India International

ਟਵਿੱਟਰ ਦੀ ਉਪ-ਰਾਸ਼ਟਰਪਤੀ ਖਿਲਾਫ ਕਾਰਵਾਈ ਤੋਂ ਭਾਰਤ ਨਰਾਜ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਟਵਿੱਟਰ ਨੇ ਇੱਕ ਅਜਿਹੀ ਕਾਰਵਾਈ ਕੀਤੀ ਹੈ, ਜਿਸ ਤੋਂ ਭਾਰਤ ਕਾਫੀ ਨਰਾਜ਼ ਨਜ਼ਰ ਆ ਰਿਹਾ ਹੈ। ਟਵਿੱਟਰ ਨੇ ਭਾਰਤ ਦੇ ਉਪ-ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਦੇ ਅਕਾਊਂਟ ਨੂੰ ਅਨ-ਵੈਰੀਫਾਈ (Unverify) ਕਰ ਦਿੱਤਾ ਸੀ, ਪਰ ਬਾਅਦ ਵਿੱਚ ਮੁੜ ਅਕਾਊਂਟ ਨੂੰ ਰਿਸਟੋਰ ਕਰ ਦਿੱਤਾ। ਟਵਿੱਟਰ ਨੇ ਵੈਂਕਈਆ ਨਾਇਡੂ ਦੇ ਨਿੱਜੀ ਟਵਿੱਟਰ ਹੈਂਡਲ ਤੋਂ ਬਲੂ ਟਿਕ ਦੇ ਨਿਸ਼ਾਨ ਨੂੰ ਹਟਾ ਦਿੱਤਾ ਸੀ। ਹਾਲਾਂਕਿ, ਉਨ੍ਹਾਂ ਦੇ ਅਧਿਕਾਰਿਤ ਟਵਿੱਟਰ ਹੈਂਡਲ ਉੱਪਰ ਨੀਲੀ ਟਿੱਕ ਬਰਕਰਾਰ ਰਹੀ। ਆਈਟੀ ਮੰਤਰਾਲੇ ਨੇ ਇਸ ਗੱਲ ਦਾ ਸਖਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਉਪ-ਰਾਸ਼ਟਰਪਤੀ ਦੇ ਨਾਲ ਅਜਿਹਾ ਸਲੂਕ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਕਿਹਾ ਜਾ ਰਿਹਾ ਹੈ ਕਿ ਵੈਂਕਈਆ ਨਾਇਡੂ ਦੇ ਅਕਾਊਂਟ ਤੋਂ ਇਹ ਟਿੱਕ ਲੰਬਾ ਅਰਸਾ ਸਰਗਰਮ ਨਾ ਰਹਿਣ ਕਾਰਨ ਹਟਾਇਆ ਗਿਆ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਟਵਿੱਟਰ ਦੀਆਂ ਦਲੀਲਾਂ ਗਲਤ ਹਨ ਅਤੇ ਸਰਕਾਰ ਇਸ ਨਾਲ ਸਖਤੀ ਨਾਲ ਨਿਪਟੇਗੀ। ਟਵਿੱਟਰ ਅਤੇ ਭਾਰਤ ਸਰਕਾਰ ਦਰਮਿਆਨ ਨਵੇਂ ਆਈਟੀ ਨਿਯਮਾਂ ਦੀ ਪਾਲਣਾ ਬਾਰੇ ਕਈ ਦਿਨਾਂ ਤੋਂ ਤਣਾਅ ਬਣਿਆ ਹੋਇਆ ਹੈ ਅਤੇ ਸਰਕਾਰ ਦਾ ਕਹਿਣਾ ਹੈ ਕਿ ਟਵਿੱਟਰ ਨੂੰ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।

ਨੀਲੀ ਟਿਕ ਕਿਉਂ ਹੈ ਜ਼ਰੂਰੀ

ਟਵਿੱਟਰ ਤੋਂ ਨੀਲੀ ਟਿਕ ਹਾਸਲ ਕਰਨ ਲਈ ਵਿਅਕਤੀ ਨੂੰ ਆਪਣੀ ਪਛਾਣ ਸਥਾਪਤ ਕਰਨੀ ਪੈਂਦੀ ਹੈ। ਇਸ ਦੀ ਮਦਦ ਨਾਲ ਲੋਕਾਂ ਨੂੰ ਨਕਲੀ ਖਾਤਿਆਂ ਵਿੱਚ ਫਰਕ ਕਰਨ ਵਿੱਚ ਸੌਖ ਰਹਿੰਦੀ ਹੈ। ਇਸਨੂੰ Blue Verified Batch ਕਿਹਾ ਜਾਂਦਾ ਹੈ, ਜੋ ਟਵਿੱਟਰ ਵੱਲੋਂ ਦਿੱਤਾ ਜਾਂਦਾ ਹੈ।

ਟਵਿੱਟਰ Blue Verified Batch ਕਿਵੇਂ ਲੈ ਸਕਦਾ ਹੈ ਵਾਪਿਸ

  • ਜੇ ਵਿਅਕਤੀ ਆਪਣੇ ਹੈਂਡਲ ਵਿੱਚ ਕੋਈ ਬਦਲਾਅ ਕਰੇ।
  • ਵਿਅਕਤੀ ਉਸ ਅਹੁਦੇ ‘ਤੇ ਨਾ ਰਹੇ, ਜਿੱਥੇ ਰਹਿੰਦਿਆਂ ਉਸ ਨੇ ਅਕਾਊਂਟ ਵੈਰੀਫਾਈ ਕਰਵਾਇਆ ਸੀ।
  • ਜੇ ਅਕਾਊਂਟ ਹੋਲਡਰ ਟਵਿੱਟਰ ਦੀਆਂ ਨੀਤੀਆਂ ਦੀ ਪਾਲਣਾ ਨਾ ਕਰੇ।
  • ਨਫ਼ਰਤ, ਹਿੰਸਾ ਫੈਲਾਉਣ ਵਾਲੀਆਂ ਟਵੀਟਾਂ ਕਰੇ।