Punjab

ਹਿੱਟ ਐਂਡ ਰਨ ਐਕਟ 2023 ਦੇ ਖ਼ਿਲਾਫ਼ ਬੱਸਾਂ ਵਾਲਿਆਂ ਨੇ ਕਰ ਦਿੱਤਾ ਇਹ ਐਲਾਨ

Hit and Run Act 2023: Now the bus drivers have announced to strike

ਹਿੱਟ ਐਂਡ ਰਨ ਐਕਟ 2023 ਦੇ ਖ਼ਿਲਾਫ਼ ਦੇਸ਼ ਵਿੱਚ ਟਰਾਂਸਪੋਰਟਰ ਹੜਤਾਲ ਤੋਂ ਬਾਅਦ ਹੁਣ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਵੀ ਟਰੱਕ ਡਰਾਈਵਰ ਵੀਰਾਂ ਦੀ ਹੜਤਾਲ ਦਾ ਸਮਰਥਨ ਕੀਤਾ ਹੈ। ਅੱਜ ਪੰਜਾਬ ਵਿੱਚ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। ਸਰਕਾਰੀ ਬੱਸਾਂ ਦਾ 2 ਘੰਟੇ ਦੇ ਲਈ ਚੱਕਾ ਜਾਮ ਹੈ। ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਦੇ ਠੇਕੇ ਦੇ ਕਾਮੇ ਵੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਉਤਰ ਆਏ ਹਨ।

ਬੁੱਧਵਾਰ ਨੂੰ ਪਨਬੱਸ ਅਤੇ ਪੀਆਰਟੀਸੀ ਦੀਆਂ 3300 ਬੱਸਾਂ ਦੇ ਪਹੀਏ ਵੀ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਰੁਕਣਗੇ। ਇਸ ਦੌਰਾਨ ਮੁਲਾਜ਼ਮ ਬੱਸਾਂ ਖੜ੍ਹੀਆਂ ਕਰਕੇ ਕੇਂਦਰ ਸਰਕਾਰ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕਰਨਗੇ। ਹਾਲਾਂਕਿ ਸਰਕਾਰ ਦੇ ਬੱਸ ਡਿਪੂ ਵਿੱਚ 3-4 ਦਿਨ ਦਾ ਤੇਲ ਬਚਿਆ ਹੈ। ਜੇਕਰ ਹੜਤਾਲ ਲੰਬੇ ਸਮੇਂ ਤੱਕ ਜਾਰੀ ਰਹੀ ਤਾਂ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੰਜਾਬ ਰੋਡਵੇਜ਼ ਪਨਬੱਸ, ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਕਿ ਉਹ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਧਰਨਾ ਦੇਣਗੇ। ਇਸ ਵਿੱਚ ਪਨਬੱਸ ਦੀਆਂ 1900 ਬੱਸਾਂ ਅਤੇ ਪੀਆਰਟੀਸੀ ਦੀਆਂ 1400 ਬੱਸਾਂ ਦੇ ਮੁਲਾਜ਼ਮ ਸ਼ਾਮਲ ਹੋਣਗੇ।

ਇਸ ਦੌਰਾਨ ਕੋਈ ਵੀ ਬੱਸ ਆਪਣੇ ਰੂਟ ‘ਤੇ ਨਹੀਂ ਚੱਲੇਗੀ। ਯੂਨੀਅਨ ਨੇ ਕਿਹਾ ਕਿ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹਾਂ। ਪਰ ਇਸ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਵਿਕਲਪ ਨਹੀਂ ਬਚਿਆ ਹੈ। ਕਿਉਂਕਿ ਕੇਂਦਰ ਸਰਕਾਰ ਦਾ ਕਾਨੂੰਨ ਡਰਾਈਵਰਾਂ ਦੇ ਖ਼ਿਲਾਫ਼ ਹੈ।

ਪਤਾ ਲੱਗਾ ਹੈ ਕਿ ਪਨਬਸ ਅਤੇ ਪੰਜਾਬ ਪੀ.ਆਰ.ਟੀ.ਸੀ ਦੇ ਪੂਰੇ ਸੂਬੇ ਵਿੱਚ ਕੁੱਲ 27 ਡਿਪੂ ਹਨ। ਇਨ੍ਹਾਂ ਵਿੱਚੋਂ ਪਨਬੱਸ ਦੇ 19 ਅਤੇ ਪੀਆਰਟੀਸੀ ਦੇ 8 ਡਿਪੂ ਹਨ। ਸਾਰੇ ਡਿਪੂਆਂ ਵਿੱਚ ਅਜੇ 4 ਤੋਂ 7 ਦਿਨ ਦਾ ਤੇਲ ਬਾਕੀ ਹੈ। ਅਜਿਹੇ ‘ਚ ਅਜੇ ਤੇਲ ਦੀ ਕੋਈ ਕਮੀ ਨਹੀਂ ਹੈ। ਪਰ ਜੇਕਰ ਇਹ ਹੜਤਾਲ ਲੰਬੇ ਸਮੇਂ ਤੱਕ ਜਾਰੀ ਰਹੀ ਤਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।