Punjab

ਮੁੱਖ ਮੰਤਰੀ ਮਾਨ ਦੇ ਡ੍ਰੀਮ ਪ੍ਰੋਜੈਕਟ ਨੂੰ ਲੱਗਾ ਝਟਕਾ, ਨਿਰਮਾਣ ਕਾਰਜ ‘ਤੇ ਲੱਗੀ ਰੋਕ, ਬਣੀ ਇਹ ਵਜ੍ਹਾ

CM Bhagwant Mann

ਸੰਗਰੂਰ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਡ੍ਰੀਮ ਪ੍ਰੋਜੈਕਟ ਸੰਗਰੂਰ ਮੈਡੀਕਲ ਕਾਲਜ ਨੂੰ ਝਟਕਾ ਲੱਗਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸਦੇ ਨਿਰਮਾਣ ਉੱਤੇ ਰੋਕ ਲਗਾ ਦਿੱਤੀ ਹੈ। ਦਰਅਸਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜ਼ਮੀਨ ਟ੍ਰਾਂਸਫਰ ਨੂੰ ਲੈ ਕੇ ਇਤਰਾਜ਼ ਜਤਾਇਆ ਹੈ। ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਇਹ ਜ਼ਮੀਨ ਗੁਰਦੁਆਰਾ ਸਾਹਿਬ ਦੀ ਹੈ। ਟਰੱਸਟ ਇਸਨੂੰ ਆਪਣੇ ਪੱਧਰ ਉੱਤੇ ਸਰਕਾਰ ਨੂੰ ਟਰਾਂਸਫਰ ਜਾਂ ਕਾਲਜ ਬਣਾਉਣ ਦੀ ਇਜ਼ਾਜਤ ਨਹੀਂ ਦੇ ਸਕਦਾ, ਜਿਸ ਤੋਂ ਬਾਅਦ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 22 ਸਤੰਬਰ ਨੂੰ ਹੋਵੇਗੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 5 ਅਗਸਤ ਨੂੰ ਮੈਡੀਕਲ ਕਾਲਜ ਦੀ ਨੀਂਹ ਪੱਥਰ ਰੱਖਿਆ ਸੀ। ਹਾਲਾਂਕਿ, ਸ਼੍ਰੋਮਣੀ ਕਮੇਟੀ ਇਸ ਤੋਂ ਪਹਿਲਾਂ ਹੀ ਜੁਲਾਈ ਵਿੱਚ ਹਾਈਕੋਰਟ ਪਹੁੰਚ ਗਈ ਸੀ। ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਟਰੱਸਟ ਵੱਲੋਂ ਇਹ ਜ਼ਮੀਨ ਤੋਹਫ਼ੇ ਦੇ ਤੌਰ ਉੱਤੇ ਪੰਜਾਬ ਸਰਕਾਰ ਨੂੰ ਦੇਣ ਦਾ ਵਿਰੋਧ ਕੀਤਾ ਸੀ। ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਜ਼ਮੀਨ ਦਾ ਮਾਲਕੀ ਹੱਕ ਗੁਰਦੁਆਰੇ ਦਾ ਹੈ। ਇਹ ਗੁਰਦੁਆਰਾ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦਾ ਹੈ। ਹਾਈਕੋਰਟ ਨੇ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਸੀ। ਇਸਦੇ ਬਾਵਜੂਦ ਮੁੱਖ ਮੰਤਰੀ ਮਾਨ ਨੇ ਇੱਥੇ ਨੀਂਹ ਪੱਥਰ ਰੱਖਿਆ।

ਕੀ ਹਨ ਕਾਲਜ ਦੀਆਂ ਵਿਸ਼ੇਸ਼ ਗੱਲਾਂ ?

• ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਨਾਮ ਉੱਤੇ ਬਣ ਰਹੇ ਕਾਲਜ ਉੱਤੇ 345 ਕਰੋੜ ਰੁਪਏ ਖਰਚ ਹੋ ਰਹੇ ਹਨ।

• ਇਸ ਪ੍ਰੋਜੈਕਟ ਨੂੰ 31 ਮਾਰਚ 2023 ਤੱਕ ਪੂਰਾ ਕਰਨ ਦਾ ਟਾਰਗੇਟ ਰੱਖਿਆ ਗਿਆ ਹੈ।

• ਅਗਲੇ ਸਾਲ 1 ਅਪ੍ਰੈਲ ਤੋਂ ਅਕਾਦਮਿਕ ਸੈਸ਼ਨ ਸ਼ੁਰੂ ਕਰਨ ਦੀ ਵੀ ਸੀ ਤਿਆਰੀ।

• 25 ਏਕੜ ਵਿੱਚ ਬਣ ਰਿਹਾ ਹੈ ਇਹ ਮੈਡੀਕਲ ਕਾਲਜ।