‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਅੰਦੋਲਨ ਨੂੰ ਲੈ ਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਪੰਜਾਬ ਭਾਜਪਾ ਲੀਡਰ ਅਨਿਲ ਜੋਸ਼ੀ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ‘ਉੱਚੇ ਅਹੁਦੇ ਵਾਲਿਆਂ ਨੂੰ ਕਿਸਾਨਾਂ ਦੇ ਹਾਲ ਦਾ ਪਤਾ ਨਹੀਂ ਹੈ। 2022 ਦੀਆਂ ਚੋਣਾਂ ਵਿੱਚ ਬੀਜੇਪੀ ਨੂੰ ਇਸਦਾ ਨੁਕਸਾਨ ਝੱਲਣਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਬਾਰੇ ਹਾਈਕਮਾਨ ਤੱਕ ਵੀ ਮੈਂ ਆਪਣੀ ਗੱਲ ਪਹੁੰਚਾਈ ਸੀ ਪਰ ਕਿਸੇ ਨੇ ਮੇਰੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ। ਸਰਕਾਰ ਨੂੰ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ’। ਉਨ੍ਹਾਂ ਕਿਹਾ ਕਿ ‘ਦਿੱਲੀ ਬਾਰਡਰਾਂ ‘ਤੇ ਕਿਸਾਨਾਂ ਨੇ ਸਰਦੀਆਂ ਝੱਲੀਆਂ, ਲੰਮਾ ਸੰਘਰਸ਼ ਹੋ ਗਿਆ, ਦਿੱਲੀ ਬਾਰਡਰਾਂ ‘ਤੇ 6 ਮਹੀਨੇ ਹੋ ਗਏ, 500 ਦੇ ਕਰੀਬ ਕਿਸਾਨ ਸ਼ਹੀਦ ਹੋ ਗਏ, ਸਰਕਾਰ ਨੂੰ ਕੁੱਝ ਤਾਂ ਦਰਦ ਉੱਠਣਾ ਹੀ ਚਾਹੀਦਾ ਹੈ। ਅਸੀਂ ਪੰਜਾਬ ਵਿੱਚ ਰਹਿੰਦੇ ਹਾਂ, ਪਿੰਡਾਂ ਵਿੱਚ ਰਹਿੰਦੇ ਹਾਂ, ਕਿਸਾਨੀ ਕਰਕੇ ਇੱਥੇ ਤੱਕ ਆਏ ਹਾਂ’।