‘ਦ ਖ਼ਾਲਸ ਬਿਊਰੋ :- ਦੇਸ਼ ਦੀ ਰਾਜਧਾਨ ਦਿੱਲੀ ਦੀ ਸਰਹੱਦ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਿਸਾਨ ਅੰਦੋਲਨ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਦੀ ਤੋਮਰ, ਰਾਜਨਾਥ ਸਿੰਘ ਅਤੇ ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਨਾਲ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਸੁਲਝਾਉਣ ਬਾਰੇ ਚਰਚਾ ਕੀਤੀ ਗਈ। ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਕਿਸਾਨਾਂ ਦੇ ਸਾਹਮਣੇ ਬਿਨਾਂ ਸ਼ਰਤ ਗੱਲਬਾਤ ਦੀ ਨਵੀਂ ਪੇਸ਼ਕਸ਼ ਰੱਖ ਸਕਦੀ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨਾਂ ਸਾਹਮਣੇ ਸ਼ਰਤ ਰੱਖੀ ਸੀ ਕਿ ਜੇਕਰ ਕਿਸਾਨ ਬੁਰਾੜੀ ਨਿਰੰਕਾਰੀ ਗਰਾਊਂਡ ਵਿੱਚ ਆਪਣਾ ਅੰਦੋਲਨ ਸ਼ਿਫਟ ਕਰ ਲੈਂਦੇ ਹਨ, ਤਾਂ ਉਹ 3 ਦਸੰਬਰ ਦਾ ਇੰਤਜ਼ਾਰ ਕਰਨ ਦੀ ਥਾਂ ਅਗਲੇ ਦਿਨ ਹੀ ਗੱਲਬਾਤ ਲਈ ਕਿਸਾਨਾਂ ਨੂੰ ਬੁਲਾ ਲੈਣਗੇ ਪਰ ਕਿਸਾਨਾਂ ਨੇ ਮੀਟਿੰਗ ਤੋਂ ਪਹਿਲਾਂ ਗ੍ਰਹਿ ਮੰਤਰੀ ਦੀ ਇਸ ਸ਼ਰਤ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਅਤੇ ਕੇਂਦਰ ਸਾਹਮਣੇ ਕਈ ਸ਼ਰਤਾਂ ਰੱਖ ਦਿੱਤੀਆਂ ਸਨ।