Khaas Lekh Khalas Tv Special Punjab Religion

ਕੁਰਬਾਨੀਆਂ ਨਾਲ ਬਣਿਆ ਅਕਾਲੀ ਦਲ ਸਥਾਪਨਾ ਤੋਂ ਲੈ ਕੇ ਹੁਣ ਤੱਕ ਕੀ-ਕੀ ਹੋਇਆ !

102nd foundation day of Shiromani Akali Dal

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :  ਸ਼੍ਰੋਮਣੀ ਅਕਾਲੀ ਦਲ ਇੱਕ ਸਿੱਖ ਧਰਮ ਕੇਂਦਰਿਤ ਭਾਰਤੀ ਸਿਆਸੀ ਦਲ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਭਾਵਸ਼ਾਲੀ ਸਿੱਖ ਦਲ ਹੈ। ਅਕਾਲੀ ਦਲ ਦਾ ਮੂਲ ਮਕਸਦ ਸਿੱਖ ਮੁੱਦਿਆਂ ਨੂੰ ਸਿਆਸੀ ਅਵਾਜ਼ ਦੇਣਾ ਹੈ ਅਤੇ ਇਸਦਾ ਮੰਨਣਾ ਹੈ ਕਿ ਧਰਮ ਅਤੇ ਸਿਆਸਤ ਇਕੱਠੇ ਚੱਲਦੇ ਹਨ।

14 ਦਸੰਬਰ 1920 ਨੂੰ ਹੋਂਦ ਵਿੱਚ ਆਈ ਸ਼੍ਰੋਮਣੀ ਅਕਾਲੀ ਦਲ ਭਾਰਤ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ ਅਤੇ ਕਾਂਗਰਸ ਤੋਂ ਬਾਅਦ ਸਭ ਤੋਂ ਪੁਰਾਣੀ ਰਾਜਨੀਤਿਕ ਪਾਰਟੀ ਹੈ। ਪੰਥਕ ਹਿੱਤਾਂ ਦੀ ਪਹਿਰੇਦਾਰੀ ਲਈ ਹੋਂਦ ਵਿੱਚ ਆਏ ਅਕਾਲੀ ਦਲ ਨੇ ਕਈ ਵਾਰ ਪੰਜਾਬ ਅਤੇ ਸਿਆਸੀ ਗਠਜੋੜ ਨਾਲ ਭਾਰਤ ਦੀ ਕੇਂਦਰੀ ਸੱਤਾ ਦਾ ਆਨੰਦ ਮਾਣਿਆ ਹੈ। ਹੁਣ ਇਸ ਪਾਰਟੀ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਨ ਅਤੇ ਉਨ੍ਹਾਂ ਦੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤ ਹਨ।

ਜਿਹੜੀ ਪਾਰਟੀ ਕਦੇ ਪੰਜਾਬ ਤੇ ਪੰਥਕ ਹਿੱਤਾਂ ਦੇ ਮੋਰਚਿਆਂ ਅਤੇ ਕੁਰਬਾਨੀਆਂ ਲਈ ਜਾਣੀ ਜਾਂਦੀ ਸੀ, ਅੱਜ ਕੱਲ੍ਹ ਕਈ ਪੰਥਕ ਆਗੂ ਇਸ ਅਕਾਲੀ ਦਲ ਨੂੰ ”ਨਿੱਜੀ ਕੰਪਨੀ” ਵਾਂਗ ਚਲਾਉਣ ਦੇ ਇਲਜ਼ਾਮ ਬਾਦਲ ਪਰਿਵਾਰ ਉੱਤੇ ਲਾ ਰਹੇ ਹਨ। ਅਕਾਲੀਆਂ ਉੱਤੇ ਸੱਤਾ ਵਿੱਚ ਰਹਿੰਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ, ਰੇਤ, ਟਰਾਂਸਪੋਰਟ, ਸ਼ਰਾਬ ਅਤੇ ਕੇਬਲ ਮਾਫ਼ੀਆ ਨੂੰ ਸਰਪ੍ਰਸਤੀ ਦੇ ਇਲਜ਼ਾਮ ਲੱਗਦੇ ਰਹੇ ਹਨ। ਇੱਥੋਂ ਤੱਕ ਕਿ ਇਸ ਦੇ ਕਈ ਸੀਨੀਅਰ ਆਗੂਆਂ ਉੱਤੇ ਪੰਜਾਬ ਵਿਚ ਨਸ਼ਾ ਤਸਕਰੀ ਕਰਵਾਉਣ ਦੇ ਇਲਜ਼ਾਮ ਵੀ ਲੱਗੇ। ਇਹ ਗੱਲ ਵੱਖਰੀ ਹੈ ਕਿ ਇਹ ਇਲਜ਼ਾਮ ਨਾ ਕਿਸੇ ਅਦਾਲਤ ਵਿੱਚ ਸਾਬਿਤ ਹੋਏ ਅਤੇ ਨਾ ਕਿਸੇ ਨੂੰ ਸਜ਼ਾ ਮਿਲੀ। ਅਕਾਲੀ ਦਲ ਦੀ ਲੀਡਰਸ਼ਿਪ ਇਸ ਨੂੰ ਆਪਣੇ ਖ਼ਿਲਾਫ਼ ਵਿਰੋਧੀਆਂ ਦੀ ਸਾਜ਼ਿਸ਼ ਦੱਸਦੀ ਰਹੀ ਹੈ। ਇਨ੍ਹਾਂ ਹਾਲਾਤਾਂ ਨੇ ਹੀ ਅਕਾਲੀ ਦਲ ਨੂੰ ਸਿਆਸੀ ਪੱਖੋਂ ਪੰਜਾਬ ਵਿੱਚ ਕਮਜ਼ੋਰ ਕਰ ਦਿੱਤਾ।

 

ਪਿਛਲੀ ਕਰੀਬ ਇੱਕ ਸਦੀ ਤੋਂ ਭਾਰਤ ਵਿੱਚ ਸਿਆਸੀ ਤੇ ਪੰਥਕ ਘੋਲਾਂ ਵਿੱਚ ਸੰਘਰਸ਼ ਲੜਦਾ ਰਿਹਾ ਅਕਾਲੀ ਦਲ ਹੁਣ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਪਾਰਟੀ ਵੀ ਨਹੀਂ ਹੈ। ਹੁਣ ਜਾਣਦੇ ਹਾਂ ਕਿ ਅਕਾਲੀ ਦਲ ਹੋਂਦ ਵਿੱਚ ਕਿਵੇਂ ਆਇਆ ?

ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਸਿੱਖ ਪੰਥ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੁਧਾਰ ਲਹਿਰ ਤੋਂ ਸ਼ੁਰੂ ਹੋਇਆ ਸੀ। ਸਿੱਖ ਯੂਨੀਵਰਸਿਟੀ ਸੈਂਟਰ, ਬੈਲਜੀਅਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਉੱਤੇ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਦੀ ਕਿਤਾਬ ‘ਸ਼੍ਰੋਮਣੀ ਅਕਾਲੀ ਦਲ’ ਪ੍ਰਕਾਸ਼ਿਤ ਕੀਤੀ ਹੈ। ਦਿਲਗੀਰ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ 21 ਮਈ 1920 ਦੇ ਦਿਨ ਲਾਹੌਰ ਤੋਂ ਪੰਜਾਬੀ ‘ਅਕਾਲੀ’ ਅਖ਼ਬਾਰ ਸ਼ੁਰੂ ਹੋਇਆ ਤਾਂ ਬਹੁਤ ਸਾਰੇ ਕਾਰਕੁਨ, ਪੰਥਕ ਸੋਚ ਰੱਖਣ ਵਾਲੇ ਆਗੂ ਅਤੇ ਵਿਦਵਾਨ ਇਸ ਅਖ਼ਬਾਰ ਨਾਲ ਜੁੜ ਗਏ। ਇਹ ਇੱਕ ਵੱਡਾ ਭਾਈਚਾਰਾ ਬਣ ਗਿਆ। ਇਨ੍ਹਾਂ ਪੰਥਕ ਸਖ਼ਸ਼ੀਅਤਾਂ ਦੀ ਇਹ ਲਹਿਰ ਛੇਤੀ ਹੀ ਅਕਾਲੀ ਲਹਿਰ ਵਜੋਂ ਜਾਣੀ ਜਾਣ ਲੱਗ ਪਈ। ਇਸੇ ਮਾਹੌਲ ਵਿੱਚ ਸਿੱਖ ਗੁਰਦੁਆਰਾ ਲਹਿਰ (1920-1925) ਸ਼ੁਰੂ ਹੋਈ। ਉਨ੍ਹੀਂ ਦਿਨੀ ਗੁਰਦੁਆਰਿਆਂ ਉੱਤੇ ਮਹੰਤਾਂ ਦਾ ਕਬਜ਼ਾ ਸੀ।

ਇਨ੍ਹਾਂ ਨੇ ਗੁਰੂ ਘਰਾਂ ਦੀਆਂ ਜਾਇਦਾਦਾਂ ਉੱਤੇ ਨਿੱਜੀ ਕਬਜ਼ਾ ਕਰ ਲਿਆ ਸੀ, ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਵਿੱਚੋਂ ਆਜ਼ਾਦ ਕਰਵਾਉਣ ਲਈ ਅਕਾਲੀਆਂ ਨੇ ਇੱਕ ਸੁਧਾਰਵਾਦੀ ਲਹਿਰ ਸ਼ੁਰੂ ਕੀਤੀ। ਤਤਕਾਲੀ ਅੰਗਰੇਜ਼ ਹਕੂਮਤ ਤੇ ਪੰਜਾਬ ਪ੍ਰਸਾਸ਼ਨ ਦਾ ਹੱਥ ਇਨ੍ਹਾਂ ਮਹੰਤਾਂ ਦੀ ਪਿੱਠ ਉੱਤੇ ਸੀ।

ਗੁਰਦੁਆਰਾ ਸੁਧਾਰ ਲਹਿਰ ਦਾ ਮਕਸਦ ਦੁਰਾਚਾਰੀ ਮਹੰਤਾਂ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਤੋਂ ਬੇਦਖਲ ਕਰਨਾ ਅਤੇ ਸਿੱਖ ਸਿਧਾਂਤਾਂ ਮੁਤਾਬਕ ਪ੍ਰਬੰਧ ਨੂੰ ਸਿੱਖ ਸੰਗਤ ਦੇ ਹੱਥਾਂ ਵਿੱਚ ਦੇਣਾ ਸੀ। ਤਤਕਾਲੀ ਪੰਜਾਬ ਸਰਕਾਰ ਨੇ ਇਸ ਨੂੰ ਅਮਨ ਕਾਨੂੰਨ ਦੇ ਹਵਾਲੇ ਨਾਲ ਦੇਖਿਆ, ਜਿਸ ਦੇ ਟਾਕਰੇ ਲਈ ਸਮੂਹ ਸਿੱਖਾਂ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਗਠਨ ਕਰ ਲਿਆ। ਇਸ ਸੰਘਰਸ਼ ਦੌਰਾਨ ਅਕਾਲੀ ਜਥਿਆਂ ਦੀ ਇੱਕ ਕੇਂਦਰੀ ਜਥੇਬੰਦੀ ‘ਸ਼੍ਰੋਮਣੀ ਅਕਾਲੀ ਦਲ’ ਹੋਂਦ ਵਿਚ ਆ ਗਈ। 1920 ਵਿੱਚ ਗੁਰਦੁਆਰਿਆਂ ਦੀ ਆਜ਼ਾਦੀ ਦੀ ਲਹਿਰ ਤੋਂ ਹੋਂਦ ਵਿੱਚ ਆਇਆ ਅਕਾਲੀ ਦਲ 2020 ਵਿਚ ਆਪਣੇ 100 ਸਾਲ ਪੂਰੇ ਕਰ ਚੁੱਕਾ ਹੈ।

1920 ਤੋਂ 1925 ਦਾ ਸਮਾਂ ਅਕਾਲੀ ਜਥਿਆ ਦੇ ਸ਼ਾਨਦਾਰ ਸੰਘਰਸ਼, ਬਹਾਦਰੀ ਅਤੇ ਕੁਰਬਾਨੀ ਦਾ ਸੀ। ਅਕਾਲੀਆਂ ਨੇ ਵੱਡੀ ਗਿਣਤੀ ਵਿੱਚ ਅੰਦੋਲਨ ਸ਼ੁਰੂ ਕੀਤੇ, ਜਿਨ੍ਹਾਂ ਵਿੱਚ ਨਨਕਾਣਾ ਸਾਹਿਬ ਦਾ ਅੰਦੋਲਨ (1921), ਚਾਬੀਆਂ ਦਾ ਮੋਰਚਾ (1921), ਗੁਰੂ ਕਾ ਬਾਗ਼ (1922) ਅਤੇ ਜੈਤੋਂ ਦਾ ਮੋਰਚਾ (1923) ਸ਼ਾਮਿਲ ਹਨ। ਇਹ ਮੋਰਚੇ ਇੰਨੇ ਸੌਖਾਲੇ ਨਹੀਂ ਸਨ। 5 ਸਾਲਾਂ ਦੇ ਸੰਘਰਸ਼ ਦੌਰਾਨ 30 ਹਜ਼ਾਰ ਇਸਤਰੀਆਂ ਪੁਰਸ਼ ਜੇਲ੍ਹ ਗਏ, 400 ਸ਼ਹੀਦੀ ਪਾ ਗਏ ਅਤੇ 2000 ਜ਼ਖ਼ਮੀ ਹੋਏ। ਜਗੀਰਾਂ ਦੀ ਜ਼ਬਤੀ, ਪੈਨਸ਼ਨਾਂ ਦਾ ਖੁੱਸ ਜਾਣਾ ਅਤੇ ਜੁਰਮਾਨਿਆਂ ਦੀ ਮਾਰ ਦਾ ਅੰਦਾਜ਼ਾ ਲਾਉਣਾ ਔਖਾ ਹੈ।

ਆਜ਼ਾਦੀ ਤੋਂ ਬਾਅਦ ਵੀ ਅਕਾਲੀਆਂ ਦਾ ਸੰਘਰਸ਼ ਖ਼ਤਮ ਨਹੀਂ ਹੋਇਆ, ਅਗਸਤ 1947 ਵਿੱਚ ਭਾਰਤ ਦੀ ਆਜ਼ਾਦੀ ਪੰਜਾਬੀਆਂ ਲਈ ਵੰਡ ਦਾ ਦੁਖਾਂਤ ਬਣ ਕੇ ਸਾਬਿਤ ਹੋਈ। 10 ਅਕਤੂਬਰ 1947 ਵਿੱਚ ਗ੍ਰਹਿ ਮੰਤਰਾਲੇ ਦੇ ਸਰਕੂਲਰ ਵਿੱਚ ਸਿੱਖਾਂ ਨੂੰ ਜਰਾਇਮ-ਪੇਸ਼ਾ ਕੌਮਾਂ ਵਿੱਚ ਰੱਖਣਾ ਸਿੱਖਾਂ ਲਈ ਪਹਿਲਾ ਝਟਕਾ ਸੀ। ਸ਼੍ਰੋਮਣੀ ਕਮੇਟੀ ਦੇ ਕੰਮ ਵਿੱਚ ਦਖਲ ਬੰਦ ਕਰਵਾਉਣ ਲਈ ਮਾਸਟਰ ਤਾਰਾ ਸਿੰਘ ਵਰਗੇ ਆਗੂ ਨੂੰ ਮਰਨ ਵਰਤ ਰੱਖਣ ਦੀ ਲੋੜ ਪਈ। ਮੁਲਕ ਵਿੱਚ ਬੋਲੀ ਦੇ ਆਧਾਰ ਉੱਤੇ ਸੂਬੇ ਬਣਾਏ ਗਏ ਪਰ ਪੰਜਾਬੀ ਬੋਲਣ ਵਾਲਿਆਂ ਲਈ ਪੰਜਾਬੀ ਸੂਬੇ ਦੀ ਮੰਗ ਨਾ ਸਵੀਕਾਰ ਕਰਨਾ ਅਕਾਲੀਆਂ ਦੇ ਆਜ਼ਾਦ ਭਾਰਤ ਵਿੱਚ ਮੋਰਚਿਆਂ ਦਾ ਮੁੱਖ ਆਧਾਰ ਬਣੇ। ਅਕਾਲੀਆਂ ਨੇ ਪੰਜਾਬੀ ਸੂਬੇ ਦੀ ਮੰਗ ਉਠਾਉਣੀ ਸ਼ੁਰੂ ਕੀਤੀ ਪਰ ਸਰਕਾਰ ਨੇ ‘ਪੰਜਾਬੀ ਸੂਬਾ ਜ਼ਿੰਦਾਬਾਦ’ ਨਾਅਰੇ ਉੱਤੇ ਪਾਬੰਦੀ ਲਾ ਦਿੱਤੀ। ਅਕਾਲੀ ਦਲ ਨੇ ਇਸ ਖ਼ਿਲਾਫ਼ ਸੰਘਰਸ਼ ਵਿੱਢ ਦਿੱਤਾ। 12 ਜੁਲਾਈ 1955 ਨੂੰ ਸਰਕਾਰ ਨੇ ‘ਪੰਜਾਬੀ ਸੂਬਾ ਜ਼ਿੰਦਾਬਾਦ’ ਕਹਿਣ ਉੱਤੋਂ ਪਾਬੰਦੀ ਹਟਾ ਦਿੱਤੀ। ਆਖ਼ਰ ਮੋਰਚੇ ਅੱਗੇ ਝੁਕਦਿਆਂ ਸਰਕਾਰ ਨੇ ਪੰਜਾਬ ਨੂੰ ਤਿੰਨ ਜ਼ੋਨਾਂ ਵਿਚ ਵੰਡਣ ਦਾ ਫਾਰਮੂਲਾ ਪੇਸ਼ ਕੀਤਾ, ਅਕਾਲੀ ਦਲ ਨੂੰ ਇਹ ਵੀ ਸਵੀਕਾਰ ਨਹੀਂ ਸੀ।

7 ਮਈ 1959 ਵਿੱਚ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪੰਜਾਬੀ ਸੂਬਾ ਮੋਰਚੇ ਦੇ ਸਵਾਲ ਉੱਤੇ ਲੜੀਆਂ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਅਕਾਲੀ ਦਲ ਨੂੰ 140 ਵਿੱਚੋਂ 137 ਸੀਟਾਂ ਉੱਤੇ ਜਿੱਤ ਹਾਸਲ ਹੋਈ ਅਤੇ ਵਾਅਦੇ ਮੁਤਾਬਕ ਅਕਾਲੀ ਦਲ ਨੇ 24 ਜਨਵਰੀ 1960 ਨੂੰ ਪੰਜਾਬੀ ਸੂਬੇ ਮੋਰਚੇ ਦਾ ਐਲਾਨ ਕਰ ਦਿੱਤਾ। ਇਸ ਮੋਰਚੇ ਦੌਰਾਨ ਹਜ਼ਾਰਾਂ ਲੋਕ ਜੇਲ੍ਹ ਗਏ, ਪੁਲਿਸ਼ ਤਸ਼ੱਦਦ ਝੱਲੇ ਪਰ ਸੰਘਰਸ਼ ਹੋਰ ਤਿੱਖਾ ਹੁੰਦਾ ਰਿਹਾ। ਅਕਾਲ ਤਖ਼ਤ ਸਾਹਿਬ ਤੋਂ ਅਕਾਲੀ ਵਰਕਰਾਂ ਦੇ ਜਥੇ ਹਰ ਰੋਜ਼ ਗ੍ਰਿਫ਼ਤਾਰੀਆਂ ਦੇਣ ਜਾਂਦੇ ਰਹੇ।

ਲੰਬੀ ਜੱਦੋ ਜਹਿਦ ਅਤੇ ਅਥਾਹ ਕੁਰਬਾਨੀਆਂ ਤੋਂ ਬਾਅਦ 1966 ਵਿੱਚ ਪੰਜਾਬ ਸੂਬਾ ਬਣਾ ਦਿੱਤਾ ਗਿਆ। 10 ਅਗਸਤ 1966 ਨੂੰ ਲੋਕ ਸਭਾ ਨੇ ਪੰਜਾਬ ਪੁਨਰ ਗਠਨ ਐਕਟ ਪਾਸ ਕੀਤਾ। ਮੌਜੂਦਾ ਪੰਜਾਬ ਜਾਂ ਨਵਾਂ ਪੰਜਾਬ ਪਹਿਲੀ ਨਵੰਬਰ 1966 ਨੂੰ ਹੋਂਦ ਵਿੱਚ ਆਇਆ।

28-29 ਅਕਤੂਬਰ 1978 ਨੂੰ ਲੁਧਿਆਣਾ ਵਿੱਚ ਹੋਈ ਸਰਬ ਹਿੰਦ ਅਕਾਲੀ ਕਾਨਫਰੰਸ ਦੌਰਾਨ, ਤਤਕਾਲੀ ਕੇਂਦਰੀ ਸੱਤਾਧਾਰੀ ਜਨਤਾ ਪਾਰਟੀ ਦੇ ਪ੍ਰਧਾਨ ਚੰਦਰ ਸ਼ੇਖ਼ਰ ਦੀ ਹਾਜ਼ਰੀ ਵਿੱਚ ਆਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਗਿਆ। ਆਨੰਦਪੁਰ ਸਾਹਿਬ ਦੇ ਮਤੇ ਕਾਰਨ ਅਕਾਲੀਆਂ ਤੇ ਸਿੱਖਾਂ ਉੱਤੇ ”ਵੱਖਵਾਦੀ” ਹੋਣ ਦਾ ਠੱਪਾ ਲਾਇਆ ਗਿਆ।

ਆਪਰੇਸ਼ਨ ਬਲੂ ਸਟਾਰ ਤੋਂ ਬਾਅਦ 1985 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਸੱਤਾ ਵਿੱਚ ਆਇਆ। ਪਰ ਇਹ ਸਰਕਾਰ ਦੋ ਕੂ ਸਾਲ ਚੱਲੀ, ਮੁੜ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ। 1992 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੇ ਬਾਈਕਾਟ ਕਰ ਦਿੱਤਾ ਅਤੇ ਕਾਂਗਰਸ ਦੇ ਵਿਧਾਇਕ ਬਹੁਤ ਘੱਟ ਵੋਟਾਂ ਲੈ ਕੇ ਵੀ ਜਿੱਤ ਗਏ।

1997 ਦੀਆਂ ਚੋਣਾਂ ਵਿੱਚ ਅਕਾਲੀ ਦਲ ਜਿੱਤ ਗਿਆ ਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣ ਗਏ। 2007 ਦੀਆਂ ਚੋਣਾਂ ਵਿੱਚ ਅਕਾਲੀ ਦਲ ਜਿੱਤ ਗਿਆ ਅਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣ ਗਏ। ਜਨਵਰੀ 2008 ਵਿਚ ਅਕਾਲੀ ਦਲ ਦੀ ਪ੍ਰਧਾਨਗੀ ਬਾਦਲ ਨੇ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੀ।

ਸ਼੍ਰੋਮਣੀ ਅਕਾਲੀ ਦਲ ਦੀ ਸ਼ੁਰੂਆਤ ਇੱਕ ਪੰਥਕ ਪਾਰਟੀ ਵਜੋਂ ਹੋਈ ਸੀ। ਆਜ਼ਾਦੀ ਤੋਂ ਬਾਅਦ ਜਦੋਂ ਪੰਜਾਬੀ ਸੂਬੇ ਮੋਰਚੇ ਦੀ ਮੰਗ ਨੇ ਜ਼ੋਰ ਫੜ੍ਹਿਆ ਤਾਂ ਅਕਾਲੀ ਦਲ ਨੇ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੇ ਮੁੱਦੇ ਨੂੰ ਆਪਣਾ ਕੋਰ ਏਜੰਡਾ ਬਣਾ ਕੇ ਸਿਆਸਤ ਕਰਨੀ ਸ਼ੁਰੂ ਕੀਤੀ। ਇਹੀ ਅਧਾਰ ਅਕਾਲੀ ਦਲ ਨੂੰ ਕਾਂਗਰਸ ਤੋਂ ਦੂਰ ਅਤੇ ਗੈਰ-ਕਾਂਗਰਸੀ ਦੇ ਨੇੜੇ ਲੈ ਗਿਆ। ਭਾਜਪਾ ਦਾ ਪੱਲਾ ਛੱਡਦਿਆਂ ਹੀ ਅਕਾਲੀ ਦਲ ਨੇ ਸੱਤਾ ਲਈ ਬਸਪਾ ਨਾਲ ਸਾਂਝ ਪਾ ਲਈ ਹੈ। ਅਕਾਲੀ ਦਲ ਨੇ 25 ਸਾਲ ਬਾਅਦ ਇੱਕ ਵਾਰ ਫੇਰ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਕੀਤਾ ਹੈ।