India International Punjab

ਇਸ ਦੇਸ਼ ਦੀ ਕੌਂਸਲ ਨੇ ਵੀ ਕਿਹਾ, ਖੇਤੀ ਕਾਨੂੰਨ ਭਾਰਤੀ ਕਿਸਾਨਾਂ ਦੇ ਹੱਕ ਮਾਰਨ ਵਾਲੇ ਹਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਪਿਛਲੇ ਕਈ ਦਿਨਾਂ ਤੋਂ ਆਪਣੇ ਹੱਕਾਂ ਦੀ ਰਾਖੀ ਲਈ ਲੜਾਈ ਲੜ ਰਹੇ ਹਨ। ਕਿਸਾਨੀ ਅੰਦੋਲਨ ਨੂੰ ਭਾਰਤ ਸਮੇਤ ਵਿਦੇਸ਼ਾਂ ਤੋਂ ਵੀ ਬਹੁਤ ਸਮਰਥਨ ਮਿਲ ਰਿਹਾ ਹੈ। ਕੈਨੇਡਾ ਵਿੱਚ ਵੈਨਕੂਵਰ ਸਿਟੀ ਕੌਂਸਲ ਨੇ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਬੀ.ਸੀ. ਦੇ ਪ੍ਰੀਮੀਅਰ ਜੋਹਨ ਹੌਰਗਨ ਨੂੰ ਲਿਖਤੀ ਪੱਤਰ ਭੇਜ ਕੇ ਕੈਨੇਡਾ ਸਰਕਾਰ ਨੂੰ ਭਾਰਤ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਸਬੰਧੀ ਭਾਰਤ ਸਰਕਾਰ ਨਾਲ ਗੱਲਬਾਤ ਕਰਨ ਲਈ ਕਿਹਾ ਅਤੇ ਆਪਣੀ ਚਿੰਤਾ ਦਾ ਜ਼ਾਹਿਰ ਕਰਨ ਦੀ ਅਪੀਲ ਕੀਤੀ।

ਵੈਨਕੂਵਰ ਸਿਟੀ ਕੌਂਸਲ ਨੇ ਇਨ੍ਹਾਂ ਪੱਤਰਾਂ ਵਿੱਚ ਕਿਹਾ ਹੈ ਕਿ ਭਾਰਤ ਸਰਕਾਰ ਨੇ ਕਿਸਾਨ ਯੂਨੀਅਨਾਂ ਦੀ ਸਲਾਹ ਤੋਂ ਬਿਨਾਂ ਹੀ ਖੇਤੀਬਾੜੀ ਕਾਨੂੰਨਾਂ ਵਿੱਚ ਤਬਦੀਲੀਆਂ ਕੀਤੀਆਂ ਹਨ ਅਤੇ ਇਹ ਤਬਦੀਲੀਆਂ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰ ਰਹੀਆਂ ਹਨ। ਇਨ੍ਹਾਂ ਕਾਨੂੰਨਾਂ ਵਿੱਚ ਖੇਤੀ ਜਿਣਸਾਂ ਦਾ ਘੱਟੋ ਘੱਟ ਸਮਰਥਨ ਮੁੱਲ ਨਾ ਦੇਣਾ, ਵਪਾਰੀਆਂ ਨੂੰ ਭੰਡਾਰ ਕਰਨ ਦੀ ਆਗਿਆ ਦੇਣਾ, ਇਕਰਾਰਨਾਮੇ ਅਧੀਨ ਕਿਸਾਨਾਂ ਅਤੇ ਕਾਰਪੋਰੇਸ਼ਨਾਂ ਵਿਚਾਲੇ ਝਗੜੇ ਦੇ ਹੱਲ ਲਈ ਨਿਆਂਇਕ ਪ੍ਰਣਾਲੀ ਦੀ ਬਜਾਏ ਇੱਕ ਕਮੇਟੀ ਕਾਇਮ ਕਰਨਾ ਕਿਸਾਨਾਂ ਦੇ ਹਿੱਤਾਂ ਵਿੱਚ ਨਹੀਂ ਹੈ।

ਵੈਨਕੂਵਰ ਸਿਟੀ ਕੌਂਸਲ ਨੇ ਕਿਹਾ ਕਿ ਉਹ ਭਾਰਤੀ ਕਿਸਾਨਾਂ ਦੇ ਨਾਲ ਖੜ੍ਹੀ ਹੈ। ਕੌਂਸਲ ਨੇ ਕਿਹਾ ਕਿ ਭਾਰਤ ਦੇ ਕਿਸਾਨਾਂ ਨੂੰ ਸਮਰਥਨ ਦੇਣ ਲਈ ਆਵਾਜ਼ ਉਠਾਉਣਾ ਇਸ ਸਿਧਾਂਤ ਦਾ ਸਮਰਥਨ ਕਰਦਾ ਹੈ ਕਿ ਕੈਨੇਡਾ ਅਤੇ ਦੁਨੀਆ ਭਰ ਵਿੱਚ ਕਿਸਾਨ ਕਿਸੇ ਵੀ ਦੇਸ਼ ਦੇ ਸਮਾਜਿਕ ਤਾਣੇ-ਬਾਣੇ ਲਈ ਲਾਜ਼ਮੀ ਹਨ ਅਤੇ ਇਹਨਾਂ ਦਾ ਸਮਰਥਨ ਅਤੇ ਸੁਰੱਖਿਆ ਹੋਣੀ ਚਾਹੀਦੀ ਹੈ।