ਸਜੈ ਜੋ ਦੁਮਾਲਾ ਛੁਟੈ ਖੂਬ ਫਰਰਾ॥
ਅਜਬ ਸੋਹੇ ਚੱਕਰ ਖੰਡੇ ਤੋੜੇ ਵਾਲਾ॥
ਗੁਰੂ ਜੀ ਨੇ ਫ਼ਤਿਹ ਸਿੰਘ ਜੀ ਕੋ ਬੁਲਾਇਆ॥
ਚਲੈ ਗੋ ਤੋਰ ਜੈਸਾ ਪੰਥ ਐਸਾ ਮੁਖ ਸੇ ਅਲਾਇਆ॥
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਇਹ ਸ਼ਬਦ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਛੋਟੀ ਉਮਰ ਵਿੱਚ ਦਸਤਾਰ ਸਜਾਉਣ ਦੀ ਕਲਾ ਸਿਖਾ ਕੇ ਨਿਹੰਗ ਸਿੰਘਾਂ ਨੂੰ ਇੱਕ ਨਵਾਂ ਬਾਣਾ ਦੇ ਕੇ ਸਿੰਘਾਂ ਨੂੰ ਦੁਨੀਆ ਵਿੱਚ ਇੱਕ ਨਵੀਂ ਦਿੱਖ ਦਿੱਤੀ। ਅੱਜ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਹੈ। ਆਪ ਸਭ ਨੂੰ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਅੱਜ ਅਸੀਂ ਉਨ੍ਹਾਂ ਦੇ ਲਾਸਾਨੀ ਜੀਵਨ ਬਾਰੇ ਜਾਣਾਂਗੇ।
ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦਾ ਜਨਮ 14 ਦਸੰਬਰ, 1699 ਈ ਵਿੱਚ ਮਾਤਾ ਜੀਤੋ ਜੀ ਦੀ ਕੁੱਖੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ। ਆਪ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। ਅਨੰਦਾਂ ਦੀ ਪੁਰੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਾਬਾ ਫਤਿਹ ਸਿੰਘ ਜੀ ਦੇ ਬਹੁਤ ਕੌਤਕ ਵੇਖਣ ਨੂੰ ਮਿਲੇ। ਉਹਨਾਂ ਵਿੱਚੋਂ ਇੱਕ ਕੌਤਕ ਨੇ ਸਿੰਘਾਂ ਨੂੰ ਇੱਕ ਨਵਾਂ ਰੂਪ ਅਤੇ ਖਿਤਾਬ ਦਿੱਤਾ।
ਇੱਕ ਵਾਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੱਡੇ ਸਾਹਿਬਜ਼ਾਦੇ ਸਿੰਘਾਂ ਨਾਲ ਟੋਲੀਆਂ ਬਣਾ ਕੇ ਜੰਗ ਕਰਨ ਦੀਆਂ ਖੇਡਾਂ ਖੇਡ ਰਹੇ ਸਨ। ਇਸੇ ਦੌਰਾਨ ਬਾਬਾ ਫਤਹਿ ਸਿੰਘ ਜੀ ਵੀ ਖੇਡਣ ਵਾਸਤੇ ਆਏ ਪਰ ਵੱਡੇ ਸਾਹਿਬਜ਼ਾਦਿਆਂ ਤੇ ਸਿੰਘਾਂ ਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਅਜੇ ਛੋਟੇ ਹੋ, ਤੁਸੀਂ ਨਹੀਂ ਖੇਡ ਸਕਦੇ। ਇਹ ਸਭ ਕੁਝ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਦੇਖ ਰਹੇ ਸਨ। ਬਾਬਾ ਫਤਹਿ ਸਿੰਘ ਜੀ ਨੇ ਅੰਦਰ ਜਾ ਕੇ ਵੱਡੀ ਸਾਰੀ ਦਸਤਾਰ ਸਜਾਈ ਤੇ ਆ ਕੇ ਆਖਿਆ ਕਿ ਦੇਖੋ ਹੁਣ ਮੈਂ ਵੱਡਾ ਹੋ ਗਿਆ ਹਾਂ, ਹੁਣ ਮੈ ਵੀ ਇਸ ਖੇਡ ਵਿੱਚ ਹਿੱਸਾ ਲੈ ਸਕਦਾ ਹਾਂ। ਇਹ ਵੇਖ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਹੁਤ ਖੁਸ਼ ਹੋਏ ਤੇ ਆਪ ਜੀ ਨੂੰ ਇਕ ਅਲੱਗ ਫੌਜ ਦਿੱਤੀ, ਜਿਸ ਨੂੰ ਗੁਰੂ ਦੀ ਲਾਡਲੀ ਫੌਜ ਦਾ ਖਿਤਾਬ ਪ੍ਰਾਪਤ ਹੋਇਆ। ਇਸੇ ਕਰਕੇ ਨਿਹੰਗ ਸਿੰਘਾਂ ਨੂੰ ਗੁਰੂ ਕੀ ਲਾਡਲੀ ਫੌਜ ਵੀ ਕਿਹਾ ਜਾਂਦਾ ਹੈ।
ਆਖਰ ਇਕ ਦਿਨ ਐਸਾ ਵੀ ਆਇਆ ਜਦੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਛੱਡਣਾ ਪਿਆ। ਸੰਨ 1704 ਦੀ ਰਾਤ ਗੁਰੂ ਜੀ ਨੇ ਸ਼੍ਰੀ ਅਨੰਦਪੁਰ ਦਾ ਕਿਲਾ ਛੱਡ ਦਿੱਤਾ। ਹਾਕਮਾਂ ਨੇ ਗਊ-ਕੁਰਾਨ ਦੀਆਂ ਖਾਧੀਆਂ ਸਾਰੀਆਂ ਸਹੁੰਆਂ ਤੋੜ ਕੇ ਪਿੱਛੋਂ ਦੀ ਹਮਲਾ ਕਰ ਦਿੱਤਾ। ਉਸ ਵਕਤ ਸਰਸਾ ਨਦੀ ਵਿੱਚ ਹੜ ਆਇਆ ਹੋਇਆ ਸੀ। ਸਰਸਾ ਨਦੀ ਉੱਤੇ ਘਮਸਾਣ ਦੀ ਜੰਗ ਹੋਈ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਲੋੜ ਅਨੁਸਾਰ ਜਥਿਆਂ ’ਚ ਵੰਡਿਆ। ਇੱਥੇ ਦਸਵੇਂ ਪਾਤਸ਼ਾਹ ਜੀ ਦਾ ਪਰਿਵਾਰ ਵੀ ਤਿੰਨ ਹਿਸਿਆਂ ’ਚ ਵੰਡਿਆ ਗਿਆ ਅਤੇ ਸਾਥੀ ਸਿੰਘ ਵੀ ਵਿਛੜ ਗਏ।
ਮਾਤਾ ਗੁਜਰ ਕੌਰ ਜੀ ਦੋ ਛੋਟੇ ਸਾਹਿਬਜ਼ਾਦਿਆਂ ਨਾਲ ਸਰਸਾ ਦੇ ਕੰਡੇ ਚੱਲਦੇ-ਚੱਲਦੇ ਮੋਰਿੰਡੇ ਪੁੱਜੇ। ਇਹਨਾਂ ਦਾ ਰਸੋਈਆ ਗੰਗੂ ਬ੍ਰਾਹਮਣ ਇਹਨਾਂ ਨੂੰ ਆਪਣੇ ਘਰ ਪਿੰਡ ਖੇੜੀ ਲੈ ਆਇਆ, ਜੋ ਉਥੋਂ ਵੀਹ ਕੁ ਮੀਲ ਦੀ ਵਿੱਥ ਉੱਤੇ ਪੈਂਦਾ ਸੀ। ਗੰਗੂ ਬ੍ਰਾਹਮਣ ਨੀਯਤ ਦਾ ਵੱਡਾ ਬੇਈਮਾਨ ਸਾਬਤ ਹੋਇਆ। ਉਸ ਨੇ ਪਹਿਲਾਂ ਤਾਂ ਮਾਤਾ ਜੀ ਦੀ ਮੋਹਰਾਂ ਦੀ ਥੈਲੀ ਚੋਰੀ ਕੀਤੀ ਫਿਰ ਹੋਰ ਇਨਾਮ ਦੇ ਲਾਲਚ ਵਿੱਚ ਸੂਬਾ ਸਰਹੰਦ ਨੂੰ ਇਤਲਾਹ ਦੇ ਦਿੱਤੀ। ਦਿਨ ਚੜ੍ਹਦੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਕੇ ਵਜ਼ੀਦ ਦੀ ਕਚਹਿਰੀ ’ਚ ਪੇਸ਼ ਕੀਤਾ ਗਿਆ।
ਮਾਤਾ ਗੁਜਰ ਕੌਰ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਸਾਰੀ ਰਾਤ ਠੰਡੇ ਬੁਰਜ ’ਚ ਭੁੱਖੇ-ਤਿਹਾਏ ਰੱਖਿਆ ਗਿਆ। ਭਾਈ ਮੋਤੀ ਰਾਮ ਜੀ ਨੇ ਆਪਣੇ ਪਰਿਵਾਰ ਨੂੰ ਖ਼ਤਰੇ ਵਿੱਚ ਪਾ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਦੁੱਧ ਨਾਲ ਸੇਵਾ ਕੀਤੀ। ਤਿੰਨ ਦਿਨ ਲਗਾਤਾਰ ਸਾਹਿਬਜ਼ਾਦਿਆਂ ਨੂੰ ਕਚਿਹਰੀ ਵਿੱਚ ਪੇਸ਼ ਕਰ ਕੇ ਇਸਲਾਮ ਕਬੂਲ ਕਰਾਉਣ ਲਈ ਕਈ ਡਰਾਵੇ ਤੇ ਲਾਲਚ ਦਿੱਤੇ ਗਏ ਪਰ ਉਹ ਡੋਲੇ ਨਹੀ। ਇਸਲਾਮ ਕਬੂਲ ਨਾ ਕਰਨ ਉੱਤੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ। ਦੀਵਾਰ ਦੇ ਢਹਿ ਜਾਣ ਉੱਤੇ ਉਹਨਾਂ ਦੇ ਸਿਰ ਤਲਵਾਰ ਨਾਲ ਧੜਾਂ ਤੋਂ ਅਲੱਗ ਕਰ ਦਿੱਤੇ ਗਏ।
ਅਸੀਂ ਸਿਜਦਾ ਕਰਦੇ ਹਾਂ ਉਸ ਲਾਸਾਨੀ ਸ਼ਹਾਦਤ ਨੂੰ ਜਿਹੜੀ ਇਸ ਦੁਨੀਆ ਵਿੱਚ ਸਿਰਫ ਇੱਕੋ ਵਾਰ ਵਾਪਰੀ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਸੁਣ ਕੇ ਸਾਡੇ ਦੰਦ ਵੱਜਣ ਲੱਗ ਪੈਂਦੇ ਹਨ, ਸਰੀਰ ਵਿੱਚ ਕੰਬਣੀ ਛਿੜ ਜਾਂਦੀ ਹੈ। ਛੋਟੇ ਸਾਹਿਬਜ਼ਾਦੇ, ਏਨੀ ਛੋਟੀ ਉਮਰ ਵਿੱਚ ਕਿਸੇ ਨੂੰ ਜਿਊਂਦੇ ਨੀਂਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਹੋਵੇ, ਤੇ ਏਨੀ ਛੋਟੀ ਉਮਰ ਦੇ ਲਾਲ ਬਹੁਤ ਹੀ ਚੜਦੀ ਕਲਾ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਗਏ ਹੋਣ, ਨਾ ਡੋਲੇ, ਨਾ ਹੀ ਥੱਕੇ, ਨਾ ਹੀ ਅੱਕੇ, ਨਾ ਹੀ ਉਨ੍ਹਾਂ ਨੇ ਕੋਈ ਲੇਲੜੀਆਂ ਕੱਢੀਆਂ ਕਿਸੇ ਦੇ ਮੂਹਰੇ ਕਿ ਸਾਡੀ ਜਾਨ ਬਖਸ਼ ਦਿਉ, ਬਲਕਿ ਵੱਡੇ ਵੱਡੇ ਲਾਲਚ ਵੀ ਠੁਕਰਾ ਦਿੱਤੇ ਸੀ, ਉਹ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦੋ ਛੋਟੇ ਲਖਤੇ ਜਿਗਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ। ਅੱਜ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਉੱਤੇ ਸਾਨੂੰ ਸਭ ਨੂੰ ਇਹ ਪ੍ਰਣ ਜ਼ਰੂਰ ਕਰਨਾ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਗੁਰਬਾਣੀ ਪੜੀਏ, ਉਸਦਾ ਅਧਿਐਨ ਕਰੀਏ ਅਤੇ ਆਪਣੇ ਜੀਵਨ ਵਿੱਚ ਧਾਰਨ ਕਰੀਏ।