Punjab

ਸ਼ੌਂਕ ਦਾ ਕੋਈ ਮੁੱਲ ਨਹੀਂ , ਸ਼ਖਸ ਨੇ 15.20 ਲੱਖ ਰੁਪਏ ‘ਚ ਖਰੀਦਿਆ 0001 ਨੰਬਰ

 ਚੰਡੀਗੜ੍ਹ : ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਇਸ ਦੀਆਂ ਮਿਸਾਲਾਂ ਅਕਸਰ ਵੇਖਣ ਨੂੰ ਮਿਲਦੀਆਂ ਹਨ। ਅੱਜ-ਕੱਲ ਲੋਕ ਆਪਣੇ ਸ਼ੌਂਕ ਨੂੰ ਪੂਰੇ ਕਰਨ ਲਈ ਲੱਖਾਂ ਕਰੋੜਾਂ ਰੁਪਏ ਪਾਣੀ ਦੀ ਤਰ੍ਹਾਂ ਵਹਾ ਦਿੰਦੇ ਹਨ। ਅਜਿਹਾ ਹੀ ਮਾਮਲਾ ਚੰਡੀਗੜ੍ਹ ਵਿੱਚ ਵੇਖਣ ਨੂੰ ਮਿਲਿਆ ਜਦੋਂ ਇੱਕ ਸ਼ਖਸ ਨੇ ਵੀਆਈਪੀ ਨੰਬਰ ਲੈਣ ਲਈ 15.20 ਲੱਖ ਰੁਪਏ ਦੀ ਬੋਲੀ ਲਾ ਦਿੱਤੀ। ਵੇਖਿਆ ਜਾਏ ਤਾਂ ਇੰਨੀ ਰਕਮ ਵਿੱਚ ਕੋਈ ਘਰ ਤੱਕ ਬਣਾ ਸਕਦਾ ਹੈ ਪਰ ਜਿਸ ਕੋਲ ਪੈਸਾ ਹੋਏ, ਉਹ ਭਲਾ ਆਪਣੇ ਇਸ ਤਰ੍ਹਾਂ ਦੇ ਸ਼ੌਂਕ ਕਿਉਂ ਨਾ ਪੂਰੇ ਕਰੇ।

ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਰਜਿਸਟਰੇਸ਼ਨ ਤੇ ਲਾਇਸੈਂਸ ਅਥਾਰਟੀ (ਆਰਐਲਏ) ਨੇ ਵਾਹਨਾਂ ਦੀ ਵੀਆਈਪੀ ਨੰਬਰਾਂ ਦੀ ਨਵੀਂ ਸ਼ੁਰੂ ਹੋ ਰਹੀ ਸੀਰੀਜ਼ ਸੀਐਚ01-ਸੀਐਨ ਲਈ ਖੁੱਲ੍ਹੀ ਬੋਲੀ ਲਾਈ ਗਈ। ਇਸ ਬੋਲੀ ਵਿੱਚ ਨਵੀਂ ਸੀਰੀਜ਼ ਦਾ 0001 ਨੰਬਰ 15.20 ਲੱਖ ਰੁਪਏ ਵਿੱਚ ਵਿਕਿਆ ਹੈ ਜਦੋਂਕਿ ਇਸ ਨੰਬਰ ਦੀ ਰਾਖਵੀਂ ਕਿਮਤ 50 ਹਜ਼ਾਰ ਰੁਪਏ ਤੈਅ ਕੀਤੀ ਗਈ। ਆਰਐਲਏ ਨੇ ਨੰਬਰਾਂ ਦੀ ਬੋਲੀ ਨਾਲ ਕੁੱਲ 1.81 ਕਰੋੜ ਰੁਪਏ ਕਮਾਏ ਹਨ।

ਇਸੇ ਤਰ੍ਹਾਂ ਨਵੀਂ ਸੀਰੀਜ਼ ਵਿੱਚ ਦੂਜੇ ਨੰਬਰ ’ਤੇ ਸਭ ਤੋਂ ਉੱਚੀ ਬੋਲੀ 0009 ਦੀ ਦਿੱਤੀ ਗਈ, ਇਹ ਨੰਬਰ 9.96 ਲੱਖ ਰੁਪਏ ਵਿੱਚ ਵਿਕਿਆ ਹੈ ਜਦੋਂ ਕਿ 0007 ਨੰਬਰ 7.91 ਲੱਖ ਰੁਪਏ, 0006 ਨੰਬਰ 6.32 ਲੱਖ ਰੁਪਏ, 0002 ਨੰਬਰ 5.34 ਲੱਖ ਰੁਪਏ, 0005 ਨੰਬਰ 5.05 ਲੱਖ ਰੁਪਏ, 0003 ਨੰਬਰ 3.79 ਲੱਖ ਰੁਪਏ, 0004 ਨੰਬਰ 3.74 ਲੱਖ ਰੁਪਏ, 0008 ਨੰਬਰ 2.79 ਲੱਖ ਰੁਪਏ ਅਤੇ 9999 ਨੰਬਰ 2.62 ਲੱਖ ਰੁਪਏ ਵਿੱਚ ਨਿਲਾਮ ਹੋਇਆ ਹੈ। ਇਹ ਨਿਲਾਮੀ ਸੈਕਟਰ-17 ਵਿੱਚ ਸਥਿਤ ਆਰਐਲਏ ਦੇ ਦਫ਼ਤਰ ਵਿੱਚ ਕੀਤੀ ਗਈ ਹੈ ਜਿੱਥੇ 24 ਤੋਂ 26 ਦਸੰਬਰ ਤੱਕ ਤਿੰਨ ਦਿਨ ਤੈਅ ਕੀਤੇ ਗਏ ਸਨ।

ਆਰਐਲਏ ਦੇ ਅਧਿਕਾਰੀ ਨੇ ਦੱਸਿਆ ਕਿ ਨਵੀਂ ਸੀਰੀਜ਼ ਦੇ ਨਾਲ-ਨਾਲ ਪੁਰਾਣੀ ਸੀਰੀਜ਼ ਸੀਐੱਚ 01-ਸੀਐਮ ਤੇ ਹੋਰ ਕਈ ਪੁਰਾਣੀ ਸੀਰੀਜ਼ਾਂ ਦੇ ਵੀਆਈਪੀ ਨੰਬਰਾਂ ਤੋਂ ਇਲਾਵਾ ਵੀ ਹੋਰ ਨੰਬਰ ਨਿਲਾਮ ਕੀਤੇ ਗਏ। ਗੌਰਤਲਬ ਹੈ ਕਿ ਆਰਐਲਏ ਨੇ ਅਕਤੂਬਰ ਮਹੀਨੇ ਵਿੱਚ ਸੀਐਚ 01-ਸੀਐਮ ਸੀਰੀਜ਼ ਦਾ 0001 ਨੰਬਰ 13.58 ਲੱਖ ਰੁਪਏ ਤੇ 0009 ਨੰਬਰ 7.65 ਲੱਖ ਰੁਪਏ ਵਿੱਚ ਨਿਲਾਮ ਹੋਇਆ ਸੀ। ਇਸੇ ਤਰ੍ਹਾਂ ਸੀਐੱਚ 01-ਸੀਐਲ ਸੀਰੀਜ਼ ਦਾ 0001 ਨੰਬਰ ਸਤੰਬਰ ਮਹੀਨੇ ਵਿੱਚ 13.58 ਲੱਖ ਰੁਪਏ ਤੇ ਦੂਜੇ ਨੰਬਰ ’ਤੇ 0007 ਨੰਬਰ 6.40 ਲੱਖ ਰੁਪਏ ਵਿੱਚ ਨਿਲਾਮ ਹੋਇਆ ਸੀ।