‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਅਮਰੀਕਾ ਦੇ ਨਾਰਥ ਕੈਰੋਲਿਨਾ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮ੍ਰਿਤਕ ਇਨਸਾਨ ਮੁੜ ਜਿੰਦਾ ਹੋ ਗਿਆ। ਦਰਅਸਲ, ਇੱਕ ਵਿਅਕਤੀ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ। ਡੋਨੇਸ਼ਨ ਦੇ ਲਈ ਉਨ੍ਹਾਂ ਦੇ ਸਰੀਰ ਦੇ ਅੰਗ ਕੱਢਣ ਦਾ ਕੰਮ ਸ਼ੁਰੂ ਹੋਣ ਹੀ ਵਾਲਾ ਸੀ ਕਿ ਮ੍ਰਿਤਕ ਵਿਅਕਤੀ ਨੇ ਅਚਾਨਕ ਪੈਰ ਹਿਲਾਇਆ। ਇਸ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਉਹ ਗਹਿਰੇ ਕੋਮਾ ਵਿੱਚ ਹੈ ਅਤੇ ਉਸਦੀ ਮੌਤ ਨਹੀਂ ਹੋਈ ਹੈ। ਹੁਣ ਵੀ ਉਕਤ ਵਿਅਕਤੀ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਹੈ।

ਉਕਤ ਵਿਅਕਤੀ ਰਿਆਨ ਮਾਰਲੋ ਤਿੰਨ ਬੱਚਿਆਂ ਦਾ ਪਿਤਾ ਹੈ, ਜਿਨ੍ਹਾਂ ਨੂੰ ਪਿਛਲੇ ਮਹੀਨੇ ਐਮਰਜੈਂਸੀ ਡਿਪਾਰਟਮੈਂਟ ਵਿੱਚ ਭਰਤੀ ਕਰਵਾਇਆ ਗਿਆ ਸੀ। ਉਹ ਲਿਸਟੀਰੀਆ (Listeria) ਤੋਂ ਪੀੜਤ ਸਨ। ਬਾਅਦ ਵਿੱਚ ਰਿਆਨ ਦਾ ਦਿਮਾਗ ਸੁੱਜ ਗਿਆ ਅਤੇ ਉਹ ਕੋਮਾ ਵਿੱਚ ਚਲੇ ਗਏ ਸਨ। ਇਸ ਤੋਂ ਬਾਅਦ 27 ਅਗਸਤ ਨੂੰ ਡਾਕਟਰਾਂ ਨੇ ਉਨ੍ਹਾਂ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ। ਨਾਰਥ ਕੈਰੋਲਿਨਾ ਦੇ ਕਾਨੂੰਨ ਮੁਤਾਬਕ ਜੇ ਕਿਸੇ ਇਨਸਾਨ ਦਾ ਦਿਮਾਗ ਕੰਮ ਕਰਨਾ ਬੰਦ ਕਰ ਦੇਵੇ ਤਾਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ।

ਰਿਆਨ ਦੀ ਪਤਨੀ ਮੇਘਨ ਨੇ ਕਿਹਾ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਉਸਦੇ ਪਤੀ ਦੀ ਮੌਤ ਦੀ ਖ਼ਬਰ ਸੁਣਾਈ ਕਿ ਉਨ੍ਹਾਂ ਦੀ ਨਿਊਰੋਲਾਜੀਕਲ ਮੌਤ ਹੋ ਗਈ ਹੈ। ਉਨ੍ਹਾਂ ਨੇ ਫਾਰਮ ਉੱਤੇ ਮੌਤ ਦਾ ਸਮਾਂ ਵੀ ਲਿਖ ਦਿੱਤਾ ਸੀ। ਫਿਰ ਮੈਂ ਡਾਕਟਰਾਂ ਨੂੰ ਦੱਸਿਆ ਕਿ ਮੇਰੇ ਪਤੀ ਆਰਗਨ ਡੋਨਰ ਹਨ। ਡਾਕਟਰਾਂ ਨੇ ਆਰਗਨ ਡੋਨਰ ਦਾ ਪ੍ਰੋਸੈਸ ਵੀ ਸ਼ੁਰੂ ਕਰ ਦਿੱਤਾ ਸੀ।

ਜਦੋਂ ਡਾਕਟਰਾਂ ਨੂੰ ਲੱਗਾ ਮੌ ਤ ਦਾ ਭੁਲੇਖਾ

ਮੇਘਨ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਘਰ ਚਲੀ ਗਈ ਸੀ। ਮੇਘਨ ਨੇ ਦਾਅਵਾ ਕੀਤਾ ਕਿ ਦੋ ਦਿਨ ਬਾਅਦ ਡਾਕਟਰਾਂ ਨੇ ਉਸ ਨੂੰ ਇਹ ਦੱਸਣ ਲਈ ਬੁਲਾਇਆ ਕਿ ਰਿਆਨ ਟ੍ਰੋਮੈਟਿਕ ਬ੍ਰੇਨ ਡੈਮੇਜ ਨਾਲ ਗ੍ਰਸਤ ਸੀ। ਇਸ ਲਈ ਡਾਕਟਰਾਂ ਨੇ ਉਨ੍ਹਾਂ ਦੀ ਮੌਤ ਦਾ ਸਮਾਂ 27 ਅਗਸਤ ਤੋਂ 30 ਅਗਸਤ ਕਰ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਤੋਂ ਗਲਤੀ ਹੋ ਗਈ ਸੀ, ਰਿਆਨ ਦੀ ਮੌਤ ਨਹੀਂ ਹੋਈ ਸੀ। ਉਨ੍ਹਾਂ ਦੀ ਨਿਊਰੋਲੋਜੀਕਲ ਡੈੱਥ ਨਹੀਂ ਹੋਈ ਸੀ, ਜਿਸ ਤੋਂ ਗੁੱਸੇ ਵਿੱਚ ਆ ਕੇ ਮੇਘਨ ਨੇ ਕਿਹਾ ਕਿ ਇਸਦਾ ਕੀ ਮਤਲਬ ਹੋਇਆ ?

ਮੇਘਨ ਨੇ ਕਿਹਾ ਕਿ ਅਗਲੀ ਸਵੇਰ ਰਿਆਨ ਨੂੰ ਲਾਈਫ ਸੁਪੋਰਟ ਤੋਂ ਹਟਾ ਕੇ ਉਨ੍ਹਾਂ ਦੇ ਅੰਗ ਕੱਢੇ ਜਾਣੇ ਸਨ। ਪਰ ਡਾਕਟਰਾਂ ਦੀ ਸਰਜਰੀ ਤੋਂ ਪਹਿਲਾਂ ਰਿਆਨ ਦੇ ਕੋਲ ਮੇਘਨ ਦਾ ਭਤੀਜਾ ਗਿਆ। ਉਹ ਉੱਥੇ ਰਿਆਨ ਦਾ ਬੱਚਿਆਂ ਦੇ ਨਾਲ ਖੇਡਦੇ ਹੋਏ ਦਾ ਵੀਡੀਓ ਚਲਾਉਣ ਲੱਗ ਪਏ ਜਿਸ ਤੋਂ ਬਾਅਦ ਰਿਆਨ ਨੇ ਆਪਣਾ ਪੈਰ ਹਿਲਾਉਣਾ ਸ਼ੁਰੂ ਕਰ ਦਿੱਤਾ। ਮੈਂ ਰੌਣ ਲੱਗ ਪਈ, ਖੁਦ ਨੂੰ ਝੂਠੀ ਉਮੀਦ ਨਹੀਂ ਦੇਣਾ ਚਾਹੁੰਦੀ ਸੀ, ਮੈਨੂੰ ਪਤਾ ਸੀ ਕਿ ਬ੍ਰੇਨ ਡੈੱਡ ਦੀ ਕੰਡੀਸ਼ਨ ਵਿੱਚ ਇਸ ਤਰ੍ਹਾਂ ਹੋ ਸਕਦਾ ਹੈ।

ਜਦੋਂ ਰਿਆਨ ਦੇ ਦਿਲ ਦੀ ਧੜਕਣ ਵਧਣੀ ਸ਼ੁਰੂ ਹੋਈ

ਮੇਘਨ ਨੇ ਦੱਸਿਆ ਕਿ ਉਹ ਰਿਆਨ ਨੂੰ ਮਿਲਣ ਦੇ ਲਈ ਰੂਮ ਵਿੱਚ ਗਈ। ਮੈਂ ਉਸਨੂੰ ਸਾਰਾ ਕੁਝ ਕਹਿ ਦਿੱਤਾ ਜੋ ਕੁਝ ਮੈਂ ਉਸ ਨੂੰ ਜਾਣ ਤੋਂ ਪਹਿਲਾਂ ਕਹਿਣਾ ਚਾਹੁੰਦੀ ਸੀ। ਮੇਘਨ ਨੇ ਕਿਹਾ ਕਿ ਮੈਂ ਰਿਆਨ ਦਾ ਹੱਥ ਫੜਿਆ, ਉਸ ਨਾਲ ਗੱਲ ਕੀਤੀ ਤਾਂ ਰਿਆਨ ਦੇ ਦਿਲ ਦੀ ਧੜਕਣ ਵੱਧ ਗਈ। ਹੁਣ ਡਾਕਟਰਾਂ ਨੇ ਦੱਸਿਆ ਕਿ ਉਹ ਬ੍ਰੇਨ ਡੈੱਡ ਨਹੀਂ ਹੈ, ਕੋਮਾ ਵਿੱਚ ਹੈ। ਮੇਘਨ ਨੇ ਕਿਹਾ ਕਿ ਮੇਰੇ ਪਤੀ ਬਹੁਤ ਕ੍ਰਿਟੀਕਲ ਹਨ। ਉਹ ਹੁਣ ਵੀ ਰਿਸਪਾਂਡ ਨਹੀਂ ਕਰ ਰਹੇ ਹਨ। ਉਨ੍ਹਾਂ ਨੇ ਹੁਣ ਤੱਕ ਆਪਣੀਆਂ ਅੱਖਾਂ ਨਹੀਂ ਖੋਲੀਆਂ ਹਨ।