Punjab

ਪੁੱਤਾਂ ਨੂੂੰ ਅਫ਼ਸਰ ਬਣਾਉਣ ਵਾਲੀ ਨੂੰ ਮਾਂ ਨੂੰ ਮਰਨ ਵੇਲੇ ਸਿਰ ‘ਤੇ ਛੱਤ ਅਤੇ ਤਨ ‘ਤੇ ਕਪੜਾ ਵੀ ਨਸੀਬ ਨਾ ਹੋਇਆ

‘ਦ ਖ਼ਾਲਸ ਬਿਊਰੋ :- ਮੁਕਤਸਰ ਦੇ ਬੂੜਾ ਗੁੱਜਰ ਰੋਡ ‘ਤੇ ਸਥਿਤ ਪਲਾਟ ‘ਚ ਕਈ ਸਾਲਾਂ ਤੋਂ ਇੱਕ 80 ਸਾਲ ਦੀ ਮਾਤਾ ਜੋ ਕਿ ਦੋ ਫੁੱਟ ਉੱਚੀ ਤੇ ਚਾਰ ਫੁੱਟ ਚੌੜੀ ਕੰਧ ‘ਤੇ ਰੱਖੀ ਪੱਥਰ ਦੀ ਸਿੱਲ ਥੱਲੇ ਬਣੇ ਘੁਰਨੇ ‘ਚ ਜ਼ਿੰਦਗੀ ਗੁਜ਼ਾਰਣ ਨੂੰ ਮਜਬੂਰ ਸੀ, ਨੇ ਆਪਣੀ ਜ਼ਿੰਦਗੀ ਦਾ ਆਖਿਰੀ ਸਾਹ ਲੈ ਕੂਚ ਕਰ ਗਈ।

ਪੁਲੀਸ ਨੇ ਜਦੋਂ ਲੋਕਾਂ ਨੂੰ ਇਸ ਮਾਤਾ ਦੀ ਹਾਲਤ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ, ‘ਜਦੋਂ ਮਾਤਾ ਦੀ ਜਾਨ ਨਿਕਲੀ ਤਾਂ ਉਸ ਵੇਲੇ ਉਸ ਦੇ ਤਣ ’ਤੇ ਕੋਈ ਕੱਪੜਾ ਨਹੀਂ ਸੀ। ਸਿਰ ‘ਚ ਕੀੜੇ ਪਏ ਹੋਏ ਸਨ। ਪੁਲੀਸ ਨੇ ਮਾਤਾ ਨੂੰ ਹਸਪਤਾਲ ਪਹੁੰਚਾਇਆ ਤਾਂ ਉਸ ਦੇ ਇੱਕ ਪੁੱਤ ਨੇ ਆ ਕੇ ਖੁਦ ਇਲਾਜ ਕਰਾਉਣ ਦਾ ਵਾਅਦਾ ਕੀਤਾ ਪਰ ਅਗਲੇ ਹੀ ਦਿਨ ਮਾਤਾ ਦੀ ਮੌਤ ਹੋ ਗਈ।

 

ਮ੍ਰਿਤਕ ਮਾਤਾ ਦੇ ਪੁੱਤ ਨੇ ਫਟਾ ਫੱਟ ਮਾਤਾ ਦਾ ਅੰਤਿਮ ਸੰਸਕਾਰ ਕਰਕੇ ਤੇ ਉਸੇ ਸ਼ਾਮ ਫੁੱਲ ਚੁੱਗ ਕੇ ਵਿਹਲੇ ਹੋ ਗਏ। ਹੁਣ ਇਹ ਮਾਮਲਾ ਸੋਸ਼ਲ ਮੀਡੀਆ ਦੀਆਂ ਸੁਰਖੀਆਂ ‘ਚ ਛਾਇਆ ਹੋਣ ਕਰਕੇ ਮਾਨਵੀ ਘਾਣ ਵਜੋਂ ਵੇਖਿਆ ਜਾ ਰਿਹਾ ਹੈ। ਮਾਤਾ ਦਾ ਇੱਕ ਪੁੱਤਰ ਬਿਜਲੀ ਵਿਭਾਗ ‘ਚ ਨੌਕਰੀ ਕਰਦਾ ਹੈ ਤੇ ਕਈ ਸਿਆਸੀ ਪਾਰਟੀਆਂ ਨਾਲ ਜੁੜਿਆ ਹੋਇਆ ਹੈ। ਇਸੇ ਪੁੱਤ ਦੀ ਧੀ SDM ਹੈ ਅਤੇ ਦੂਜਾ ਪੁੱਤਰ ਆਬਕਾਰੀ ਵਿਭਾਗ ‘ਚ ਅਫ਼ਸਰ ਲੱਗਿਆ ਹੋਇਆ ਹੈ। ਉਸ ਦੀਆਂ ਧੀਆਂ ਵੀ ਨੌਕਰੀਆਂ ਕਰਦੀਆਂ ਹਨ। ਇਸ ਦੇ ਬਾਵਜੂਦ ਮਾਂ ਨਰਕ ਭੋਗ ਕੇ ਚਲੀ ਗਈ।

ਮੁਕਤਸਰ ਦੇ ਥਾਣਾ ਸਿਟੀ ਦੇ ASI ਦਿਲਬਾਗ ਸਿੰਘ ਨੇ ਦੱਸਿਆ ਕਿ ਮਾਤਾ ਨੂੰ ‘ਸਾਲਾਸਰ ਸੇਵਾ ਸੁਸਾਇਟੀ’ ਦੀ ਮਦਦ ਨਾਲ ਬਜ਼ੁਰਗ ਔਰਤ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ। ਸੁਸਾਇਟੀ ਦੇ ਸੇਵਾਦਾਰ ਸੰਜੀਵ ਕੁਮਾਰ ਟਿੰਕੂ ਨੇ ਦੱਸਿਆ ਕਿ ਜੱਦ ਉਹ ਮੌਕੇ ‘ਤੇ ਪੁੱਜੇ ਤਾਂ ਪਹਿਲੀ ਨਜ਼ਰੇ ਸਭ ਨੂੰ ਇੰਝ ਜਾਪਿਆ ਕਿ ਇਹ ਬਜ਼ੁਰਗ ਲਾਵਾਰਸ ਹੋਵੇਗੀ, ਪਰ ਜੱਦ ਪਤਾ ਲੱਗਾ ਕਿ ਇਸ ਮਾਤਾ ਦਾ ਇੱਕ ਪੁੱਤਰ ਰਾਜਸੀ ਪਾਰਟੀ ਦਾ ਆਗੂ ਹੈ ਤੇ ਦੂਜਾ ਪੁੱਤ ਚੰਗੀ ਨੌਕਰੀ ‘ਤੇ ਹੈ ਤੇ ਪੋਤਰੀ ਅਫ਼ਸਰ ਹੈ ਤਾਂ ਉਹ ਡਾਢੇ ਹੈਰਾਨ ਹੋ ਗਏ।

ਸੁਸਾਇਟੀ ਵੱਲੋਂ ਇਸ ਮ੍ਰਿਤਕ ਔਰਤ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਇਸ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਫਰੀਦਕੋਟ ਤੋਂ ਮਾਤਾ ਦਾ ਛੋਟਾ ਪੁੱਤਰ ਉਸ ਨੂੰ ਆਪਣੇ ਘਰ ਲੈ ਆਇਆ ਤੇ ਅਗਲੇ ਦਿਨ ਉਨ੍ਹਾਂ ਮਾਤਾ ਦਾ ਚੁੱਪ ਚੁਪੀਤੇ ਅੰਤਿਮ ਸੰਸਕਾਰ ਕਰ ਦਿੱਤਾ।

ਸਿਵਲ ਹਸਪਤਾਲ ਦੀ ਡਾਕਟਰ ਨੇ ਦੱਸਿਆ ਕਿ ਪੀੜਤ ਮਹਿਲਾ ਮਹਿੰਦਰ ਕੌਰ ਪਤਨੀ ਚੰਦ ਸਿੰਘ ਦੇ ਸਿਰ ‘ਚ ਕੁਝ ਕੀੜੇ ਪੈ ਗਏ ਸਨ, ਜੋ ਕਿ ਕੱਢ ਦਿੱਤੇ ਪਰ ਹਾਲਤ ਗੰਭੀਰ ਹੋਣ ਕਰਕੇ ਮੈਡੀਕਲ ਕਾਲਜ ਫਰੀਦਕੋਟ ਭੇਜ ਦਿੱਤਾ ਹੈ। ਬਾਅਦ ਵਿੱਚ ਮਾਤਾ ਦਾ ਪਰਿਵਾਰ ਵੀ ਫਰੀਦਕੋਟ ਚਲਾ ਗਿਆ। ਮਾਤਾ ਡਾਢੇ ਸਦਮੇ ‘ਚ ਹੋਣ ਕਰਕੇ ਸਿਵਾਏ ਰੌਣ ਦੇ ਕੁਝ ਨਹੀਂ ਕਹਿ ਸਕੀ। ਇਸ ਦੌਰਾਨ ਡਿਪਟੀ ਕਮਿਸ਼ਨਰ ਐੱਮਕੇ ਅਰਾਵਿੰਦਰ ਕੁਮਾਰ ਨੇ ਦੱਸਿਆ ਕਿ, ‘ਮਾਨਵੀ ਤੌਰ ‘ਤੇ ਇਸ ਘਟਨਾ ਦੀ ਗੰਭੀਰਤਾ ਨੂੰ ਵੇਖਦਿਆਂ ਮੁਕਤਸਰ ਦੇ SDM ਨੂੰ ਪੜਤਾਲ ਦੇ ਹੁਕਮ ਦਿੱਤੇ ਹਨ। SDM ਵੀਰਪਾਲ ਕੌਰ ਨੇ ਦੱਸਿਆ ਕਿ ਉਹ ਜਲਦੀ ਹੀ ਸਾਰੇ ਤੱਥ ਇਕੱਠੇ ਕਰਕੇ ਇਸ ਦੀ ਰਿਪੋਰਟ DC ਨੂੰ ਸੌਂਪ ਦੇਣਗੇ।