India Khaas Lekh Punjab

1 ਜੂਨ, 1984-ਜਦੋਂ ਗਹਿਰ ਚੜ੍ਹੀ ਅਸਮਾਨੀ

‘ਦ ਖ਼ਾਲਸ ਟੀਵੀ ਬਿਊਰੋ-ਸੇਵਾ ਦੇ ਪੁੰਜ ਪ੍ਰੋ. ਪੂਰਨ ਸਿੰਘ ਇੱਕ ਥਾਂਈਂ ਲਿਖਦੇ ਹਨ,-ਅੰਮਿਤਸਰ ਸਰੋਵਰ ਦੀ ਪਰਿਕਰਮਾ ਕਰਨ ਵੇਲੇ ਸਲੈਬਾਂ ਉੱਤੇ ਸੰਭਲ-ਸੰਭਲ ਕਦਮ ਰੱਖੋ। ਹਰ ਇੱਕ ਸਲੈਬ ਹੇਠਾਂ ਸੈਂਕੜੇ ਸ਼ਹੀਦ ਸਿੰਘਾਂ ਦੇ ਸਿਰ ਹਨ।ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਲੰਘਦਿਆਂ ਜੋ ਸ਼ਰੀਰ ਨੂੰ ਸੁੰਨ ਚੜ੍ਹਦਾ ਹੈ, ਇਹ ਉਸੇ ਦਾ ਇਸ਼ਾਰਾ ਹੈ। ਸਾਕਾ ਨੀਲਾ ਤਾਰਾ ਦੀ ਸ਼ੁਰੂਆਤ 1 ਜੂਨ ਨੂੰ ਬੱਝਦੀ ਹੈ ਤੇ 6 ਜੂਨ ਤੱਕ ਦੇ ਕਾਲੇ ਦਿਨ ਤੱਕ ਅੱਪੜਦਿਆਂ ਲਹੂ ਦੀਆਂ ਧਾਰਾਂ ਤੇ ਸ਼ਹੀਦ ਸਿੰਘਾਂ ਦੇ ਜਿਸਮਾਂ ਦੇ ਟੋਟੇ ਦਿੱਲੀ ਦਰਬਾਰ ਦੇ ਤਖਤ ਦੇ ਪਾਵਿਆਂ ਹੇਠ ਚਿਣੇ ਹੋਏ ਮਹਿਸੂਸ ਹੋ ਜਾਂਦੇ ਹਨ।

ਦਰਬਾਰ ਸਾਹਿਬ ‘ਤੇ ਹਮਲਾ 1947 ਤੋਂ ਬਾਅਦ ਭਾਰਤ ਦੀ ਸਿੱਖ ਕੌਮ ਨੂੰ ਲਗਾਤਾਰ ਭੁੱਗਤਣੀ ਪੈ ਰਹੀ ਫਿਰਕੂ ਵਿਤਰਕੇਬਾਜ਼ੀ, ਧੱਕੇ ਧੋੜੇ ਤੇ ਬੇਇਨਸਾਫੀਆਂ ਦਾ ਸਿਖਰ ਹੈ।1 ਜੂਨ 1984 ਨੂੰ ਸੀਆਰਪੀਐੱਫ ਤੇ ਬਾਰਡਰ ਸਿਕਓਰਿਟੀ ਫੋਰਸ ਨੇ ਦਰਬਾਰ ਸਾਹਿਬ ਵੱਲ ਆਪਣੇ ਮਾੜੇ ਮਨਸੂਬੇ ਦੀ ਸ਼ੁਰੂਆਤ ਕਰ ਦਿੱਤੀ ਸੀ।ਕੋਈ ਸਾਢੇ 12 ਵਜੇ ਦਾ ਸਮਾਂ ਸੀ ਜਦੋਂ ਸੀਆਰਪੀਐਫ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰ ਦਿੱਤਾ।ਇਸ ਹਮਲੇ ਦੀ ਵਜ੍ਹਾ ਘੜਨ ਲਈ ਫੌਜ ਨੇ ਸ੍ਰੀ ਦਰਬਾਰ ਸਾਹਿਬ ਨਾਲ ਲਗਦੇ ਇਲਾਕੇ ਦੇ ਮੋਚੀ ਬਜ਼ਾਰ ਵਿਚ ਇਕ ਕੰਧ ਦੀ ਉਸਾਰੀ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁੱਝ ਅਧਿਕਾਰੀਆਂ ਨਾਲ ਝਗੜਾ ਕਰ ਲਿਆ। ਝਗੜਾ ਵਧਿਆ ਤਾਂ ਸੀਆਰਪੀਐਫ ਨੇ ਗੋਲੀ ਚਲਾਈ ਤਾਂ ਦੂਜੇ ਪਾਸਿਓਂ ਵੀ ਗੋਲੀ ਰਾਹੀਂ ਜਵਾਬ ਦਿੱਤਾ ਗਿਆ। ਇਹ ਸ਼ਾਮ ਤੱਕ ਚੱਲਦਾ ਰਿਹਾ।

ਇਤਿਹਾਸ ਦੱਸਦਾ ਹੈ ਕਿ ਗੋਲਬਾਰੀ ਕਾਰਨ ਗੁਰਦੁਆਰਾ ਬਾਬਾ ਅਟਲ ਰਾਏ ‘ਤੇ ਮੋਰਚਾ ਲਾਈ ਬੈਠੇ ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੋ ਗਏ। ਉਨ੍ਹਾਂ ਦਾ ਅੰਤਮ ਸਸਕਾਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਕੀਤਾ ਗਿਆ ਸੀ। ਇਸ ਦਿਨ ਪੂਰੇ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਗਿਆ।ਲੋਕਾਂ ਲਈ ਖੌਫ ਦੇ ਦਿਨਾਂ ਦੀ ਸ਼ੁਰੂਆਤ ਹੋ ਗਈ ਸੀ।

ਇਹ ਉਹ ਦਿਨ ਸੀ ਜਦੋਂ ਸਿੱਖਾਂ ਦੇ ਸ਼ਿਰੋਮਣੀ ਅਸਥਾਨ ਉੱਤੇ ਨਿਸ਼ਾਨੇ ਦੀ ਵਿਉਂਤਬੰਦੀ ਦੀ ਸ਼ੁਰੂਆਤ ਹੋ ਗਈ ਸੀ। ਇਹ ਦਿਨ ਸੀ ਜਦੋਂ ਸਿੱਖਾਂ ਦੇ ਮਨਾਂ ਵਿੱਚ ਭਾਰਤੀ ਰਾਜ ਪ੍ਰਬੰਧ ਦੇ ਖਿਲਾਫ ਗੁੱਸਾ ਤੇ ਬੇਗਾਨਗੀ ਵਾਲਾ ਬੀਜ ਫੁੱਟ ਪਿਆ ਸੀ।

ਜੂਨ ’84 ਦਾ ਇਹ ਸਾਕਾ ਕਈ ਲੋਕਾਂ ਨੇ ਪੜ੍ਹਿਆ ਹੈ ਤੇ ਕਈਆਂ ਨੇ ਪਿੰਡੇ ‘ਤੇ ਹੰਢਾਇਆ ਹੈ।ਸਰਕਾਰ ਨੇ ਇਸ ਕਾਰੇ ਨੂੰ ‘ਸਾਕਾ ਨੀਲਾ ਤਾਰਾ’ ਕਹਿ ਕੇ ਬੁਲਾਇਆ। ਪਰ ਸਿੱਖ ਇਹਨੂੰ ਤੀਸਰਾ ਘੱਲੂਘਾਰਾ ਕਹਿੰਦੇ ਹਨ। ਸਿੱਖ ਇਤਿਹਾਸ ਵਿਚ ਸਮੇਂ ਦੀਆਂ ਹਕੂਮਤਾਂ ਵੱਲੋਂ ਸਿੱਖ ਭਾਈਚਾਰੇ ਦੀ ਵੱਡੇ ਪੱਧਰ ‘ਤੇ ਬਰਬਾਦੀ ਕਰਨ ਦੇ ਅਮਲ ਨੂੰ ਪਹਿਲਾਂ ‘ਘੱਲੂਘਾਰਾ’ ਸ਼ਬਦ ਰਾਹੀਂ ਬਿਆਨ ਕੀਤਾ ਜਾਂਦਾ ਹੈ। 1984 ਦੇ ਇਸ ਸਾਕੇ ਬਾਰੇ ਵੀ ਕਾਫੀ ਕੁੱਝ ਲਿਖਿਆ ਗਿਆ ਹੈ।ਬਹੁਤ ਕੁੱਝ ਸੁਣਿਆ ਸੁਣਾਇਆ ਵੀ ਹੈ ਜੋ ਕਾਗਜਾਂ ‘ਤੇ ਹੂਬਹੂ ਉਤਾਰਿਆ ਨਹੀਂ ਗਿਆ।ਇਸ ਸਾਕੇ ਨੇ ਸਿੱਖ ਮਾਨਸਿਕਤਾ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖਿਆ ਹੈ।

ਇਨ੍ਹਾਂ ਦਿਨਾਂ ਵਿਚ ਹੀ ਗੁਰੂ ਅਰਜਨ ਦੇਵ ਜੀ ਦੀ ਹੋਈ ਸ਼ਹਾਦਤ ਦਾ ਸਬੱਬ ਵੀ ਇਸ ਸਾਕੇ ਨੂੰ ਸਿੱਖ ਇਤਿਹਾਸ ਵਿਚ ਹੋਰ ਗੂੜ੍ਹਾ ਕਰਦਾ ਹੈ।ਕੁਝ ਲੋਕ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਅਜਿਹਾ ਕੁਝ ਵਾਪਰਨ ਸਮੇਂ ਦੋਵਾਂ ਧਿਰਾਂ, ਖਾਸ ਤੌਰ ‘ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਹੋਰ ਸਿੰਘਾਂ ਦੀ ਪਹੁੰਚ ਨੂੰ ਗ਼ੈਰ-ਵਾਜਿਬ ਠਹਿਰਾਉਂਦੇ ਹਨ। ਉਨ੍ਹਾਂ ਦਾ ਮੱਤ ਹੈ ਕਿ ਪਵਿਤਰਤਾ ਅਤੇ ਮਰਯਾਦਾ ਦਾ ਖਿਆਲ ਰਖਦਿਆਂ ਧਾਰਮਿਕ ਸਥਾਨਾਂ ਨੂੰ ਜੰਗੀ ਅਖਾੜੇ ਨਹੀਂ ਬਣਾਉਣਾ ਚਾਹੀਦਾ ਸੀ। ਇਹ ਇੱਕ ਮੱਤ ਹੋ ਸਕਦਾ ਹੈ। ਇਸਦੇ ਜਵਾਬ ਵਿੱਚ ਪੰਜਾਬੀ ਦੇ ਨਾਮਵਰ ਕਵੀ ਪ੍ਰੋ: ਪੂਰਨ ਸਿੰਘ ਦੇ ਇਹ ਸ਼ਬਦ ਧਿਆਨ ਮੰਗਦੇ ਹਨ ‘ਅੰਮ੍ਰਿਤਸਰ ਸਰੋਵਰ ਦੀ ਪਰਿਕਰਮਾ ਕਰਨ ਵੇਲੇ ਸਲੈਬਾਂ ਉਤੇ ਸੰਭਲ-ਸੰਭਲ ਕੇ ਕਦਮ ਰੱਖੋ।ਇਸ ਮਤ ਦਾ ਕਈ ਵਿਦਵਾਨਾਂ ਨੇ ਮੋੜਵਾਂ ਜਵਾਬ ਵੀ ਦਿੱਤਾ ਹੈ।ਅਸਲ ਵਿੱਚ ਇਹ ਸਾਕਾ ਕਿਉਂ ਵਾਪਰਿਆ, ਇਸ ਦਾ ਪਿਛੋਕੜ 1947 ਦੀ ਵੰਡ ਨਾਲ ਜਾ ਜੁੜਦਾ ਹੈ।