‘ਦ ਖ਼ਾਲਸ ਬਿਊਰੋ:- ਹਾਂਗ-ਕਾਂਗ ਨੇ ਦਿੱਲੀ ਤੋਂ ਹਾਂਗ-ਕਾਂਗ ਆਉਣ ਵਾਲੀਆਂ ਏਅਰ ਇੰਡੀਆ ਦੀਆਂ ਉਡਾਣਾਂ ਨੂੰ ਦੋ ਹਫ਼ਤਿਆਂ ਲਈ ਮੁਅੱਤਲ ਕਰ ਦਿੱਤਾ ਹੈ। ਹਾਂਗ-ਕਾਂਗ ਤੋਂ ਦਿੱਲੀ ਲਈ ਉਡਾਣਾਂ ਵੀ ਵਾਪਸ ਨਹੀਂ ਪਰਤੀਆਂ। 14 ਅਗਸਤ ਨੂੰ ਏਅਰ ਇੰਡੀਆ ਦੇ ਜਹਾਜ਼ ਨੇ ਦਿੱਲੀ ਤੋਂ ਹਾਂਗ-ਕਾਂਗ ਲਈ ਉਡਾਣ ਭਰੀ ਸੀ ਜਿਸ ਵਿੱਚ 11 ਕੋਰੋਨਾ ਪ੍ਰਭਾਵਿਤ ਮਾਮਲੇ ਸਾਹਮਣੇ ਆਏ ਸੀ। ਚੀਨੀ ਸਰਕਾਰ ਨੇ ਕੋਰੋਨਾ ਦੇ ਇੰਨੇ ਕੇਸ ਪਾਏ ਜਾਣ ਤੋਂ ਬਾਅਦ ਏਅਰ ਇੰਡੀਆ ਦੀਆਂ ਦਿੱਲੀ ਤੋਂ ਹਾਂਗ-ਕਾਂਗ ਲਈ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਹੈ।
ਚੀਨੀ ਸਰਕਾਰ ਦੀ ਇਸ ਪਾਬੰਦੀ ਨਾਲ ਭਾਰਤ ਵਿੱਚ ਫਸੇ ਹਜ਼ਾਰਾਂ ਹਾਂਗ-ਕਾਂਗ ਦੇ ਯਾਤਰੀਆਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਅਰ ਇੰਡੀਆ ਨੇ ਟਵੀਟ ਕਰਕੇ ਕਿਹਾ ਕਿ “ਹਾਂਗ-ਕਾਂਗ ਦੇ ਅਧਿਕਾਰੀਆਂ ਵੱਲੋਂ ਲਗਾਈਆਂ ਪਾਬੰਦੀਆਂ ਦੇ ਕਾਰਨ ਦਿੱਲੀ ਤੋਂ ਹਾਂਗ ਕਾਂਗ ਦੀ ਉਡਾਣ ਟਾਲ ਦਿੱਤੀ ਗਈ ਹੈ। ਇਸ ਸਬੰਧ ਵਿੱਚ ਅਗਲੇ ਅਪਡੇਟ ਬਾਰੇ ਜਲਦ ਹੀ ਦੱਸਿਆ ਜਾਵੇਗਾ। ਯਾਤਰੀ ਸਹਾਇਤਾ ਲਈ ਏਅਰ ਇੰਡੀਆ ਕਸਟਮਰ ਕੇਅਰ ਨਾਲ ਸੰਪਰਕ ਕਰ ਸਕਦੇ ਹਨ” ।