Punjab

ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਤੇ ਮੁੱਖ ਗ੍ਰੰਥੀ ਵਿਚਕਾਰ ਤਣਾਅ ਦਾ ਮਸਲਾ ਭਖਿਆ, ਕੌਣ ਕਰ ਰਿਹਾ ਮਰਿਯਾਦਾ ਦੀ ਉਲੰਘਣਾ

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਅੱਜ ਜਲੰਧਰ ਵਿਖੇ ਰਾਗੀ ਸਿੰਘਾਂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ  ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਉਹ ਰਾਗੀ ਸਿੰਘਾਂ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਨਾਲ ਚੱਲਦੇ ਵਿਵਾਦ ਵਿੱਚ ਦਖਲ ਦੇ ਕੇ ਜਲਦੀ ਇਸ ਮਸਲੇ ਦਾ ਹੱਲ ਕਰਨ।

 

ਰਾਗੀ ਸਿੰਘਾਂ ਨੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਨੂੰ ਵੀ ਬੇਨਤੀ ਕੀਤੀ ਉਹ ਸਾਡੇ ਸਭ ਦੇ ਸਤਿਕਾਰਯੋਗ ਹਨ ਅਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਚਲਦੇ ਕੀਰਤਨ ਨੂੰ ਰੁਕਵਾਇਆ ਨਾ ਕਰਨ। ਕਈ ਵਾਰ ਇਹ ਹੁੰਦਾ ਕਿ ਜਦੋਂ ਚਲਦੇ ਕੀਰਤਨ ਨੂੰ ਰੋਕਿਆ ਜਾਂਦਾ ਹੈ, ਤਾਂ ਹੋ ਸਕਦਾ ਹੈ ਰਾਗੀ ਸਿੰਘਾਂ ਦੀ ਉਸ ਸ਼ਬਦ ਦੀ ਤਿਆਰੀ ਨਾ ਹੋਵੇ, ਸੋ ਜੇਕਰ ਸਿੰਘ ਸਾਹਿਬ ਜੀ ਦਾ ਕੋਈ ਵੀ ਸ਼ਬਦ ਸੁਣਨ ਦਾ ਮਨ ਹੁੰਦਾ ਹੈ ਤਾਂ ਉਹ ਪਰਚੀ ‘ਤੇ ਲਿਖ ਕੇ ਦੇ ਦਿਆ ਕਰਨ।

 

ਰਾਗੀ ਸਿੰਘ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ

 

ਉਹਨਾਂ ਕਿਹਾ ਕਿ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਪਵਿੱਤਰ ਗੱਦੀ ‘ਤੇ ਹਨ, ਸੋ ਉਹ ਬਾਬਾ ਬੁੱਢਾ ਜੀ ਦੀ ਪਦਵੀ ਦਾ ਸਤਿਕਾਰ ਕਰਦੇ ਹੋਏ ਹਰ ਕੀਰਤਨੀਏ ਸਿੰਘਾਂ ਨੂੰ ਪਿਆਰ-ਸਤਿਕਾਰ ਦੇਣ। ਜੇਕਰ ਕੋਈ ਗਲਤੀ ਲੱਗੇ ਤਾਂ ਦਫਤਰ ਵਿੱਚ ਬੁਲਾ ਕੇ ਸਮਝਾਇਆ ਜਾਵੇ ਨਾ ਕਿ ਚਲਦੇ ਕੀਰਤਨ ਨੂੰ ਰੋਕਿਆ ਜਾਵੇ।

 

ਇਹਨਾਂ ਰਾਗੀ ਸਿੰਘਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਨੂੰ ਨਾਲ ਲੈ ਕੇ ਕੀਰਤਨੀਏ ਸਿੰਘਾਂ ਦੀ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਕ੍ਰਿਪਾ ਕਰਨ।

Comments are closed.