ਹਿਮਾਚਲ ਪ੍ਰਦੇਸ਼ : ਮੌਸਮ ਵਿਭਾਗ ਨੇ ਹਿਮਾਚਲ ਵਿੱਚ 30 ਜਨਵਰੀ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਸੂਬੇ ਦੇ ਨੀਵੇਂ ਇਲਾਕਿਆਂ ‘ਚ ਵੀ ਕਾਫੀ ਸਮੇਂ ਬਾਅਦ ਬਾਰਿਸ਼ ਹੋ ਰਹੀ ਹੈ, ਜੋ ਕਿ ਫਸਲਾਂ ਲਈ ਕਾਫੀ ਲਾਹੇਵੰਦ ਹੈ। ਸ਼ਿਮਲਾ ਰਾਮਪੁਰ ਹਾਈਵੇਅ, ਲੇਹ ਮਨਾਲੀ, ਸ਼ਿਮਲਾ-ਕਿਨੌਰ ਅਤੇ ਜਲੋੜੀ ਹਾਈਵੇਅ ਬੰਦ ਹਨ।
ਸਥਿਤੀ ਇਹ ਹੈ ਕਿ ਸੂਬੇ ਭਰ ‘ਚ ਬਰਫਬਾਰੀ ਦਾ ਜਨਜੀਵਨ ‘ਤੇ ਵਿਆਪਕ ਅਸਰ ਪਿਆ ਹੈ। ਅੱਪਰ ਸ਼ਿਮਲਾ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ਬੰਦ ਹੋ ਗਈਆਂ ਹਨ। ਲਾਹੌਲ ਸਪਿਤੀ ‘ਚ ਦੇਰ ਰਾਤ ਤੋਂ ਹੀ ਬਰਫਬਾਰੀ ਹੋ ਰਹੀ ਹੈ ਅਤੇ ਇੱਥੇ 150 ਤੋਂ ਜ਼ਿਆਦਾ ਸੜਕਾਂ ਬੰਦ ਹਨ। ਸੋਲਾਂਗ ਨਾਲੇ ਤੋਂ ਅੱਗੇ ਲੇਹ-ਮਨਾਲੀ ਹਾਈਵੇਅ ਬੰਦ ਹੈ। ਅਟਲ ਸੁਰੰਗ ‘ਤੇ ਵੀ ਭਾਰੀ ਬਰਫ਼ਬਾਰੀ ਹੋਈ ਹੈ।
ਜਾਣਕਾਰੀ ਮੁਤਾਬਿਕ ਸ਼ਿਮਲਾ ਦੇ ਨਾਰਕੰਡਾ, ਕੁਫਰੀ ਅਤੇ ਖੜਾਪੱਥਰ ‘ਚ ਦੇਰ ਰਾਤ ਤੋਂ ਬਰਫਬਾਰੀ ਹੋ ਰਹੀ ਹੈ। ਇਨ੍ਹਾਂ ਰਸਤਿਆਂ ’ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਕਿਉਂਕਿ ਬਰਫ਼ ਦੇ ਢੇਰਾਂ ਨਾਲ ਸੜਕਾਂ ਤਿਲਕਣ ਹੋ ਗਈਆਂ ਹਨ। ਕੁਝ ਪੇਂਡੂ ਖੇਤਰਾਂ ਵਿੱਚ ਦੇਰ ਰਾਤ ਤੋਂ ਹੀ ਬਿਜਲੀ ਗੁੱਲ ਹੈ।
ਸ਼ਿਮਲਾ ਪੁਲਿਸ ਨੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਲਈ ਇੱਕ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਤਿਲਕਣ ਅਤੇ ਬੰਦ ਸੜਕਾਂ ‘ਤੇ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਐਮਰਜੈਂਸੀ ਲਈ 0177-2812344 ਨੰਬਰ ਜਾਰੀ ਕੀਤਾ ਗਿਆ ਹੈ।
ਲਾਹੌਲ ਘਾਟੀ ‘ਚ ਦੇਰ ਰਾਤ ਤੋਂ ਮੌਸਮ ਬਦਲ ਗਿਆ ਹੈ ਅਤੇ ਲਗਾਤਾਰ ਬਰਫਬਾਰੀ ਹੋ ਰਹੀ ਹੈ। ਇੱਥੇ 3 ਫੁੱਟ ਤੱਕ ਤਾਜ਼ਾ ਬਰਫ ਡਿੱਗੀ ਹੈ। ਲਗਾਤਾਰ ਬਰਫਬਾਰੀ ਕਾਰਨ ਘਾਟੀ ਦੇ ਸਾਰੇ ਰੋਡਵੇਜ਼ ਅਤੇ ਲੇਹ-ਕੇਲਾਂਗ-ਮਨਾਲੀ ਸੜਕ ਆਵਾਜਾਈ ਲਈ ਬੰਦ ਹੈ। ਬਰਫਬਾਰੀ ਕਾਰਨ ਘਾਟੀ ਦੇ ਕਿਸਾਨਾਂ ਅਤੇ ਬਾਗਬਾਨਾਂ ਦੇ ਚਿਹਰਿਆਂ ‘ਤੇ ਰੌਣਕ ਪਰਤ ਆਈ ਹੈ। ਜਨਵਰੀ ਮਹੀਨੇ ਵਿੱਚ ਇੱਥੇ ਦੂਜੀ ਵਾਰ ਬਰਫ਼ਬਾਰੀ ਹੋ ਰਹੀ ਹੈ।
ਕਿਨੌਰ ਜ਼ਿਲ੍ਹੇ ਵਿੱਚ 13 ਘੰਟਿਆਂ ਤੋਂ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਬਰਫ਼ਬਾਰੀ ਕਾਰਨ ਜ਼ਿਲ੍ਹੇ ਦੇ ਸਾਰੇ ਸਥਾਨਕ ਸੰਪਰਕ ਮਾਰਗਾਂ ਸਮੇਤ ਨੈਸ਼ਨਲ ਹਾਈਵੇਅ-5 ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਜ਼ਿਲ੍ਹੇ ਵਿੱਚ ਕਰੀਬ 11 ਘੰਟੇ ਬਿਜਲੀ ਗੁੱਲ ਰਹੀ। ਪੂਰੇ ਕਿਨੌਰ ਜ਼ਿਲ੍ਹੇ ਵਿੱਚ ਬਲੈਕਆਊਟ ਹੈ।