India Punjab

ਮੌਸਮ ਵਿਭਾਗ ਦਾ Alert, ਇਨ੍ਹਾਂ ਦੋ ਦਿਨਾਂ ‘ਚ ਪੰਜਾਬ ‘ਚ ਭਾਰੀ ਮੀਂਹ

ਚੰਡੀਗੜ੍ਹ : ਭਾਰਤੀ ਮੌਸਮ ਵਿਭਾਗ ਨੇ ਦੇਸ਼ ਵਿੱਚ ਸਰਗਰਮ ਮੌਨਸੂਨ ਕਾਰਨ ਅਗਲੇ ਚਾਰ ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਅਤੇ ਮੱਧ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਹਿਮਾਚਲ ਪ੍ਰਦੇਸ਼, ਪੰਜਾਬ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ 4 ਅਤੇ 5 ਸਤੰਬਰ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪਿਛਲੇ ਮਹੀਨੇ ਤੋਂ ਦੇਸ਼ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

ਆਈਐਮਡੀ ਨੇ ਅਰੁਣਾਚਲ ਪ੍ਰਦੇਸ਼, ਆਸਾਮ ਅਤੇ ਮੇਘਾਲਿਆ ਵਿੱਚ ਬਿਜਲੀ ਡਿੱਗਣ ਅਤੇ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ। ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਅੱਜ ਅਤੇ ਭਲਕੇ, ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ ਵਿੱਚ ਅੱਜ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਦੂਜੇ ਪਾਸੇ ਕੱਲ੍ਹ ਪੱਛਮੀ ਮੱਧ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਮੀਂਹ ਪਿਆ। ਮੱਧ ਪ੍ਰਦੇਸ਼ ਦੇ ਨਾਲ ਲੱਗਦੇ ਛੱਤੀਸਗੜ੍ਹ ਵਿੱਚ 6 ਸਤੰਬਰ ਨੂੰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਤੋਂ ਇਲਾਵਾ ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਸਿੱਕਮ ਦੇ ਉਪਰਲੇ ਇਲਾਕਿਆਂ ‘ਚ ਅੱਜ, ਕੱਲ੍ਹ ਅਤੇ 6 ਸਤੰਬਰ ਨੂੰ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਉੜੀਸਾ ‘ਚ 5 ਅਤੇ 6 ਸਤੰਬਰ ਨੂੰ ਮੀਂਹ ਦਾ ਅਲਰਟ ਵੀ ਹੈ।