India

ਮਹਾਰਾਸ਼ਟਰ ‘ਚ ਭਾਰੀ ਮੀਂਹ ਨੇ ਵਿਗਾੜੀ ਸਥਿਤੀ, ਪਾਣੀ ‘ਚ ਡੁੱਬੀਆਂ ਸੜਕਾਂ

‘ਦ ਖਾਲਸ ਬਿਊਰੋ:ਮਹਾਰਾਸ਼ਟਰ ‘ਚ ਭਾਰੀ ਮੀਂਹ ਕਾਰਨ ਕਈ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਇੱਥੋਂ ਤੱਕ ਕਿ ਰਾਜ ਦੇ ਕਈ ਜ਼ਿਲ੍ਹਿਆਂ ਤੋਂ ਜ਼ਮੀਨ ਖਿਸਕਣ ਦੀ ਵੀ ਸੂਚਨਾ ਮਿਲੀ ਹੈ। ਸੂਬੇ ਦੀ ਰਾਜਧਾਨੀ ਮੁੰਬਈ ਅਤੇ ਇਸ ਦੇ ਉਪਨਗਰਾਂ ‘ਚ ਭਾਰੀ ਮੀਂਹ ਕਾਰਨ ਸੜਕਾਂ ‘ਤੇ ਪਾਣੀ ਭਰ ਗਿਆ। ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਤੱਕ ਕਿ ਕਈ ਥਾਵਾਂ ’ਤੇ ਪਾਣੀ ਭਰ ਜਾਣ ਕਾਰਨ ਬੱਸਾਂ ਦੇ ਰੂਟ ਵੀ ਬਦਲ ਦਿੱਤੇ ਗਏ ਹਨ।
ਭਾਰਤੀ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿੱਚ ਮੁੰਬਈ ਅਤੇ ਇਸਦੇ ਨਾਲ ਲੱਗਦੇ ਹੋਰ ਇਲਾਕਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਤੇ ਮੁੰਬਈ ਅਤੇ ਠਾਣੇ ਜ਼ਿਲ੍ਹਿਆਂ ਲਈ ਪੀਲਾ ਅਲਰਟ ਜਾਰੀ ਕੀਤਾ ਹੈ। ਜਦਕਿ ਰਾਏਗੜ੍ਹ, ਰਤਨਾਗਿਰੀ ਅਤੇ ਸਿੰਧੂਦੁਰਗ ਜ਼ਿਲ੍ਹਿਆਂ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।