ਉੱਤਰੀ ਭਾਰਤ ਵਿੱਚ ਠੰਢ ਦਾ ਮੌਸਮ ਦਸਤਕ ਦੇ ਚੁੱਕਾ ਹੈ ਤੇ ਨਵੰਬਰ ਮਹੀਨਾ ਆਪਣੇ ਆਖਰੀ ਪੜਾਅ ‘ਤੇ ਹੈ। ਪਹਾੜਾਂ ‘ਤੇ ਬਰਫ਼ਬਾਰੀ ਤੋਂ ਬਾਅਦ ਮੈਦਾਨੀ ਇਲਾਕਿਆਂ ‘ਚ ਵੀ ਠੰਢ ਵਧਣੀ ਸ਼ੁਰੂ ਹੋ ਗਈ ਹੈ। ਸਾਰੇ ਉੱਤਰੀ ਖਿਤੇ ‘ਚ ਸਵੇਰੇ-ਸ਼ਾਮ ਠੰਡ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਚਾਰ ਦਿਨਾਂ ‘ਚ ਮੌਸਮ ‘ਚ ਬਦਲਾਅ ਹੋ ਸਕਦਾ ਹੈ। ਇਨ੍ਹਾਂ ਦਿਨਾਂ ‘ਚ ਤਾਪਮਾਨ 3 ਡਿਗਰੀ ਤੱਕ ਪਹੁੰਚ ਸਕਦਾ ਹੈ। ਇਸ ਕਾਰਨ ਇਹਨਾਂ ਇਲਾਕਿਆਂ ‘ਚ ਠੰਢ ਤੇਜ਼ੀ ਨਾਲ ਵਧੇਗੀ।

ਪਹਾੜੀ ਇਲਾਕਿਆਂ ‘ਚ ਚੱਲ ਰਹੀਆਂ ਠੰਡੀਆਂ ਹਵਾਵਾਂ ਕਾਰਨ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਦਿੱਲੀ ਸਮੇਤ ਕਈ ਸੂਬਿਆਂ ‘ਚ ਠੰਡ ਵਧ ਗਈ ਹੈ ਅਤੇ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ ਹੈ।

ਸਰਦ ਰੁੱਤ ਵਿੱਚ ਇਸ ਦੌਰਾਨ ਕਈ ਸਿਹਤ ਸਮੱਸਿਆਵਾਂ ਵੀ ਜਨਮ ਲੈਂਦੀਆਂ ਹਨ।ਮੌਸਮ ਬਦਲਦਾ ਹੈ ਤਾਂ ਸਰਦੀ-ਜ਼ੁਕਾਮ ਤਾਂ ਹੁੰਦਾ ਹੀ ਹੈ,ਸਗੋਂ ਮਾਸਪੇਸ਼ੀਆਂ, ਹੱਡੀਆਂ ਅਤੇ ਜੋੜਾਂ ਦੇ ਦਰਦ ਦੀ ਸਮੱਸਿਆਵਾਂ ਵੀ ਅਚਾਨਕ ਵਧ ਜਾਂਦੀਆਂ ਹਨ। ਖਾਸ ਕਰਕੇ ਜਦੋਂ ਦਸੰਬਰ ਅਤੇ ਜਨਵਰੀ ਵਿੱਚ ਕੜਾਕੇ ਦੀ ਠੰਡ ਨਾਲ ਸਾਰਾ ਉੱਤਰ ਭਾਰਤ ਕੰਬ ਰਿਹਾ ਹੁੰਦਾ ਹੈ।

ਆਮ ਤੌਰ ‘ਤੇ ਮੰਨਿਆਂ ਜੌੜਾਂ ਦੇ ਦਰਦ ਦੀ ਸਮੱਸਿਆ ਨੂੰ ਬੁਢਾਪੇ ਨਾਲ ਜੋੜਿਆ ਗਿਆ ਹੈ ਪਰ ਬਦਲਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਨੇ ਆਮ ਇਨਸਾਨ ਜਿੰਦਗੀ ਤੇ ਅਜਿਹਾ ਪ੍ਰਭਾਵ ਪਾਇਆ ਹੈ ਕਿ ਨੌਜਵਾਨ ਵੀ ਇਸ ਸਮੱਸਿਆ ਦੀ ਸ਼ਿਕਾਇਤ ਕਰਦੇ ਹੋਏ ਆਮ ਦੇਖੇ ਜਾ ਸਕਦੇ ਹਨ।

ਇਹ ਸਮੱਸਿਆ ਦਾ ਮੁੱਖ ਕਾਰਨ ਲਾਪਰਵਾਹੀ ਨੂੰ ਮੰਨਿਆ ਜਾ ਸਕਦਾ ਹੈ। ਠੰਡ ਵਿੱਚ ਆਪਣੇ ਸਰੀਰ ਅਤੇ ਜੋੜਾਂ ਨੂੰ ਗਰਮ ਕੱਪੜਿਆਂ ਨਾਲ ਢੱਕ ਕੇ ਨਾ ਰੱਖਣ ਕਰਕੇ ਜੋੜਾਂ ਦੇ ਨਰਮ ਟਿਸ਼ੂਆਂ ਦੇ ਅੰਦਰ ਸੋਜ ਵੱਧ ਜਾਂਦੀ ਹੈ। ਇਹ ਸੋਜ ਜੋੜਾਂ ਦੇ ਆਲੇ ਦੁਆਲੇ ਦੇ ਨਰਮ ਟਿਸ਼ੂ ਵਿੱਚ ਹੋਣ ਲੱਗਦੀ ਹੈ। ਇਸ ਤੋਂ ਇਲਾਵਾ ਠੰਡ ਦੇ ਦੌਰਾਨ ਤਾਪਮਾਨ ਘੱਟ ਹੋਣ ‘ਤੇ ਖੂਨ ਦੀਆਂ ਧਮਨੀਆਂ ਸੁੰਗੜ ਜਾਂਦੀਆਂ ਹਨ। ਜਿਸ ਕਾਰਨ ਖੂਨ ਦਾ ਵਹਾਅ ਸਾਧਾਰਨ ਤਰੀਕੇ ਨਾਲ ਨਹੀਂ ਹੁੰਦਾ ਤੇ ਸਰੀਰ ਦੇ ਵੱਖ-ਵੱਖ ਹਿੱਸਿਆਂ ਤੱਕ ਖੂਨ, ਪਾਣੀ ਅਤੇ ਆਕਸੀਜਨ ਸਹੀ ਮਾਤਰਾ ਵਿੱਚ ਨਹੀਂ ਪਹੁੰਚਦੇ।

ਇਹ ਸਰੀਰ ਦੀਆਂ ਨਸਾਂ ਵਿੱਚ ਤਣਾਅ ਦਾ ਕਾਰਨ ਬਣਦਾ ਹੈ ਤੇ ਜੋੜਾਂ ਵਿੱਚ ਅਕੜਾਅ ਨਾਲ ਦਰਦ ਮਹਿਸੂਸ ਹੁੰਦਾ ਹੈ। ਅਜਿਹੇ ‘ਚ ਸਰਦੀਆਂ ਸ਼ੁਰੂ ਹੁੰਦੇ ਹੀ ਚੰਗੇ ਗਰਮ ਕੱਪੜੇ ਪਾਉਣੇ ਜ਼ਰੂਰੀ ਹੋ ਜਾਂਦੇ ਹਨ।

ਇਸ ਤੋਂ ਇਲਾਵਾ ਸਰਦੀਆਂ ਵਿੱਚ ਇੱਕ ਹੋਰ ਲਾਪਰਵਾਹੀ ਕਾਰਨ ਵੀ ਅਸੀਂ ਸਿਹਤ ਵਿੱਚ ਖਰਾਬੀ ਦਾ ਸਾਹਮਣਾ ਕਰਦੇ ਹਾਂ। ਅਸੀਂ ਅਕਸਰ ਸਿਆਲਾਂ ਵਿੱਚ ਪਾਣੀ ਘੱਟ ਪੀਂਦੇ ਹਾਂ,ਜਿਸ ਕਾਰਨ ਸ਼ਰੀਰ ਦੀਆਂ ਕਈ ਕ੍ਰਿਆਵਾਂ ਪ੍ਰਭਾਵਿਤ ਹੁੰਦੀਆਂ ਹਨ। ਪਾਣੀ ਹਰ ਮੌਸਮ ਵਿੱਚ ਸਰੀਰ ਲਈ ਬਹੁਤ ਲੋੜੀਂਦਾ ਹੈ ਤੇ ਇਸ ਲਈ ਸਰਦੀਆਂ ਵਿੱਚ ਵੀ ਵੱਧ ਤੋਂ ਵੱਧ ਪਾਣੀ ਪੀਉ ਤਾਂ ਜੋ ਸਾਡਾ ਸ਼ਰੀਰ ਵਧੀਆ ਤਰੀਕੇ ਨਾਲ ਕੰਮ ਕਰ ਸਕੇ।