤੇ ਪਰਿਵਾਰ ਨਾਲ ਜੁੜੀ ਜਾਣਕਾਰੀ ਸ਼ਾਮਲ ਹੈ।
ਆਨਲਾਈਨ ਸੈਲਫ ਇਨਿਊਮਰੇਸ਼ਨ ਕਿਵੇਂ ਕਰੀਏ?
ਆਪਣੀ ਡਿਟੇਲ ਭਰਨ ਲਈ ਸਭ ਤੋਂ ਪਹਿਲਾਂ se.census.gov.in ਪੋਰਟਲ ਖੋਲ੍ਹੋ। ਆਪਣਾ ਸੂਬਾ ਚੁਣੋ, ਘਰ ਦੇ ਮੁਖਿਆ ਦਾ ਨਾਂ ਅਤੇ ਮੋਬਾਈਲ ਨੰਬਰ ਦਾਖਲ ਕਰੋ। ਇੱਕ ਮੋਬਾਈਲ ਨੰਬਰ ਤੇ ਇੱਕ ਹੀ ਘਰ ਰਜਿਸਟਰ ਹੋ ਸਕਦਾ ਹੈ ਅਤੇ ਮੁਖਿਆ ਦਾ ਨਾਂ ਬਾਅਦ ਵਿੱਚ ਬਦਲਿਆ ਨਹੀਂ ਜਾ ਸਕਦਾ। ਫਿਰ 16 ਭਾਸ਼ਾਵਾਂ ਵਿੱਚੋਂ ਆਪਣੀ ਭਾਸ਼ਾ ਚੁਣੋ। OTP ਵੈਰੀਫਿਕੇਸ਼ਨ ਤੋਂ ਬਾਅਦ ਸਹੀ ਪਤਾ ਭਰੋ ਅਤੇ ਮੈਪ ਤੇ ਲਾਲ ਮਾਰਕ ਨੂੰ ਡਰੈਗ ਕਰਕੇ ਘਰ ਦੀ ਸਹੀ ਲੋਕੇਸ਼ਨ ਤੇ ਲਿਜਾਓ।
ਇਸ ਤੋਂ ਬਾਅਦ ਹਾਊਸ ਲਿਸਟਿੰਗ ਨਾਲ ਜੁੜੇ 33 ਸਵਾਲਾਂ ਦਾ ਸਹੀ ਉੱਤਰ ਦਿਓ। ਇਸ ਵਿੱਚ ਮਕਾਨ ਦਾ ਨੰਬਰ, ਫਰਸ਼, ਕੰਧ ਅਤੇ ਛੱਤ ਦਾ ਮਟੀਰੀਅਲ, ਪਰਿਵਾਰ ਦੀ ਗਿਣਤੀ, ਮੁਖਿਆ ਦਾ ਨਾਂ, ਲਿੰਗ, ਜਾਤੀ ਜਾਣਕਾਰੀ, ਸਾਫ਼ ਪਾਣੀ, ਬਿਜਲੀ, ਵਾਸ਼ਰੂਮ, ਰਸੋਈ, ਅਨਾਜ, ਇੰਟਰਨੈੱਟ, ਮੋਬਾਈਲ, ਲੈਪਟਾਪ ਅਤੇ ਗੱਡੀਆਂ ਵਰਗੀਆਂ ਸੁਵਿਧਾਵਾਂ ਬਾਰੇ ਪੁੱਛਿਆ ਜਾਂਦਾ ਹੈ। ਪੂਰਾ ਫਾਰਮ ਭਰਨ ਤੋਂ ਬਾਅਦ ਇੱਕ ਵਾਰ ਚੰਗੀ ਤਰ੍ਹਾਂ ਚੈੱਕ ਕਰ ਲਓ ਅਤੇ ਸਬਮਿਟ ਕਰੋ। ਸਬਮਿਟ ਕਰਨ ਤੋਂ ਬਾਅਦ ਤੁਸੀਂ ਆਪਣੇ ਆਪ ਕੋਈ ਬਦਲਾਅ ਨਹੀਂ ਕਰ ਸਕਦੇ। ਸਬਮਿਟ ਤੋਂ ਬਾਅਦ ਤੁਹਾਨੂੰ ਇੱਕ ਯੂਨੀਕ SE ID ਮਿਲੇਗਾ, ਜਿਸ ਨੂੰ ਤੁਹਾਨੂੰ ਇਨਿਊਮਰੇਟਰ ਨੂੰ ਦੇਣਾ ਹੋਵੇਗਾ ਤਾਂ ਜੋ ਡਾਟਾ ਵੈਰੀਫਾਈ ਹੋ ਸਕੇ।
ਧਿਆਨ ਰੱਖੋ ਕਿ ਘਰ ਦੇ ਮੁਖੀਆ ਦੀ ਡਿਟੇਲ ਇੱਕ ਵਾਰ ਭਰ ਦੇਣ ਤੋਂ ਬਾਅਦ ਬਦਲੀ ਨਹੀਂ ਜਾ ਸਕਦੀ। ਇਸ ਲਈ ਫਾਰਮ ਭਰਦੇ ਸਮੇਂ ਸਾਰੀ ਜਾਣਕਾਰੀ ਸਹੀ ਅਤੇ ਪੂਰੀ ਭਰੋ। ਇਸ ਡਿਜੀਟਲ ਪ੍ਰਕਿਰਿਆ ਨਾਲ ਮਨੁੱਖੀ ਗਲਤੀਆਂ ਘੱਟ ਹੋਣਗੀਆਂ ਅਤੇ ਡਾਟਾ ਵਧੇਰੇ ਭਰੋਸੇਯੋਗ ਬਣੇਗਾ।
ਪੰਜਾਬ ਵਿੱਚ ਸਮਾਂ-ਸਾਰਣੀ
ਪੰਜਾਬ ਵਿੱਚ ਪਹਿਲੇ ਗੇੜ੍ਹ ਦੀ ਮਰਦਮ ਸ਼ੁਮਾਰੀ 15 ਮਈ 2026 ਤੋਂ ਸ਼ੁਰੂ ਹੋਵੇਗੀ ਅਤੇ 13 ਜੂਨ 2026 ਤੱਕ ਚੱਲੇਗੀ। ਸੈਲਫ ਇਨਿਊਮਰੇਸ਼ਨ ਲਈ ਪੋਰਟਲ 30 ਅਪ੍ਰੈਲ ਤੋਂ 14 ਮਈ 2026 ਤੱਕ ਖੁੱਲ੍ਹਾ ਰਹੇਗਾ। ਹੋਰ ਸੂਬਿਆਂ ਵਿੱਚ ਵੀ ਵੱਖ-ਵੱਖ ਤਰੀਕਾਂ ਤੇ ਸ਼ੁਰੂਆਤ ਹੋਵੇਗੀ, ਜਿਵੇਂ ਦਿੱਲੀ, ਕਰਨਾਟਕ ਅਤੇ ਸਿੱਕਿਮ ਵਿੱਚ 16 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ, ਜਦਕਿ ਹਰਿਆਣਾ, ਮੱਧ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਵਿੱਚ 1 ਮਈ ਤੋਂ ਸ਼ੁਰੂ ਹੋਵੇਗੀ।
ਦੂਜਾ ਗੇੜ੍ਹ ਫਰਵਰੀ 2027 ਵਿੱਚ ਸ਼ੁਰੂ ਹੋਵੇਗਾ, ਜਿਸ ਵਿੱਚ ਲੋਕਾਂ ਦੀ ਗਿਣਤੀ ਅਤੇ ਜਾਤ ਅਧਾਰਤ ਜਨਗਣਨਾ ਹੋਵੇਗੀ। ਇਸ ਗਿਣਤੀ ਦਾ ਮੁੱਖ ਅਧਾਰ 1 ਮਾਰਚ 2027 ਦੀ ਰਾਤ 12 ਵਜੇ ਮੰਨਿਆ ਜਾਵੇਗਾ। ਇਸ ਫੇਜ਼ ਵਿੱਚ ਵੀ ਡਿਜੀਟਲ ਤਕਨੀਕ ਵਰਤੀ ਜਾਵੇਗੀ।
ਤਿਆਰੀਆਂ ਅਤੇ ਮਹੱਤਵ
ਸਰਕਾਰ ਨੇ ਇਸ ਵੱਡੀ ਮੁਹਿੰਮ ਲਈ ਲਗਭਗ 11,718 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਇਹ ਭਾਰਤ ਦੀ ਸਭ ਤੋਂ ਵੱਡੀ ਪ੍ਰਸ਼ਾਸਨਿਕ ਅਤੇ ਅੰਕੜਾ ਇਕੱਠਾ ਕਰਨ ਵਾਲੀ ਕਵਾਇਦ ਹੈ। ਡਿਜੀਟਲ ਤਕਨਾਲੋਜੀ ਨਾਲ ਕੰਮ ਤੇਜ਼ ਅਤੇ ਪਾਰਦਰਸ਼ੀ ਬਣਿਆ ਹੈ। ਡਾਟਾ ਤੁਰੰਤ ਸਰਵਰ ਤੇ ਅਪਲੋਡ ਹੋ ਜਾਵੇਗਾ, ਜਿਸ ਨਾਲ ਸੁਰੱਖਿਆ ਵੀ ਵਧੀ ਹੈ।
ਇਸ ਜਨਗਣਨਾ ਤੋਂ ਮਿਲਣ ਵਾਲਾ ਡਾਟਾ ਸਰਕਾਰੀ ਯੋਜਨਾਵਾਂ, ਵਿਕਾਸ ਕਾਰਜਾਂ ਅਤੇ ਨੀਤੀ ਬਣਾਉਣ ਲਈ ਬਹੁਤ ਮਹੱਤਵਪੂਰਨ ਹੈ। ਨਾਗਰਿਕਾਂ ਨੂੰ ਇਸ ਵਿੱਚ ਹਿੱਸਾ ਲੈਣ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ। ਆਨਲਾਈਨ ਭਰਨ ਵਾਲੇ ਲੋਕਾਂ ਨੂੰ ਇਨਿਊਮਰੇਟਰ ਵਿਜ਼ਿਟ ਦੌਰਾਨ ਸਿਰਫ SE ID ਦੇਣਾ ਹੋਵੇਗਾ।
ਇਸ ਡਿਜੀਟਲ ਬਦਲਾਅ ਨੇ ਜਨਗਣਨਾ ਨੂੰ ਆਸਾਨ, ਤੇਜ਼ ਅਤੇ ਭਰੋਸੇਯੋਗ ਬਣਾ ਦਿੱਤਾ ਹੈ। ਹਰ ਨਾਗਰਿਕ ਨੂੰ ਆਪਣੀ ਜਾਣਕਾਰੀ ਸਹੀ ਤਰੀਕੇ ਨਾਲ ਭਰਨੀ ਚਾਹੀਦੀ ਹੈ ਤਾਂ ਜੋ ਦੇਸ਼ ਨੂੰ ਸਹੀ ਅੰਕੜੇ ਮਿਲ ਸਕਣ।

