‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੂਨ 1984 ਦੇ ਘੱਲੂਘਾਰੇ ਨੂੰ ਯਾਦ ਕਰਦਿਆਂ ਕਿਹਾ ਕਿ 1984 ਸਿੱਖ ਕਤਲੇਆਮ ਦੌਰਾਨ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋਏ ਲੋਕਾਂ ਤੋਂ ਜਾਣਕਾਰੀ ਇਕੱਠੀ ਕਰਕੇ ਇਸ ਤਸ਼ੱਦਦ ਦਾ ਰਿਕਾਰਡ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਠਾ ਕੀਤਾ ਜਾਵੇਗਾ। ਜਥੇਦਾਰ ਹਰਪ੍ਰੀਤ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਨ੍ਹਾਂ ਸਾਰੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ 1984 ਦੇ ਭਿਆਨਕ ਦੌਰ ਵਿੱਚ ਜਿਸ-ਜਿਸ ਉੱਤੇ ਜਿਸ ਤਰ੍ਹਾਂ ਦਾ ਵੀ ਤਸ਼ੱਦਦ ਹੋਇਆ ਹੈ, ਉਹ ਉਨ੍ਹਾਂ ਜ਼ੁਲਮਾਂ ਦੀ ਦਾਸਤਾਨ ਦੀ ਆਪਣੀ ਵੀਡੀਓ ਬਣਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜਣ, ਤਾਂ ਜੋ ਉਸ ਸਮੇਂ ਦਾ ਸਾਰਾ ਰਿਕਾਰਡ ਇਕੱਠਾ ਕੀਤਾ ਜਾ ਸਕੇ। ਜਥੇਦਾਰ ਨੇ ਕਿਹਾ ਕਿ ‘ਅਸੀਂ ਉਸ ਉੱਪਰ ਇੱਕ ਦਸਤਾਵੇਜ਼ੀ ਫਿਲਮ ਵੀ ਬਣਾਵਾਂਗੇ ਅਤੇ ਇਸ ਰਿਕਾਰਡ ਨੂੰ ਆਉਣ ਵਾਲੀਆਂ ਨਸਲਾਂ ਲਈ ਸਾਂਭ ਕੇ ਰੱਖਾਂਗੇ’।
ਜਥੇਦਾਰ ਹਰਪ੍ਰੀਤ ਸਿੰਘ ਅੱਜ ਸਾਬਕਾ ਫੈਡਰਸ਼ਨ ਲੀਡਰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਨਮਾਨਿਤ ਸ਼ਖ਼ਸੀਅਤ ਹਰਵਿੰਦਰ ਸਿੰਘ ਦੇ ਘਰ ਗਏ ਸਨ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਹਰਿੰਦਰ ਸਿੰਘ ਨੇ 1984 ਦੇ ਘੱਲੂਘਾਰੇ ਨੂੰ ਆਪਣੇ ਪਿੰਡੇ ‘ਤੇ ਹੰਢਾਇਆ ਹੈ, ਇਸੇ ਕਰਕੇ ਉਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਥ ਸੇਵਕ ਵਜੋਂ ਸਨਮਾਨ ਦਿੱਤਾ ਗਿਆ ਹੈ। ਜਥੇਦਾਰ ਨੇ ਹਰਵਿੰਦਰ ਸਿੰਘ ਕੋਲੋਂ 1984 ਤੋਂ ਪਹਿਲਾਂ ਅਤੇ ਬਾਅਦ ਦੀ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਕਿਹਾ ਕਿ ਉਹ ਗੱਲਾਂ ਕਿਤਾਬਾਂ ਵਿੱਚੋਂ ਪ੍ਰਾਪਤ ਨਹੀਂ ਕੀਤੀਆਂ ਜਾ ਸਕਦੀਆਂ, ਜੋ ਹਰਵਿੰਦਰ ਸਿੰਘ ਖਾਲਸਾ ਦੀ ਜ਼ੁਬਾਨੀ ਸੁਣ ਕੇ ਪਤਾ ਲੱਗਦਾ ਹੈ।
ਜਥੇਦਾਰ ਨੇ ਕਿਹਾ ਕਿ ਮੁਗਲਾਂ ਦੇ ਦੌਰ ਵਿੱਚ ਸਿੱਖਾਂ ਉੱਪਰ ਜੋ ਜ਼ੁਲਮ, ਅੱਤਿਆਚਾਰ ਹੋਇਆ, ਉਸ ਵਕਤ ਦੇ ਲਿਖਾਰੀਆਂ ਨੂੰ, ਅੰਗਰੇਜ਼ਾਂ ਦੇ ਦੌਰ ਵਿੱਚ ਸਾਡੇ ‘ਤੇ ਜੋ ਤਸ਼ੱਦਦ ਹੋਇਆ, ਉਸ ਵਕਤ ਦੇ ਲਿਖਾਰੀਆਂ ਨੂੰ ਕਲਮਬੰਦ ਕਰਨ ਦਾ ਯਤਨ ਕੀਤਾ ਗਿਆ ਹੈ। 1947 ਤੋਂ ਬਾਅਦ ਜੋ ਕੁੱਝ ਸਿੱਖਾਂ ਨਾਲ ਵਾਪਰਿਆ, ਖਾਸ ਤੌਰ ‘ਤੇ 1984 ਸਿੱਖ ਕਤਲੇਆਮ ਵਿੱਚ ਸਿੱਖਾਂ ‘ਤੇ ਜੋ ਜ਼ੁਲਮ ਹੋਇਆ, ਉਸਨੂੰ ਇਕੱਠਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਵੀ ਉਨ੍ਹਾਂ ਸਮਿਆਂ ਦੇ ਬਹੁਤ ਸਾਰੇ ਨੌਜਵਾਨ ਜੋ ਹੁਣ ਬਜ਼ੁਰਗ ਹੋ ਚੁੱਕੇ ਹਨ, ਜਿਨ੍ਹਾਂ ਨੇ ਇਸ ਸਾਰੇ ਘਟਨਾਕ੍ਰਮ ਨੂੰ ਅੱਖੀਂ ਹੰਢਾਇਆ ਹੈ, ਆਪਣੇ ਪਿੰਡੇ ‘ਤੇ ਹੰਢਾਇਆ ਹੈ, ਉਹ ਅਜੇ ਵੀ ਸਾਡੇ ‘ਚ ਮੌਜੂਦ ਹਨ।