ਚੰਡੀਗੜ੍ਹ : ਪੰਜਾਬ ਦੇ ਗ੍ਰਹਿ ਵਿਭਾਗ ਨੇ ਪੁਲਿਸ ਅਤੇ ਡਰੱਗ ਮਾਫਿਆ ਦੇ ਨੈਕਸਸ ਨੂੰ ਤੋੜਨ ਦੇ ਲਈ ਵੱਡਾ ਫੈਸਲਾ ਲਿਆ ਹੈ। ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਖਿਲਾਫ ਸ਼ਿਕੰਜਾ ਕਸ ਦਿੱਤਾ ਗਿਆ ਹੈ। ਉਸ ਦੀ ਪੂਰੀ ਸਰਵਿਸ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ। ਖਾਸ ਤੌਰ ‘ਤੇ ਇੰਦਰਜੀਤ ਸਿੰਘ ਖਿਲਾਫ 14 ਵਿਭਾਗਾਂ ਦੀ ਜਾਂਚ ਵਿੱਚ ਕਲੀਨ ਚਿੱਟ ਦੇਣ ਵਾਲੇ ਅਧਿਕਾਰੀਆਂ ਦੇ ਨਾਂ ਮੰਗੇ ਗਏ ਹਨ । ਡਰੱਗ ‘ਤੇ ਬਣੀ STF ਦੇ ਸਾਬਕਾ ਚੀਫ ਹਰਪ੍ਰੀਤ ਸਿੰਘ ਸਿੱਧੂ ਨੇ ਇੰਸਪੈਕਟਰ ਇੰਦਰਜੀਤ ਸਿੰਘ ਦੇ ਡਰੱਗ ਸਮੱਗਲਰਾਂ ਦੇ ਨਾਲ ਲਿੰਕ ਦਾ ਖੁਲਾਸਾ ਕੀਤਾ ਸੀ। ਇਸ ਤੋਂ ਬਾਅਦ ਹਾਈਕੋਰਟ ਵੱਲੋਂ SIT ਦਾ ਗਠਨ ਕੀਤਾ ਗਿਆ ਸੀ ਜਿਸ ਦੀ ਰਿਪੋਰਟ ਖੁੱਲਣ ਤੋਂ ਬਾਅਦ ਮੋਗਾ ਦੇ ਸਾਬਕਾ SSP ਰਾਜਜੀਤ ਸਿੰਘ ਅਤੇ ਇੰਸਪੈਕਟਰ ਇੰਦਰਜੀਤ ਦੇ ਰਿਸ਼ਤਿਆਂ ਦਾ ਖੁਲਾਸਾ ਹੋਇਆ ਸੀ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਮਾਨ ਸਰਕਾਰ ਨੇ ਬਰਖਾਸਤ ਕੀਤਾ ਹੈ।
ਹੁਣ ਤੱਕ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੇ 14 ਮਹੀਨੇ ਦੇ ਕਾਰਜਕਾਲ ਦੀ ਜਾਂਚ ਹੋਈ ਸੀ ਪਰ ਹੁਣ ਪੂਰੇ ਕਾਰਜਕਾਲ ਦੀ ਜਾਂਚ ਕੀਤੀ ਜਾਏਗੀ। ਇੰਦਰਜੀਤ ਸਿੰਘ 1986 ਵਿੱਚ ਇੱਕ ਕਾਂਸਟੇਬਲ ਦੇ ਰੂਪ ਵਿੱਚ ਪੰਜਾਬ ਪੁਲਿਸ ਵਿੱਚ ਸ਼ਾਮਲ ਹੋਇਆ ਸੀ। ਵਿਵਾਦਾਂ ਵਿੱਚ ਰਹਿਣ ਦੇ ਬਾਵਜੂਦ ਆਖਿਰ ਉਸ ਨੂੰ ਕਿਵੇਂ ਵਾਰ-ਵਾਰ ਤਰਕੀ ਦਿੱਤੀ ਜਾ ਰਹੀ ਸੀ, ਹੁਣ ਇਸ ਦੀ ਜਾਂਚ ਕੀਤੀ ਜਾਵੇਗੀ ।
ਗ੍ਰਹਿ ਵਿਭਾਗ ਨੇ ਪਿਛਲੀ ਰਿਪੋਰਟ ਨੂੰ ਅਧੂਰਾ ਦੱਸਿਆ
ਪੰਜਾਬ ਦੇ ਗ੍ਰਹਿ ਵਿਭਾਗ ਨੇ ਮੁੱਖ ਮੰਤਰੀ ਨੂੰ ਪੁਲਿਸ ਵੱਲੋਂ ਸੌਂਪੀ ਗਈ ਹਾਲ ਦੀ ਜਾਂਚ ਰਿਪੋਰਟ ਨੂੰ ਅਧੂਰਾ ਦੱਸਿਆ ਸੀ ਅਤੇ ਕਿਹਾ ਸੀ ਕਿ ਇੰਦਰਜੀਤ ਸਿੰਘ ਦੀ ਪੂਰੀ ਸਰਵਿਸ ਸਮੇਂ ਦੀ ਜਾਂਚ ਹੋਣੀ ਚਾਹੀਦੀ ਹੈ। ਕਿਵੇਂ ਉਸ ਨੂੰ ਤਰਕੀ ਦਿੱਤੀ ਗਈ ਅਤੇ ਮੈਡਲ ਦਿੱਤੇ ਗਏ ਜਦਕਿ ਉਹ ਡਰੱਗ ਸਮੱਗਲਰਾਂ ਤੋਂ ਪੈਸਾ ਲੈ ਰਿਹਾ ਸੀ। DGP ਨੂੰ ਗ੍ਰਹਿ ਵਿਭਾਗ ਨੇ ਪੱਤਰ ਲਿਖ ਕੇ ਕਿਹਾ ਹੈ ਕਿ ਤੁਹਾਡੇ ਵੱਲੋਂ ਭੇਜੀ ਗਈ ਰਿਪੋਰਟ ਵਿੱਚ ਜਾਣਕਾਰੀ ਪੂਰੀ ਨਹੀਂ ਹੈ ਇਸ ਲਈ ਲਈ ਪੱਤਰ ਵਿੱਚ ਲਿਖੀ ਗਈ ਜਾਣਕਾਰੀ ਫੌਰਨ ਭੇਜੀ ਜਾਵੇਂ। ਉਨ੍ਹਾਂ ਅਧਿਕਾਰੀਆਂ ਦੇ ਨਾਂ ਭੇਜੇ ਜਾਣ ਜਿੰਨਾਂ ਨੇ ਇੰਦਰਜੀਤ ਸਿੰਘ ਨੂੰ ਤਰਨਤਾਰਨ ਤੋਂ ਹੁਸ਼ਿਆਰਪੁਰ ਟਰਾਂਸਫਰ ਨੂੰ ਮਨਜ਼ੂਰੀ ਦਿੱਤੀ ਸੀ । ਜਦੋਂ ਤਬਾਦਲਾ ਹੋਇਆ ਤਾਂ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਦੇ ਮੁੱਖੀ SSP ਰਾਜਜੀਤ ਸਿੰਘ ਹੀ ਸੀ ।
ਗ੍ਰਹਿ ਮੰਤਰਾਲੇ ਨੇ ਇੰਦਰਜੀਤ ਸਿੰਘ ਨੂੰ ਡਬਲ ਪ੍ਰਮੋਸ਼ਨ ਦੇਣ ਦਾ ਬਿਊਰਾ ਵੀ ਮੰਗਿਆ ਹੈ, ਉਸ ਨੂੰ ਆਉਟ ਆਫ ਟਰਨ ਕਿਵੇਂ ਪ੍ਰਮੋਸ਼ਨ ਦਿੱਤੀ ਗਈ। ਗੰਭੀਰ ਇਲਜ਼ਾਮਾਂ ਦੇ ਬਾਵਜੂਦ ਉਸ ਨੂੰ ਕਿਵੇਂ ਵਿਭਾਗਾਂ ਵੱਲੋਂ ਬਿਨਾਂ ਕਾਰਵਾਈ ਦੇ ਛੱਡ ਦਿੱਤਾ ਗਿਆ। ਇਸ ਦੇ ਬਾਵਜੂਦ ਉਸ ਨੂੰ CIA ਇੰਸਪੈਕਟਰ ਤਰਨਤਾਰਨ ਲਗਾਇਆ ਗਿਆ । ਗ੍ਰਹਿ ਵਿਭਾਗ ਨੇ ਕਿਹਾ ਹੈ ਕਿ ਸੀਨੀਅਰ ਅਫਸਰਾਂ ਅਤੇ ਡਰੱਗ ਦੇ ਬਣੀ STF ਨੂੰ ਇੰਦਰਜੀਤ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਸੀ।