The Khalas Tv Blog Punjab ਹਾਈਕੋਰਟ ਨੇ ਸੈਣੀ ਨੂੰ ਨਿਆਂਪਾਲਿਕਾ ਦਾ ਲਾਹਾ ਲੈਣ ਤੋਂ ਤਾੜਿਆ
Punjab

ਹਾਈਕੋਰਟ ਨੇ ਸੈਣੀ ਨੂੰ ਨਿਆਂਪਾਲਿਕਾ ਦਾ ਲਾਹਾ ਲੈਣ ਤੋਂ ਤਾੜਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਪੁਲਿਸ ਸੁਮੇਧ ਸਿੰਘ ਸੈਣੀ ਨੂੰ ਚਾਹੇ ਹਾਈਕੋਰਟ ਤੋਂ ਰਾਹਤ ਮਿਲ ਗਈ ਸੀ ਪਰ ਫਿਰ ਵੀ ਮੁਸੀਬਤਾਂ ਉਸਦਾ ਖਹਿੜਾ ਛੱਡਣ ਦਾ ਨਾਂ ਨਹੀਂ ਲੈ ਰਹੀਆਂ। ਬਲਵੰਤ ਸਿੰਘ ਮੁਲਤਾਨੀ ਮਾਮਲੇ ਤੋਂ ਲੈ ਕੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਵੱਖ-ਵੱਖ ਕੇਸਾਂ ਵਿੱਚ ਉਸਦੀ ਜਾਨ ਕੁੜਿੱਕੀ ਵਿੱਚ ਲਗਾਤਾਰ ਪਿਸਦੀ ਜਾ ਰਹੀ ਹੈ। ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੁਮੇਧ ਸੈਣੀ ਨੂੰ ਇੱਕ ਕੇਸ ਦੀ ਸੁਣਵਾਈ ਦੌਰਾਨ ਝਾੜ ਪਾਈ।

ਸੈਣੀ ਨੇ ਅਦਾਲਤ ਨੂੰ ਇੱਕ ਅਰਜ਼ੀ ਲਿਖ ਕੇ ਮੰਗ ਕੀਤੀ ਸੀ ਕਿ ਵਿਜੀਲੈਂਸ ਉਸਦੇ ਖਿਲਾਫ਼ ਨਵੀਂ ਧਾਰਾ ਜੋੜਨ ਤੋਂ ਪਹਿਲਾਂ ਹਾਈ ਕੋਰਟ ਦੀ ਇਜਾਜ਼ਤ ਲਿਆ ਕਰੇ। ਇਸ ‘ਤੇ ਹਾਈ ਕੋਰਟ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਉਨ੍ਹਾਂ ਨੂੰ ਵਾਰ -ਵਾਰ ਅਰਜ਼ੀਆਂ ਦਾਇਰ ਕਰਕੇ ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ ਕਰਨ ਤੋਂ ਵਰਜ ਦਿੱਤਾ ਹੈ ਅਤੇ ਨਾਲ ਹੀ ਆਪਣੀ ਹੱਦ ਦੇ ਅੰਦਰ ਰਹਿਣ ਲਈ ਵੀ ਤਾੜਨਾ ਕੀਤੀ ਹੈ। ਹਾਈ ਕੋਰਟ ਦੇ ਇਸ ਸਟੈਂਡ ਤੋਂ ਬਾਅਦ ਸੈਣੀ ਨੇ ਆਪਣੀ ਅਰਜ਼ੀ ਵਾਪਸ ਲੈ ਲਈ।

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਹਾਈ ਕੋਰਟ ਨੇ 12 ਅਗਸਤ ਨੂੰ ਸੁਮੇਧ ਸਿੰਘ ਸੈਣੀ ਨੂੰ ਅੰਤ੍ਰਿਮ ਜ਼ਮਾਨਤ ਦਿੰਦੇ ਹੋਏ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਸਨ। ਇਸ ਦੇ ਨਾਲ ਹੀ ਇਹ ਵੀ ਕਿਹਾ ਸੀ ਕਿ ਉਹ ਆਪਣਾ ਪਾਸਪੋਰਟ ਅਦਾਲਤ ਵਿੱਚ ਜਮ੍ਹਾ ਕਰਵਾ ਦੇਣ, ਜਿਸਦਾ ਮਤਲਬ ਇਹ ਕਿ ਉਨ੍ਹਾਂ ਦੇ ਵਿਦੇਸ਼ ਜਾਣ ‘ਤੇ ਰੋਕ ਲਗਾ ਦਿੱਤੀ ਗਈ ਸੀ। ਵਿਜੀਲੈਂਸ ਨੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨਿਮਰਤ ਦੀਪ ਸਿੰਘ, ਉਨ੍ਹਾਂ ਦੇ ਪਿਤਾ ਸੁਰੇਂਦਰ ਸਿੰਘ ਜਸਪਾਲ, ਅਜੈ ਕੌਸ਼ਲ, ਪ੍ਰਦੁਮਨ ਸਿੰਘ, ਪਰਮਜੀਤ ਸਿੰਘ, ਅਮਿਤ ਸਿੰਗਲਾ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਅਤੇ ਭ੍ਰਿਸ਼ਟਾਚਾਰ ਕਰਨ ਦੇ ਦੋਸ਼ਾਂ ਵਿੱਚ ਨਾਮਜ਼ਦ ਕੀਤਾ ਸੀ।

ਸੁਮੇਧ ਸੈਣੀ ਨੇ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕਰਦਿਆਂ ਕਿਹਾ ਸੀ ਕਿ ਅੰਤ੍ਰਿਮ ਜ਼ਮਾਨਤ ਮਿਲਣ ਤੋਂ ਬਾਅਦ ਵਿਜੀਲੈਂਸ ਆਪਣੀ ਰਣਨੀਤੀ ਬਦਲ ਰਹੀ ਹੈ ਅਤੇ ਐੱਫਆਈਆਰ ਵਿੱਚ ਨਵੀਆਂ ਧਾਰਾਵਾਂ ਜੋੜ ਕੇ ਕਾਰਵਾਈ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਨੇ ਹਾਈ ਕੋਰਟ ਨੂੰ ਇਹ ਅਪੀਲ ਵੀ ਕੀਤੀ ਸੀ ਕਿ ਜੇ ਵਿਜੀਲੈਂਸ ਬਿਊਰੋ ਉਨ੍ਹਾਂ ਵਿਰੁੱਧ ਕਾਰਵਾਈ ਕਰਨਾ ਚਾਹੁੰਦਾ ਹੈ ਤਾਂ ਪਹਿਲਾਂ ਹਾਈ ਕੋਰਟ ਦੀ ਇਜਾਜ਼ਤ ਲੈਣੀ ਚਾਹੀਦੀ ਹੈ।

ਸੈਣੀ ਦੀ ਅਰਜ਼ੀ ‘ਤੇ ਸੁਣਵਾਈ ਦੌਰਾਨ ਹਾਈ ਕੋਰਟ ਨੇ ਸੁਮੇਧ ਸੈਣੀ ਨੂੰ ਸਖ਼ਤ ਝਾੜ ਪਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਅੰਤ੍ਰਿਮ ਜ਼ਮਾਨਤ ਦਿੱਤੀ ਜਾ ਚੁੱਕੀ ਹੈ ਤਾਂ ਵਾਰ-ਵਾਰ ਨਵੀਆਂ ਅਰਜ਼ੀਆਂ ਰਾਹੀਂ ਨਿਆਂ ਪਾਲਿਕਾ ਦੀ ਦੁਰਵਰਤੋਂ ਕਰਨ ਦੀ ਕੋਈ ਤੁੱਕ ਨਹੀਂ ਰਹਿ ਜਾਂਦੀ, ਜਿਸ ‘ਤੇ ਸੁਮੇਧ ਸੈਣੀ ਨੇ ਆਪਣੀ ਅਰਜ਼ੀ ਵਾਪਸ ਲੈ ਲਈ।

Exit mobile version