India

ਹਿਮਾਚਲ ‘ਚ ਜੁਲਾਈ ‘ਚ ਰਿਕਾਰਡ ਤੋੜ ਮੀਂਹ: ਆਮ ਨਾਲੋਂ 71% ਵੱਧ ਵਰਖਾ; 706 ਘਰ ਤਬਾਹ, ਲੋਕ ਬੇਘਰ

Himachal's record-breaking rainfall in July: 71% more than normal; 706 houses destroyed, 190 dead, people homeless

ਹਿਮਾਚਲ ਵਿੱਚ ਜੁਲਾਈ ਵਿੱਚ ਹੋਈ ਬਾਰਸ਼ ਨੇ ਕਈ ਦਹਾਕਿਆਂ ਦੇ ਰਿਕਾਰਡ ਤੋੜ ਦਿੱਤੇ ਹਨ। ਸੂਬੇ ਵਿੱਚ 1 ਤੋਂ 31 ਜੁਲਾਈ ਤੱਕ 255.9 ਮਿਲੀਮੀਟਰ ਮੀਂਹ ਪੈਂਦਾ ਹੈ ਪਰ ਇਸ ਵਾਰ 437.5 ਮਿਲੀਮੀਟਰ ਮੀਂਹ ਪਿਆ ਹੈ, ਜੋ ਕਿ ਆਮ ਨਾਲੋਂ 71 ਫ਼ੀਸਦੀ ਵੱਧ ਹੈ।

ਸਿਰਮੌਰ ਜ਼ਿਲ੍ਹੇ ਵਿੱਚ 31 ਦਿਨਾਂ ਵਿੱਚ ਸਭ ਤੋਂ ਵੱਧ 1097.5 ਮਿਲੀਮੀਟਰ ਮੀਂਹ ਪਿਆ। ਇਹ ਹੁਣ ਤੱਕ ਦੀ ਰਿਕਾਰਡ ਬਾਰਸ਼ ਹੈ। ਇਸ ਤੋਂ ਪਹਿਲਾਂ ਸਿਰਮੌਰ ਦੇ ਨਾਹਨ ਵਿੱਚ ਸਾਲ 2010 ਵਿੱਚ ਰਿਕਾਰਡ 843.2 ਮਿਲੀਮੀਟਰ ਮੀਂਹ ਪਿਆ ਸੀ। ਸੋਲਨ ਜ਼ਿਲ੍ਹੇ ਵਿੱਚ ਵੀ 735 ਮਿਲੀਮੀਟਰ ਮੀਂਹ ਨੇ ਤਬਾਹੀ ਮਚਾਈ।

ਸੋਲਨ ਵਿੱਚ ਅੱਜ ਤੋਂ ਪਹਿਲਾਂ ਕਦੇ ਵੀ ਜੁਲਾਈ ਵਿੱਚ ਇੰਨੀ ਬਾਰਸ਼ ਨਹੀਂ ਹੋਈ ਸੀ। ਸਾਲ 2010 ਵਿੱਚ ਇੱਥੇ 488 ਮਿਲੀਮੀਟਰ ਮੀਂਹ ਪਿਆ ਸੀ। ਸ਼ਿਮਲਾ ਜ਼ਿਲ੍ਹੇ ਵਿੱਚ ਵੀ ਇਸ ਵਾਰ 584 ਮਿਲੀਮੀਟਰ ਮੀਂਹ ਪਿਆ, ਜੋ ਕਿ 18 ਸਾਲਾਂ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 2005 ਵਿੱਚ ਸ਼ਿਮਲਾ ਜ਼ਿਲ੍ਹੇ ਵਿੱਚ 723 ਮਿਲੀਮੀਟਰ ਮੀਂਹ ਪਿਆ ਸੀ।
ਜਦੋਂ ਕਿ ਕਾਂਗੜਾ ਜ਼ਿਲ੍ਹੇ ਵਿੱਚ 654 ਮਿਲੀਮੀਟਰ, ਬਿਲਾਸਪੁਰ ਜ਼ਿਲ੍ਹੇ ਵਿੱਚ 459 ਮਿਲੀਮੀਟਰ, ਚੰਬਾ ਵਿੱਚ 484 ਮਿਲੀਮੀਟਰ, ਹਮੀਰਪੁਰ ਵਿੱਚ 479 ਮਿਲੀਮੀਟਰ, ਕਿਨੌਰ ਵਿੱਚ 197 ਮਿਲੀਮੀਟਰ, ਕੁੱਲੂ ਵਿੱਚ 476 ਮਿਲੀਮੀਟਰ, ਲਾਹੌਲ ਸਪਿਤੀ ਵਿੱਚ 156 ਮਿਲੀਮੀਟਰ, ਊਨਾ ਵਿੱਚ 410 ਮਿਲੀਮੀਟਰ ਮੀਂਹ ਪਿਆ।

190 ਲੋਕਾਂ ਦੀ ਜਾਨ ਚਲੀ ਗਈ

ਸੂਬੇ ‘ਚ ਮੀਂਹ ਕਾਰਨ ਹੁਣ ਤੱਕ 190 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ‘ਚੋਂ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ 54 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 219 ਲੋਕ ਜ਼ਖ਼ਮੀ ਹਨ ਅਤੇ 34 ਲਾਪਤਾ ਹਨ। ਸੂਬੇ ‘ਚ ਹੁਣ ਤੱਕ 706 ਘਰ ਤਬਾਹ ਹੋ ਚੁੱਕੇ ਹਨ, ਜਦਕਿ 7192 ਘਰ ਨੁਕਸਾਨੇ ਗਏ ਹਨ। 244 ਦੁਕਾਨਾਂ, 2236 ਗਊਸ਼ਾਲਾਵਾਂ ਤਬਾਹ ਹੋ ਚੁੱਕੀਆਂ ਹਨ। ਸੈਂਕੜੇ ਲੋਕ ਬੇਘਰ ਹੋ ਗਏ ਹਨ। ਸੂਬੇ ਵਿੱਚ ਹੁਣ ਤੱਕ ਜ਼ਮੀਨ ਖਿਸਕਣ ਦੀਆਂ 76 ਵੱਡੀਆਂ ਘਟਨਾਵਾਂ ਅਤੇ ਅਚਾਨਕ ਹੜ੍ਹਾਂ ਦੀਆਂ 53 ਘਟਨਾਵਾਂ ਵਾਪਰ ਚੁੱਕੀਆਂ ਹਨ।

5691 ਕਰੋੜ ਦੀ ਸਰਕਾਰੀ ਅਤੇ ਨਿੱਜੀ ਸੰਪਤੀ ਤਬਾਹ

ਸੂਬੇ ਵਿੱਚ 5691 ਕਰੋੜ ਰੁਪਏ ਦੀ ਸਰਕਾਰੀ ਅਤੇ ਨਿੱਜੀ ਜਾਇਦਾਦ ਤਬਾਹ ਹੋ ਚੁੱਕੀ ਹੈ। ਇਕੱਲੇ ਲੋਕ ਨਿਰਮਾਣ ਵਿਭਾਗ ਦੇ 1962.09 ਕਰੋੜ ਰੁਪਏ, ਜਲ ਸ਼ਕਤੀ ਵਿਭਾਗ ਦੇ 1543 ਕਰੋੜ ਰੁਪਏ, ਬਿਜਲੀ ਬੋਰਡ ਦੇ 1505.73 ਕਰੋੜ ਰੁਪਏ ਬਰਬਾਦ ਹੋਏ ਹਨ।

ਸ਼ਿਮਲਾ ਜ਼ਿਲ੍ਹੇ ਵਿੱਚ 8-10 ਦਿਨਾਂ ਦੌਰਾਨ ਭਾਰੀ ਤਬਾਹੀ

ਮੰਡੀ ਅਤੇ ਕੁੱਲੂ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਜਦੋਂ ਕਿ ਸ਼ਿਮਲਾ ਜ਼ਿਲ੍ਹੇ ਵਿੱਚ ਪਿਛਲੇ 8-10 ਦਿਨਾਂ ਵਿੱਚ ਸਭ ਤੋਂ ਵੱਧ ਤਬਾਹੀ ਹੋਈ ਹੈ। ਸ਼ਿਮਲਾ ਜ਼ਿਲ੍ਹੇ ਦੇ ਕੋਟਗੜ੍ਹ, ਬਲਸਾਨ, ਸਾਂਜ, ਜੁਬਲ, ਖਾਨੇਤੀ, ਖਡਾਹਾਨ ਅਤੇ ਰੋਹੜੂ ਖੇਤਰਾਂ ਵਿੱਚ ਵੀ ਤਬਾਹੀ ਹੋਈ ਹੈ।

ਮੌਸਮ ਵਿਭਾਗ ਮੁਤਾਬਕ ਅਗਲੇ 6 ਦਿਨਾਂ ਤੱਕ ਮੀਂਹ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਹਾਲਾਂਕਿ ਅੱਜ ਮਾਨਸੂਨ ਥੋੜ੍ਹਾ ਕਮਜ਼ੋਰ ਰਹੇਗਾ। ਭਲਕੇ ਤੋਂ ਇਹ ਹੋਰ ਸਰਗਰਮ ਹੋਵੇਗਾ ਅਤੇ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

364 ਸੜਕਾਂ 20 ਦਿਨਾਂ ਲਈ ਬੰਦ

ਭਾਰੀ ਮੀਂਹ ਕਾਰਨ ਹੋਈ ਤਬਾਹੀ ਕਾਰਨ 363 ਸੜਕਾਂ 20 ਦਿਨਾਂ ਤੋਂ ਬੰਦ ਹਨ। ਇਸ ਕਾਰਨ ਸੂਬੇ ਦੇ ਲੋਕਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸੇਬਾਂ ਦੀ ਢੋਆ-ਢੁਆਈ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਈ ਹੈ। ਪੇਂਡੂ ਖੇਤਰ ਦੀਆਂ ਲਿੰਕ ਸੜਕਾਂ ਸਮੇਤ ਬੰਦ ਪਈਆਂ ਸੜਕਾਂ ਦੀ ਗਿਣਤੀ ਸੈਂਕੜੇ ਵਿੱਚ ਹੈ।