India

ਹਾਥਰਸ ਮਾਮਲਾ : ਜਾਂਚ ਕਰਨ ਵਾਲਿਆਂ ‘ਤੇ ਯਕੀਨ ਨਹੀਂ, ਜਿਸਨੂੰ ਸਾੜਿਆ ਗਿਆ ਉਹ ਸਾਡੀ ਧੀ ਨਹੀਂ ਸੀ-ਪਰਿਵਾਰ

‘ਦ ਖ਼ਾਲਸ ਬਿਊਰੋ:- ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਬਲਾਤਕਾਰ ਪੀੜਤ ਲੜਕੀ ਦੇ ਪਰਿਵਾਰ ਨੇ ਅੱਜ ਵਿਸ਼ੇਸ਼ ਜਾਂਚ ਟੀਮ ’ਤੇ ਮੁਲਜ਼ਮਾਂ ਨਾਲ ਮਿਲੇ ਹੋਣ ਦਾ ਦੋਸ਼ ਲਗਾਇਆ ਅਤੇ ਮੰਗ ਕੀਤੀ ਕਿ ਇਸ ਕੇਸ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕੀਤੀ ਜਾਵੇ।

ਮ੍ਰਿਤਕ 19 ਸਾਲਾ ਲੜਕੀ ਦੀ ਮਾਂ ਨੇ ਕਿਹਾ ਕਿ ਉਸ ਦੀ ਲੜਕੀ ਦੀ ਮੌਤ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਲਾਸ਼ ਨਹੀਂ ਦਿੱਤੀ। ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਪਰਿਵਾਰ SIT ਜਾਂ CBI ‘ਤੇ ਭਰੋਸਾ ਨਹੀਂ ਕਰਦਾ ਹੈ।

ਮ੍ਰਿਤਕ ਦੀ ਮਾਂ ਨੇ ਕਿਹਾ ਕਿ ‘ਇਨ੍ਹਾਂ ਲੋਕਾਂ ਨੇ ਭੀਖ ਮੰਗਣ ਦੇ ਬਾਅਦ ਵੀ ਮੈਨੂੰ ਉਨ੍ਹਾਂ ਦੀ ਲੜਕੀ ਦੀ ਲਾਸ਼ ਨਹੀਂ ਵੇਖਣ ਦਿੱਤੀ। ਅਸੀਂ ਸੀਬੀਆਈ ਜਾਂਚ ਵੀ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਕੇਸ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਦੇ ਅਧੀਨ ਹੋਵੇ।  ਦੋ ਦਿਨਾਂ ਬਾਅਦ ਹਾਥਰਸ ਜ਼ਿਲ੍ਹਾ ਪ੍ਰਸ਼ਾਸਨ ਨੇ SIT ਜਾਂਚ ਮੁਕੰਮਲ ਹੋਣ ਤੋਂ ਬਾਅਦ ਮੀਡੀਆ ਨੂੰ ਅੱਜ ਸਵੇਰੇ ਪੀੜਤ ਦੇ ਪਿੰਡ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਹੈ।

ਮ੍ਰਿਤਕਾ ਦੀ ਪਰਿਵਾਰ ਨੇ ਕਿਹਾ ਕਿ, ‘ਸਭ ਤੋਂ ਪਹਿਲਾਂ ਪੁਲਿਸ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਸ ਰਾਤ ਕਿਸਦੀ ਲਾਸ਼ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ। ਇਹ ਸਾਡੀ ਲੜਕੀ ਦੀ ਲਾਸ਼ ਨਹੀਂ ਸੀ, ਅਸੀਂ ਇਸ ਨੂੰ ਨਹੀਂ ਵੇਖਿਆ। ਅਸੀਂ ਨਾਰਕੋ ਟੈਸਟ ਕਿਉਂ ਕਰਵਾਈਏ? ਅਸੀਂ ਸੱਚ ਦੱਸ ਰਹੇ ਹਾਂ, ਅਸੀਂ ਇਨਸਾਫ ਦੀ ਮੰਗ ਕਰ ਰਹੇ ਹਾਂ। ਡੀਐਮ ਅਤੇ ਐਸਪੀ ਦਾ ਨਾਰਕੋ ਟੈਸਟ ਹੋਣਾ ਚਾਹੀਦਾ ਹੈ। ਇਸੇ ਲਈ ਲੋਕ ਝੂਠ ਬੋਲ ਰਹੇ ਹਨ’।

ਪੀੜਤ ਲੜਕੀ ਦੇ ਭਰਾ ਨੇ ਕਿਹਾ ਕਿ ਸਾਨੂੰ ਸਫਦਰਜੰਗ ਹਸਪਤਾਲ ਵਿੱਚ ਲਾਸ਼ ਨਹੀਂ ਦਿੱਤੀ। ਜਦੋਂ ਉਨ੍ਹਾਂ ਨੂੰ ਉਥੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਪਤਾ ਨਹੀਂ। ਇਥੇ ਆਉਣ ਤੋਂ ਬਾਅਦ, ਸਾਨੂੰ ਪਤਾ ਚੱਲਿਆ ਕਿ ਰਾਤ ਨੂੰ ਹੀ ਸਸਕਾਰ ਕਰ ਰਹੇ ਹਨ। ਅਸੀਂ ਕਿਹਾ ਕਿ ਅਸੀਂ ਰੀਤੀ ਰਿਵਾਜਾਂ ਅਨੁਸਾਰ ਕਰਾਂਗੇ। ਇਸ ਤੋਂ ਬਾਅਦ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ। ਸਾਨੂੰ ਇਹ ਵੀ ਨਹੀਂ ਪਤਾ ਕਿ ਜਿਸ ਨੂੰ ਸਾੜਿਆ ਗਿਆ, ਉਹ ਸਾਡੀ ਭੈਣ ਵੀ ਸੀ ਜਾਂ ਨਹੀਂ? ਕੀ ਪਤਾ ਹੈ ਕਿ ਕੋਈ ਪੁਤਲਾ ਸਾੜਿਆ ਗਿਆ ਸੀ।