Punjab

ਕਾਂਗਰਸ ਨੇ ਤਲਬ ਕੀਤੇ ਪੰਜਾਬ ਦੇ ਸਾਰੇ ਕਾਂਗਰਸੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕਾਂਗਰਸ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਕਲੇਸ਼ ਨੂੰ ਖਤਮ ਕਰਨ ਲਈ ਦਿੱਲੀ ਵਿੱਚ ਅੱਜ ਕਾਂਗਰਸ ਹਾਈਕਮਾਂਡ ਵੱਲੋਂ ਗਠਿਤ ਕੀਤੀ ਗਈ ਤਿੰਨ ਮੈਂਬਰੀ ਕਮੇਟੀ ਦੀ ਦੂਸਰੇ ਦਿਨ ਮੀਟਿੰਗ ਹੋ ਰਹੀ ਹੈ। ਅੱਜ ਕਮੇਟੀ ਦੇ ਸਾਹਮਣੇ ਨਵਜੋਤ ਸਿੰਘ ਸਿੱਧੂ, ਕਾਂਗਰਸ ਵਿਧਾਇਕ ਪਰਗਟ ਸਿੰਘ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਕਮੇਟੀ ਸਾਹਮਣੇ ਪੇਸ਼ ਹੋਣਗੇ। ਇਹ ਸਾਰੇ ਲੀਡਰ ਕਮੇਟੀ ਦੇ ਸਾਹਮਣੇ ਆਪਣੇ ਪੱਖ ਰੱਖਣਗੇ। ਨਿਰਮਲ ਸਿੰਘ, ਮਦਨ ਲਾਲ ਜਲਾਲਪੁਰ, ਹਰਦਿਆਲ ਕੰਬੋਜ ਵੀ ਅੱਜ ਕਮੇਟੀ ਸਾਹਮਣੇ ਪੇਸ਼ ਹੋਣਗੇ। ਮੀਟਿੰਗ ਦਾ ਇਹ ਸਿਲਸਲਾ ਅਗਲੇ ਕੁੱਝ ਹੋਰ ਦਿਨਾਂ ਤੱਕ ਚੱਲੇਗਾ।

ਮੀਟਿੰਗ ਤੋਂ ਬਾਹਰ ਆਏ ਨਵਜੋਤ ਸਿੱਧੂ ਨੇ ਕੀ ਕਿਹਾ

ਅੱਜ ਨਵਜੋਤ ਸਿੰਘ ਸਿੱਧੂ ਵੀ ਕਮੇਟੀ ਦੇ ਅੱਗੇ ਪੇਸ਼ ਹੋਏ ਸਨ। ਸਿੱਧੂ ਨੇ ਮੀਟਿੰਗ ਤੋਂ ਬਾਹਰ ਆ ਕੇ ਕਿਹਾ ਕਿ ‘ਮੈਂ ਹਾਈਕਮਾਨ ਨੂੰ ਹਕੀਕਤ ਦੱਸੀ ਹੈ। ਸਿੱਧੂ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਇੱਥੋਂ ਤੱਕ ਪਹੁੰਚਾਉਣ ਲਈ ਆਏ ਹਨ। ਮੇਰਾ ਜੋ ਸਟੈਂਡ ਹੈ, ਉਹ ਹੀ ਰਹੇਗਾ।

ਪੰਜਾਬ ਦੇ ਲੋਕਾਂ ਦੀ ਲੋਕਤੰਤਰਿਕ ਤਾਕਤ ਜੋ ਵਿੱਤੀ ਰੂਪ ਵਿੱਚ, ਟੈਕਸਾਂ ਦੇ ਰੂਪ ਵਿੱਚ ਸਰਕਾਰ ਕੋਲ ਜਾ ਰਹੀ ਹੈ, ਉਹ ਤਾਕਤ ਲੋਕਾਂ ਤੱਕ ਵਾਪਸ ਜਾਣੀ ਚਾਹੀਦੀ ਹੈ। ਮੈਂ ਸੱਚ ਨੂੰ ਪੂਰੀ ਤਰ੍ਹਾਂ ਪ੍ਰਕਾਸ਼ਿਤ ਕਰਕੇ ਆਇਆ ਹਾਂ, ਸੱਚ ਕਦੇ ਵੀ ਹਾਰਦਾ ਨਹੀਂ ਹੈ। ਅਸੀਂ ਪੰਜਾਬ ਨੂੰ ਜਿਤਾਉਣਾ ਹੈ, ਪੰਜਾਬ ਦੇ ਹਰੇਕ ਨਾਗਰਿਕ ਨੂੰ ਭਾਗੀਦਾਰ ਬਣਾਉਣਾ ਹੈ’।

ਪਾਰਟੀ ਵਿੱਚ ਧੜਿਆਂ ਦੀ ਗੱਲ ਨਹੀਂ – ਪਰਗਟ ਸਿੰਘ

ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ‘ਪਾਰਟੀ ਵਿੱਚ ਧੜਿਆਂ ਦੀ ਗੱਲ ਨਹੀਂ ਹੈ, ਇਹ ਸਿਰਫ ਮੁੱਦਿਆਂ ਦੀ ਗੱਲ ਹੈ। ਮੈਂ ਕਦੇ ਕਿਸੇ ਧੜੇ ਦੀ ਗੱਲ ਨਹੀਂ ਕਰਦਾ। ਗੱਲ ਸਿਰਫ ਇਹ ਹੈ ਕਿ ਸਾਨੂੰ ਜੋ ਕੰਮ ਕਰਨ ਦੀ ਜ਼ਰੂਰਤ ਹੈ, ਉਹ ਕਰਨੇ ਚਾਹੀਦੇ ਹਨ। ਉਸਦੇ ਕਰਕੇ ਹੀ ਅਸੀਂ ਲੜਾਈ ਲੜ ਰਹੇ ਹਾਂ। ਮੈਂ ਹਰੇਕ ਗੱਲ ਨੂੰ ਬਿਲਕੁਲ ਠੋਕ ਵਜੇ ਕੇ ਕਰਦਾ ਹਾਂ’।

ਭਾਰਤ ਭੂਸ਼ਣ ਆਸ਼ੂ ਨੇ ਵੀ ਕਿਹਾ ਕਿ ‘ਪਾਰਟੀ ਦੇ ਦੋ ਧੜੇ ਨਹੀਂ ਹੋਏ, ਕਾਂਗਰਸ ਦਾ ਇੱਕੋ ਹੀ ਧੜਾ ਹੈ। ਪਾਰਟੀ ਵਿੱਚ ਕਿਸੇ ਦੀ ਕਿਸੇ ਦੇ ਨਾਲ ਕੋਈ ਨਰਾਜ਼ਗੀ ਨਹੀਂ ਹੈ, ਸਾਰੇ ਕਾਂਗਰਸੀ ਇੱਕ-ਦੂਜੇ ਦੇ ਨਾਲ ਹਨ’।

ਕਮੇਟੀ ਕਿੱਥੇ ਕਰ ਰਹੀ ਹੈ ਮੀਟਿੰਗਾਂ

ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਅੰਦਰੂਨੀ ਲੜਾਈ ਦਾ ਹੁਣ ਦਿੱਲੀ ਵਿੱਚ ਹੱਲ ਕੀਤਾ ਜਾ ਰਿਹਾ ਹੈ ਅਤੇ ਕਾਂਗਰਸ ਦੇ ਦਿੱਲੀ ਵਿੱਚ ਗੁਰਦੁਆਰਾ ਰਕਾਬ ਗੰਜ ਰੋਡ ਉੱਤੇ ਬਣੇ ਬੰਗਲੇ ਵਿੱਚ ਕਾਂਗਰਸ ਹਾਈ ਕਮਾਂਡ ਵੱਲੋਂ ਗਠਿਤ ਕੀਤੀ ਗਈ ਤਿੰਨ ਮੈਂਬਰੀ ਕਮੇਟੀ ਪੰਜਾਬ ਕਾਂਗਰਸ ਦੇ ਲੀਡਰਾਂ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ।

ਮੀਟਿੰਗ ਲਈ ਕੀ ਹੈ ਸਮਾਂ

ਕਮੇਟੀ ਨੇ ਲੀਡਰਾਂ ਨਾਲ ਗੱਲਬਾਤ ਕਰਨ ਦਾ ਸਮਾਂ ਨਿਸ਼ਚਿਤ ਕੀਤਾ ਹੋਇਆ ਹੈ ਅਤੇ ਗੱਲਬਾਤ ਲਈ ਹਰੇਕ ਲੀਡਰ ਨੂੰ 10 ਤੋਂ 15 ਮਿੰਟ ਦਾ ਸਮਾਂ ਦਿੱਤਾ ਜਾ ਰਿਹਾ ਹੈ। ਮੀਟਿੰਗ ਦਾ ਵਕਤ ਸਵੇਰੇ 11 ਵਜੇ ਤੋਂ ਸ਼ਾਮ ਪੰਜ ਵਜੇ ਤੱਕ ਦਾ ਹੈ।

ਕਿਉਂ ਬਣਾਈ ਗਈ ਕਮੇਟੀ

ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਪਿਛਲੇ ਕਰੀਬ ਇੱਕ ਮਹੀਨੇ ਤੋਂ ਚੱਲ ਰਹੀ ਹੈ ਅਤੇ ਸਥਿਤੀ ਨੂੰ ਸੰਭਾਲਣ ਦੇ ਲਈ ਕਾਂਗਰਸ ਹਾਈਕਮਾਂਡ ਨੇ ਤਿੰਨ ਮੈਂਬਰੀ ਕਮੇਟੀ ਪਿਛਲੇ ਦਿਨੀਂ ਬਣਾਈ ਹੈ। ਇਸ ਕਮੇਟੀ ਦੇ ਚੇਅਰਮੈਨ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਮਲਿਕਾਰਜੁਨ ਖੜਗੇ ਹਨ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਜੇ.ਪੀ. ਅਗਰਵਾਲ ਇਸ ਕਮੇਟੀ ਦੇ ਮੈਂਬਰ ਹਨ।

ਇਹ ਕਮੇਟੀ ਵੱਖ-ਵੱਖ ਕਾਂਗਰਸੀ ਲੀਡਰਾਂ ਨਾਲ ਇੱਕ-ਇੱਕ ਕਰ ਕੇ ਗੱਲਬਾਤ ਕਰ ਰਹੀ ਹੈ। ਇਹ ਕਮੇਟੀ ਕੋਈ ਫ਼ੈਸਲਾ ਨਹੀਂ ਲੈ ਸਕਦੀ, ਸਿਰਫ਼ ਆਪਣੀ ਰਿਪੋਰਟ ਕਾਂਗਰਸ ਹਾਈਕਮਾਂਡ ਨੂੰ ਭੇਜੇਗੀ ਅਤੇ ਉਹ ਤੈਅ ਕਰੇਗੀ ਕਿ ਇਸ ਮਸਲੇ ਦਾ ਹੱਲ ਕਿਸ ਤਰੀਕੇ ਨਾਲ ਕਰਨਾ ਹੈ।

ਕਿਵੇਂ ਕੰਮ ਕਰ ਰਹੀ ਹੈ ਕਮੇਟੀ

ਇਸ ਕਮੇਟੀ ਨੇ ਕਾਂਗਰਸੀ ਲੀਡਰਾਂ ਦੇ ਨਾਲ ਗੱਲਬਾਤ ਕਰਨ ਲਈ ਇੱਕ ਖ਼ਾਸ ਫ਼ਾਰਮੂਲਾ ਤਿਆਰ ਕੀਤਾ ਹੈ। ਇਹ ਕਮੇਟੀ ਹਰ ਰੋਜ਼ 25 ਵਿਧਾਇਕਾਂ ਅਤੇ ਕਾਂਗਰਸੀ ਲੀਡਰਾਂ ਦੇ ਨਾਲ ਗੱਲਬਾਤ ਕਰ ਰਹੀ ਹੈ, ਉਨ੍ਹਾਂ ਦੇ ਪੱਖਾਂ ਨੂੰ ਸੁਣ ਰਹੀ ਹੈ। ਕੱਲ੍ਹ ਤਿੰਨ ਮੈਂਬਰੀ ਕਮੇਟੀ ਨੇ 25 ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ ਸੀ, ਜਿਸ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸ਼ਾਮਿਲ ਹੋਏ ਸਨ ਅਤੇ ਉਨ੍ਹਾਂ ਵੱਲੋਂ ਕਮੇਟੀ ਦੇ ਸਾਹਮਣੇ ਆਪਣਾ ਪੱਖ ਰੱਖਿਆ ਗਿਆ ਸੀ।

ਹਰੀਸ਼ ਰਾਵਤ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਪੰਜਾਬ ਦੇ ਵਿਧਾਇਕ, 8 ਲੋਕ ਸਭਾ ਮੈਂਬਰ ਅਤੇ 3 ਰਾਜ ਸਭਾ ਮੈਂਬਰਾਂ ਨਾਲ ਕਮੇਟੀ ਨੇ ਗੱਲਬਾਤ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ, ਜਿਸ ਵਿੱਚ ਮੁੱਖ ਤੌਰ ਉੱਤੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ ਉਲੀਕੀ ਜਾਵੇਗੀ।

ਪਹਿਲੀ ਮੀਟਿੰਗ ਦਾ ਵੇਰਵਾ

ਤਿੰਨ ਮੈਂਬਰੀ ਕਮੇਟੀ ਦੀ ਪਹਿਲੀ ਮੀਟਿੰਗ 31 ਮਈ ਨੂੰ 11 ਵਜੇ ਕਾਂਗਰਸ ਦੇ ਵਾਰ ਰੂਮ ਵਿੱਚ ਸ਼ੁਰੂ ਹੋਈ। ਮੀਟਿੰਗ ਦੇ ਪਹਿਲੇ ਦਿਨ 25 ਵਿਧਾਇਕਾਂ ਨਾਲ ਕਮੇਟੀ ਨੇ ਗੱਲਬਾਤ ਕੀਤੀ। ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਓ ਪੀ ਸੋਨੀ, ਸਾਧੂ ਸਿੰਘ ਧਰਮਸੋਤ, ਸੁਖਜਿੰਦਰ ਸਿੰਘ ਰੰਧਾਵਾ, ਬ੍ਰਹਮ ਮਹਿੰਦਰਾ ਪੇਸ਼ ਹੋਏ। ਕਪਰੂਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ, ਰਾਜ ਕੁਮਾਰ ਵੇਰਕਾ, ਗੁਰਪ੍ਰੀਤ ਕੋਟਲੀ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਸਮੇਤ ਕਈ ਹੋਰ ਵਿਧਾਇਕ ਵੀ ਕਮੇਟੀ ਅੱਗੇ ਪੇਸ਼ ਹੋਏ।

ਮੀਟਿੰਗ ਤੋਂ ਬਾਅਦ ਕਾਂਗਰਸੀ ਲੀਡਰਾਂ ਦੇ ਬਿਆਨ

ਰਾਜਕੁਮਾਰ ਵੇਰਕਾ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ‘ਕਮੇਟੀ 25 /25 ਦੇ ਬੈਚ ਬਣਾ ਕੇ ਵਿਧਾਇਕਾਂ ਨਾਲ ਗੱਲਬਾਤ ਕਰ ਰਹੀ ਹੈ ਅਤੇ ਮਸਲਾ ਜਲਦ ਹੀ ਹੱਲ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਹਾਈ ਕਮਾਨ ਵਿੱਚ ਘੱਟ ਗਿਣਤੀ ਭਾਈਚਾਰੇ ਵਿੱਚੋਂ ਪੰਜਾਬ ਦਾ ਉਪ-ਮੁੱਖ ਮੰਤਰੀ ਬਣਾਉਣ ਬਾਰੇ ਚਰਚਾ ਹੋ ਰਹੀ ਹੈ’।

ਰਾਜ ਕੁਮਾਰ ਵੇਰਕਾ

ਸੁਖਜਿੰਦਰ ਸਿੰਘ ਰੰਧਾਵਾ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ‘ਮੀਟਿੰਗ ਦੌਰਾਨ ਜੋ ਵੀ ਗੱਲ ਹੋਈ ਹੈ, ਉਹ ਉਸਨੂੰ ਮੀਡੀਆ ਨਾਲ ਸਾਂਝੀ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਮੈਂ ਅੱਜ ਵੀ ਆਪਣੇ ਸਟੈਂਡ ‘ਤੇ ਕਾਇਮ ਹਾਂ ਕਿ ਬੇਅਦਬੀ ਮਾਮਲੇ ਵਿੱਚ ਜਲਦ ਕੋਈ ਸੁਣਵਾਈ ਹੋਵੇ। ਉਨ੍ਹਾਂ ਕਿਹਾ ਕਿ ਮੇਰੀ ਪਾਰਟੀ ਨਾਲ ਕੋਈ ਨਾਰਾਜ਼ਗੀ ਨਹੀਂ ਹੈ’।

ਸੁਖਜਿੰਦਰ ਸਿੰਘ ਰੰਧਾਵਾ

ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਵਿੱਚ ਬੇਅਦਬੀ ਮਾਮਲਿਆਂ ‘ਤੇ ਗੱਲ ਕਰਦਿਆਂ ਕਿਹਾ ਕਿ ਸੀਬੀਆਈ ਦੀ ਇਨਕੁਆਇਰੀ ਮੰਗਣ ਵਾਲੇ ਹੁਣ ਚੁੱਪ ਕਿਉਂ ਹਨ। ਉਨ੍ਹਾਂ ਕਿਹਾ ਕਿ ਆਪਦਾ ਵਿੱਚ ਅਵਸਰ ਲੱਭਣ ਵਾਲੇ ਬੇਨਕਾਬ ਹੋ ਗਏ ਹਨ। ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਵੀ ਸਾਹਮਣੇ ਆ ਜਾਣਗੇ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ ਨਾਲ ਮੱਥਾ ਲਾਉਣ ਵਾਲੇ ਨਹੀਂ ਬਚਣਗੇ। ਉਨ੍ਹਾਂ ਕਿਹਾ ਕਿ ਵਿਚਾਰ ਵੱਖ ਹੋ ਸਕਦੇ ਹਨ ਪਰ ਕਾਂਗਰਸ ਪਾਰਟੀ ਇੱਕ ਹੈ।

ਸੰਗਤ ਸਿੰਘ ਗਿਲਜੀਆ ਨੇ ਕਿਹਾ ਕਿ ਬੇਅਦਬੀ ਦੇ ਮੁੱਦੇ ਉੱਤੇ ਇਨਸਾਫ਼ ਨਹੀਂ ਮਿਲਿਆ ਹੈ ਅਤੇ ਇਹ ਮਿਲਣਾ ਚਾਹੀਦਾ ਹੈ। ਜੇ ਹੁਣ ਤੱਕ ਇਨਸਾਫ਼ ਨਹੀਂ ਮਿਲਿਆ ਤਾਂ ਅਸੀਂ ਸਾਰੇ ਕਸੂਰਵਾਰ ਹਾਂ, ਲੋਕ ਸਾਡੇ ਤੋਂ ਸਵਾਲ ਪੁੱਛ ਰਹੇ ਹਨ।

ਸਾਧੂ ਸਿੰਘ ਧਰਮਸੋਤ

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ  ਨੇ ਵੀ ਪਾਰਟੀ ਲੀਡਰਾਂ ਵਿਚਾਲੇ ਨਾਰਾਜ਼ਗੀ ਦੀਆਂ ਗੱਲਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ।

ਮੀਟਿੰਗ ਚ ਜਾਣ ਤੋਂ ਪਹਿਲਾਂ ਬਾਜਵਾ ਦਾ ਕੈਪਟਨ ਸਰਕਾਰ ਤੇ ਤਿੱਖਾ ਨਿਸ਼ਾਨਾ

ਕਾਂਗਰਸ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਦਿੱਲੀ ਵਿੱਚ ਪੰਜਾਬ ਕਾਂਗਰਸ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਕਲੇਸ਼ ਨੂੰ ਖਤਮ ਕਰਨ ਲਈ ਤਿੰਨ ਮੈਂਬਰੀ ਕਮੇਟੀ ਨਾਲ ਰੱਖੀ ਗਈ ਮੀਟਿੰਗ ਵਿੱਚ ਬੁੱਧਵਾਰ ਨੂੰ ਕਮੇਟੀ ਅੱਗੇ ਫਾਰਮੂਲਾ ਨੰਬਰ 44 ਰੱਖਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਮੇਟੀ ਅੱਗੇ ਬੇਅਦਬੀ ਮਾਮਲਾ, ਡਰੱਗਜ਼ ਮਾਮਲਾ, ਮੁਲਾਜ਼ਮਾਂ ਦੀ ਗੱਲ ਰੱਖਣ ਦਾ ਵੀ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਟਾਈਫਾਈਡ ਹੋ ਗਿਆ ਹੈ। ਜੇ ਇਲਾਜ ਨਾ ਹੋਇਆ ਤਾਂ ਪੀਲੀਆ ਹੋ ਜਾਵੇਗਾ’।

ਪ੍ਰਤਾਪ ਸਿੰਘ ਬਾਜਵਾ

ਉਨ੍ਹਾਂ ਕਿਹਾ ਕਿ ‘ਪੰਜਾਬ ਵਿੱਚ ਅਫਸਰਸ਼ਾਹੀ ਭਾਰੂ ਹੈ। ਪੰਜਾਬ ਵਿੱਚ ਕਰੋਨਾ ਪ੍ਰਬੰਧਾਂ ਨੂੰ ਹੋਰ ਬਿਹਤਰ ਕਰਨ ਦੀ ਲੋੜ ਹੈ। ਕੈਪਟਨ ਨੂੰ ਚਾਹੀਦਾ ਹੈ ਕਿ ਜੋ ਪਹਿਲਾਂ ਤੋਂ ਹੀ ਨੌਕਰੀਆਂ ਵਿੱਚ ਕੱਚੇ ਮੁਲਾਜ਼ਮ ਹਨ, ਪਹਿਲਾਂ ਉਨ੍ਹਾਂ ਨੂੰ ਪੱਕਾ ਕਰੀਏ, ਬਾਕੀ ਭਰਤੀਆਂ ਬਾਅਦ ਵਿੱਚ ਕੀਤੀਆਂ ਜਾ ਸਕਦੀਆਂ ਹਨ’। ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਦਿੱਲੀ ਵਿੱਚ ਤਿੰਨ ਮੈਂਬਰੀ ਕਮੇਟੀ ਦੇ ਨਾਲ ਗੱਲਬਾਤ ਕਰਨੀ ਹੈ।

ਵਿਰੋਧੀਆਂ ਦੇ ਤਿੱਖੇ ਸਵਾਲ

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ਕਾਂਗਰਸ ਵੱਲੋਂ ਦਿੱਲੀ ਵਿੱਚ ਤਿੰਨ ਮੈਂਬਰੀ ਕਮੇਟੀ ਦੇ ਨਾਲ ਕੀਤੀ ਜਾ ਰਹੀ ਮੀਟਿੰਗ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਸਾਰੀ ਪੰਜਾਬ ਸਰਕਾਰ ਦਿੱਲੀ ਬੈਠੀ ਹੈ। ਸਰਕਾਰ ਆਪਣੀ ਹਾਈਕਮਾਂਡ ਦੇ ਬੁਲਾਵੇ ‘ਤੇ ਦਿੱਲੀ ਬੈਠੀ ਹੈ’।

ਭਗਵੰਤ ਮਾਨ

ਉਨ੍ਹਾਂ ਕਿਹਾ ਕਿ ‘ਮੈਨੂੰ ਬਹੁਤ ਖੁਸ਼ੀ ਹੁੰਦੀ ਜੇ ਪੰਜਾਬ ਸਰਕਾਰ ਕਿਸਾਨਾਂ ਦੇ ਮਸਲਿਆਂ ਦਾ ਹੱਲ ਕਰਵਾਉਣ ਲਈ ਦਿੱਲੀ ਜਾਂਦੀ। 6 ਮਹੀਨਿਆਂ ਤੋਂ ਕਿਸਾਨ ਦਿੱਲੀ ਬੈਠੇ ਹਨ। ਮੈਨੂੰ ਖੁਸ਼ੀ ਹੁੰਦੀ ਜੇ ਕਾਂਗਰਸ ਦੇ ਕੈਬਨਿਟ ਮੰਤਰੀ, ਵਿਧਾਇਕ ਦਿੱਲੀ ਜਾ ਕੇ ਹਾਈਕਮਾਂਡ ਨੂੰ ਕਹਿੰਦੇ ਕਿ ਮੋਦੀ ਸਰਕਾਰ ਨਾਲ ਗੱਲ ਕਰਕੇ ਕਿਸਾਨਾਂ ਦੇ ਮਸਲੇ ਦਾ ਹੱਲ ਕੱਢਿਆ ਜਾਵੇ ਪਰ ਇਹ ਦਿੱਲੀ ਆਪਣੀਆਂ ਕੁਰਸੀਆਂ ਬਚਾਉਣ ਵਾਸਤੇ ਜਾਂ ਨਵੀਆਂ ਕੁਰਸੀਆਂ ਡਾਹੁਣ ਵਾਸਤੇ ਗਏ ਹਨ। ਮੈਨੂੰ ਖੁਸ਼ੀ ਹੁੰਦੀ ਜੇ ਪੰਜਾਬ ਸਰਕਾਰ ਦਿੱਲੀ ਸੂਬੇ ਲਈ ਕਰੋਨਾ ਵੈਕਸੀਨ, ਵੈਂਟੀਲੇਟਰ, ਆਈਸੀਯੂ ਬੈੱਡਾਂ ਦਾ ਪ੍ਰਬੰਧ ਕਰਨ ਵਾਸਤੇ ਜਾਂਦੀ। 17 ਜ਼ਿਲ੍ਹਿਆਂ ਵਿੱਚ ਕੋਈ ਬੈੱਡ ਨਹੀਂ ਹੈ। ਪੰਜਾਬ ਸਰਕਾਰ ਨੇ ਪੰਜਾਬ ਨੂੰ ਲਾਵਾਰਿਸ ਛੱਡ ਦਿੱਤਾ ਹੈ’।

ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਿੱਲੀ ਵਿੱਚ ਕਾਂਗਰਸ ਦੀ ਚੱਲ ਰਹੀ ਬੈਠਕ ਨੂੰ ਲੈ ਕੇ ਕੈਪਟਨ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਤਰਜੀਹ ਪੰਜਾਬ ਵਿੱਚ ਹੋ ਰਹੀਆਂ ਮੌਤਾਂ ਨੂੰ ਘਟਾਉਣਾ ਹੈ ਪਰ ਇੱਥੇ ਸਰਕਾਰ ਦੀ ਤਰਜੀਹ ਲੋਕਾਂ ਦੀ ਜਾਨ ਬਚਾਉਣਾ ਨਹੀਂ ਹੈ।

ਕਿਉਂ ਪਈ ਕਾਂਗਰਸ ਵਿੱਚ ਫੁੱਟ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਾਲ ਹੀ ਵਿੱਚ ਪੰਜਾਬ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਕਰ ਰਹੀ ਐੱਸਆਈਟੀ ਦੀ ਜਾਂਚ ਰਿਪੋਰਟ ਨੂੰ ਰੱਦ ਕਰਨ ਅਤੇ ਇੱਕ ਨਵੀਂ ਐੱਸਆਈਟੀ ਬਣਾਉਣ ਦੇ ਹੁਕਮਾਂ ਨਾਲ ਜਾਂਚ ਨੂੰ ਵੱਡਾ ਝਟਕਾ ਦਿੱਤਾ ਸੀ। ਹਾਈਕੋਰਟ ਵੱਲੋਂ ਇਸ ਜਾਂਚ ਰਿਪੋਰਟ ਨੂੰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਕੁੱਝ ਸਮਾਂ ਪਹਿਲਾਂ ਰੱਦ ਕਰਨ ਦੇ ਨਾਲ ਵਿਰੋਧੀ ਧਿਰ ਦੇ ਨਾਲ-ਨਾਲ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਆਪਣੀ ਹੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ।

ਕਿਹੜੇ ਲੀਡਰਾਂ ਨੇ ਘੇਰੀ ਸਰਕਾਰ

  • ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਮਾਮਲੇ ਦਾ ਇਨਸਾਫ਼ ਨਾ ਮਿਲਣ ਉੱਤੇ ਪੰਜਾਬ ਸਰਕਾਰ ਉੱਤੇ ਸਵਾਲ ਚੁੱਕੇ।
  • ਸਿੱਧੂ ਤੋਂ ਬਾਅਦ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਸ ਮੁੱਦੇ ਉੱਤੇ ਸਵਾਲ ਚੁੱਕਿਆ।
  • ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਵੱਲੋਂ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਮੁੱਦਾ ਵੀ ਮੀਡੀਆ ਅੱਗੇ ਰੱਖਣਾ ਸ਼ੁਰੂ ਹੋਇਆ।
  • ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਵੀ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕੀਤਾ।
  • ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੀ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕੀਤਾ।
  • ਵਿਧਾਇਕ ਪਰਗਟ ਸਿੰਘ ਨੇ ਵੀ ਪੰਜਾਬ ਸਰਕਾਰ ‘ਤੇ ਕਈ ਦੋਸ਼ ਲਾਏ। ਪਰਗਟ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਉੱਤੇ ਧਮਕੀ ਦੇਣ ਦਾ ਦੋਸ਼ ਲਗਾ ਕੇ ਇਸ ਲੜਾਈ ਨੂੰ ਹੋਰ ਭਖਾ ਦਿੱਤਾ।

ਨਵਜੋਤ ਸਿੱਧੂ ਖਿਲਾਫ ਹਾਈਕਮਾਂਡ ਤੱਕ ਗਈ ਸੀ ਸ਼ਿਕਾਇਤ

ਨਵਜੋਤ ਸਿੰਘ ਸਿੱਧੂ ਵਾਰ-ਵਾਰ ਟਵੀਟ ਕਰਕੇ ਕੈਪਟਨ ਨੂੰ ਬੇਅਦਬੀ ਦੇ ਮੁੱਦੇ ਉੱਤੇ ਇਨਸਾਫ਼ ਨਾ ਦੇਣ ਲਈ ਘੇਰਦੇ ਗਏ। ਪੰਜਾਬ ਦੇ ਤਿੰਨ ਮੰਤਰੀਆਂ ਬ੍ਰਹਮ ਮਹਿੰਦਰਾ, ਸੁੰਦਰ ਸ਼ਾਮ ਅਰੋੜਾ ਅਤੇ ਸਾਧੂ ਸਿੰਘ ਧਰਮਸੋਤ ਨੇ ਕਾਂਗਰਸ ਹਾਈ ਕਮਾਂਡ ਨੂੰ ਸਿੱਧੂ ਵੱਲੋਂ ਕੈਪਟਨ ਖ਼ਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਲਈ ਸਖ਼ਤ ਅਨੁਸ਼ਾਸਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ। ਮਾਮਲਾ ਉਲਝਦਾ ਵੇਖ ਕੇ ਕਾਂਗਰਸ ਹਾਈਕਮਾਂਡ ਨੇ ਇਸ ਮੁੱਦੇ ਉੱਤੇ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ, ਜੋ ਕਾਂਗਰਸ ਦੇ ਲੀਡਰਾਂ ਨਾਲ ਗੱਲਬਾਤ ਕਰ ਰਹੀ ਹੈ।

ਕੈਪਟਨ ਖਿਲਾਫ ਖੜ੍ਹੀ ਹੋਈ ਆਪਣੇ ਹੀ ਲੀਡਰਾਂ ਦੀ ਫੌਜ

ਪੰਜਾਬ ਸਰਕਾਰ ਤੋਂ ਨਾਰਾਜ਼ ਵਿਧਾਇਕਾਂ ਨੇ ਆਪਣੇ-ਆਪ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਲੋਕ ਸਭਾ ਵਿੱਚ ਕਾਂਗਰਸ ਦੇ ਲੀਡਰ ਰਵਨੀਤ ਸਿੰਘ ਬਿੱਟੂ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਕਾਂਗੜ, ਚਰਨਜੀਤ ਸਿੰਘ ਚੰਨੀ ਨੇ ਚੰਡੀਗੜ੍ਹ ਵਿੱਚ ਸੁਖਜਿੰਦਰ ਰੰਧਾਵਾ ਦੀ ਰਿਹਾਇਸ਼ ‘ਤੇ ਮੀਟਿੰਗ ਕੀਤੀ।

ਇਸ ਤੋਂ ਬਾਅਦ ਹੋਰ ਵੀ ਕਈ ਮੀਟਿੰਗਾਂ ਹੋਈਆਂ ਪਰ ਮੁੱਦਾ ਉਸ ਸਮੇਂ ਹੋਰ ਗਰਮਾ ਗਿਆ ਜਦੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਇਸ ਹੱਦ ਤੱਕ ਕਹਿ ਦਿੱਤਾ ਕਿ ਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗ੍ਰਹਿ ਮੰਤਰੀ ਵਜੋਂ ਬਾਦਲਾਂ ਦੇ ਖ਼ਿਲਾਫ਼ ਕਾਰਵਾਈ ਨਹੀਂ ਕਰ ਸਕਦੇ ਤਾਂ ਹੋਰ ਯੋਗ ਵਿਅਕਤੀ ਵੀ ਹਨ, ਜਿਨ੍ਹਾਂ ਨੂੰ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।