Others

ਚੋਰ ਦੇ ਮੂੰਹੋਂ ਜੇ ‘SORRY’ ਨਹੀਂ ਸੁਣੀ ਤਾਂ ਫਿਰ ਪੜ੍ਹੋ ਇਹ ਖ਼ਬਰ

‘ਦ ਖਾਲਸ ਟੀਵੀ ਬਿਊਰੋ (ਜਗਜੀਵਨ ਮੀਤ): – ਚੋਰਾਂ, ਲੁਟੇਰਿਆਂ ਨੂੰ ਲੋਕਾਂ ਨੂੰ ਲੁੱਟਣ ਤੱਕ ਹੀ ਮਤਲਬ ਹੁੰਦਾ ਹੈ ਤੇ ਚੋਰ ਕਦੇ ਲੋਕਾਂ ਦੀ ਪਰੇਸ਼ਾਨੀ ਦੀ ਪਰਵਾਹ ਨਹੀਂ ਕਰਦੇ। ਪਰ ਹਰਿਆਣੇ ਦੇ ਇਸ ਚੋਰ ਨੇ ਜੋ ਕੀਤਾ, ਉਹ ਜਰੂਰ ਇਸਦੀ ਪਿੱਠ ਥਾਪੜਨ ਵਾਲਾ ਕੰਮ ਹੈ। ਤਾਜਾ ਮਾਮਲਾ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਮਾਮਲੇ ‘ਤੇ ਗੌਰ ਕਰੀਏ ਤਾਂ ਹਰਿਆਣਾ ਦੇ ਜੀਂਦ ਵਿੱਚ ਚੋਰੀ ਦਾ ਅਜ਼ੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਸਿਵਲ ਹਸਪਤਾਲ ਤੋਂ ਕੋਰੋਨਾ ਵੈਕਸੀਨ ਦੀ ਦਵਾਈ ਹੀ ਚੋਰੀ ਕਰ ਲਈ, ਪਰ ਅਣਜਾਣ ਪੁਣੇ ਵਿਚ ਹੋਈ ਜਦੋਂ ਆਪਣੀ ਇਸ ਗਲਤੀ ਦਾ ਚੋਰ ਨੂੰ ਅਹਿਸਾਸ ਹੋਇਆ ਤਾਂ ਨਾ ਸਿਰਫ ਚੋਰ ਨੇ ਦਵਾਈ ਮੋੜੀ ਸਗੋਂ ਨਾਲ ਕਾਗਜ ਤੇ ਲਿਖ ਕੇ ਵੀ ਦਿੱਤਾ ਕਿ ‘ਸੋਰੀ … ਮੈਨੂੰ ਨਹੀਂ ਪਤਾ ਸੀ ਕਿ ਇਹ ਕੋਰੋਨਾ ਵੈਕਸੀਨ ਹੈ’। ਇਸ ਘਟਨਾ ਨੇ ਚੋਰ ਇਕ ਵਾਰ ਤਾਂ ਇਲਾਕੇ ਵਿਚ ਵਾਹਵਾਹੀ ਕਰਵਾ ਦਿੱਤੀ ਹੈ ਜਿਸਨੇ ਅਕਲ ਦਾ ਥੋੜਾ ਸਬੁਤ ਦੇਣ ਦੀ ਕੋਸ਼ਿਸ਼ ਕੀਤੀ ਹੈ।

ਜ਼ਿਕਰਯੋਗ ਹੈ ਕਿ ਇਸ ਚੋਰ ਨੇ ਕੋਰੋਨਾ ਟੀਕੇ ਦੀਆਂ ਕਈ ਸੌ ਖੁਰਾਕਾਂ ਚੋਰੀ ਕਰ ਲਈਆਂ ਸਨ ਤੇ ਅਗਲੇ ਦਿਨ ਸਾਰੀਆਂ ਦਵਾਈਆਂ ਚੋਰ ਸਿਵਲ ਲਾਈਨ ਥਾਣੇ ਦੇ ਬਾਹਰ ਇੱਕ ਚਾਹ ਵਾਲੇ ਦੀ ਦੁਕਾਨ ਤੇ ਰੱਖ ਕੇ ਮੁੜ ਗਿਆ। ਨਾਲ ਨੋਟ ਵੀ ਲਿਖਿਆ ਕਿ…ਮਾਫ ਕਰਨਾ, ਮੈਨੂੰ ਨਹੀਂ ਪਤਾ ਸੀ ਕਿ ਇਹ ਇਕ ਕੋਰੋਨਾ ਦਾ ਟੀਕਾ ਹੈ। ਹਾਲਾਂਕਿ ਸਿਵਲ ਸਰਜਨ ਨੇ ਹੈੱਡਕੁਆਰਟਰ ਤੋਂ ਇਸ ਬਾਰੇ ਇੱਕ ਗਾਈਡਲਾਈਨ ਮੰਗੀ ਹੈ ਕਿ ਕੀ ਇਹ ਕੋਰੋਨਾ ਟੀਕੇ ਅਤੇ ਖੁਰਾਕ ਲਗਭਗ 12 ਘੰਟਿਆਂ ਲਈ ਫਰਿੱਜ ਤੋਂ ਬਾਹਰ ਰਹਿ ਸਕਦੇ ਹਨ, ਜੇ ਨਹੀਂ ਤਾਂ ਦੱਸਿਆ ਜਾਵੇ ਕਿ ਹੁਣ ਇਨ੍ਹਾਂ ਦਾ ਕਰਨਾ ਕੀ ਹੈ।

ਇਸ ਮਾਮਲੇ ਦੀ ਜਾਣਕਾਰੀ ਸਿਵਲ ਹਸਪਤਾਲ ਦੀ ਪ੍ਰਿੰਸੀਪਲ ਮੈਡੀਕਲ ਅਫਸਰ ਡਾ. ਬਿਮਲਾ ਰਾਠੀ ਨੇ ਸਿਵਲ ਲਾਈਨ ਥਾਣੇ ਦੀ ਪੁਲਿਸ ਨੂੰ ਦਿੱਤੀ ਸੀ ਤੇ ਸ਼ਿਕਾਇਤ ਕੀਤੀ ਸੀ ਕਿ ਟੀਕਾਕਰਨ ਬੂਥ ਪੀਪੀ ਸੈਂਟਰ ਦੇ ਨਾਲ ਕੋਰੋਨਾ ਟੀਕਾ ਦੇ ਜ਼ਿਲ੍ਹਾ ਭੰਡਾਰ ਦੇ ਨਾਲ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਸੀ ਕਿ ਸਟੋਰ ਦੇ ਬਾਹਰ ਪਈ ਬੀਸੀਜੀ, ਪੋਲੀਓ ਵੈਕਸੀਨ, ਹੈਪੇਟਾਈਟਸ-ਬੀ ਟੀਕੇ ਅਤੇ ਕੋਰੋਨਾ ਟੀਕੇ ਦੀਆਂ 171 ਸ਼ੀਸ਼ੀਆਂ ਗਾਇਬ ਨੇ। ਚੋਰ ਇਹ ਗਲਤੀ ਜਰੂਰ ਕਰ ਗਿਆ ਕਿ ਜਿੱਥੋਂ ਟੀਕੇ ਚੋਰੀ ਕੀਤੇ ਉਸੇ ਅਲਮਾਰੀ ਵਿਚ ਰੱਖੇ 50 ਹਜ਼ਾਰ ਰੁਪਏ ਨਕਦ ਛੱਡ ਗਿਆ।