India Punjab

ਹਰਿਆਣਾ ਦੇ ਗ੍ਰਹਿ ਮੰਤਰੀ ਨੇ ਕਿਸਾਨੀ ਅੰਦੋਲਨ ਲਈ ਮੁੜ ਵਰਤਿਆ ਇਹ ਸ਼ਬਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਬਾਰਡਰਾਂ ‘ਤੇ ਕਿਸਾਨੀ ਅੰਦੋਲਨ ਨੂੰ ਕਰੀਬ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ। ਕਿਸਾਨੀ ਅੰਦੋਲਨ ਨੂੰ ਭਾਰਤ ਸਮੇਤ ਵਿਦੇਸ਼ਾਂ ਦੇ ਲੋਕਾਂ ਦਾ ਸਮਰਥਨ ਵੀ ਪ੍ਰਾਪਤ ਹੋਇਆ ਹੈ। ਜਿੱਥੇ ਕਿਸਾਨੀ ਅੰਦੋਲਨ ਨੂੰ ਲੋਕਾਂ ਦਾ ਸਾਥ ਪ੍ਰਾਪਤ ਹੋਇਆ, ਉੱਥੇ ਹੀ ਕਿਸਾਨੀ ਅੰਦੋਲਨ ਦੀ ਕੁੱਝ ਸਿਆਸੀ ਲੀਡਰਾਂ ਵੱਲੋਂ ਆਲੋਚਨਾ ਵੀ ਕੀਤੀ ਜਾ ਰਹੀ ਹੈ। ਕਿਸਾਨਾਂ ਵੱਲੋਂ ਮੋਰਚੇ ਨੂੰ ਸ਼ਾਂਤੀਪੂਰਵਕ ਨੇਪੜੇ ਚੜਾਇਆ ਜਾ ਰਿਹਾ ਹੈ ਪਰ ਫਿਰ ਵੀ ਕੁੱਝ ਰਾਜਨੀਤਿਕ ਲੋਕ ਕਿਸਾਨਾਂ ਦੇ ਅੰਦੋਲਨ ਨੂੰ ਭੰਡ ਕੇ ਇਸਨੂੰ ਖਰਾਬ ਕਰਨਾ ਚਾਹੁੰਦੇ ਹਨ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਦਾ ਹੁਣ ਅਜਿਹਾ ਬਿਆਨ ਸਾਹਮਣੇ ਆਇਆ ਹੈ, ਜੋ ਸੱਚਾਈ ਤੋਂ ਕੋਹਾਂ ਦੂਰ ਹੈ। ਅਨਿਲ ਵਿੱਜ ਨੇ ਕਿਸਾਨੀ ਅੰਦੋਲਨ ਬਾਰੇ ਬੋਲਦਿਆਂ ਕਿਹਾ ਕਿ ‘ਕਿਸਾਨ ਅੰਦੋਲਨ ਦਿਨ ਪ੍ਰਤੀ ਦਿਨ ਹਿੰਸਕ ਹੁੰਦਾ ਜਾ ਰਿਹਾ ਹੈ। ਮਹਾਤਮਾ ਗਾਂਧੀ ਦੇ ਦੇਸ਼ ਵਿੱਚ ਹਿੰਸਕ ਅੰਦੋਲਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਕਿਸਾਨ ਲੀਡਰ ਆਪਣੇ ਅੰਦੋਲਨ ਨੂੰ ਕੰਟਰੋਲ / ਸਬਰ ਵਿੱਚ ਰੱਖਣ।’

ਅੱਜ ਮਹਾਤਮਾ ਗਾਂਧੀ ਦੀ ਜੈਯੰਤੀ ਵੀ ਹੈ ਅਤੇ ਸ਼ਾਇਦ ਇਸਨੂੰ ਆਧਾਰ ਬਣਾ ਕੇ ਵਿੱਜ ਵੱਲੋਂ ਕਿਸਾਨੀ ਅੰਦੋਲਨ ਬਾਰੇ ਅਜਿਹਾ ਟਵੀਟ ਕੀਤਾ ਗਿਆ ਹੈ, ਕਿਸਾਨੀ ਅੰਦੋਲਨ ਦੀ ਮਹਾਤਮਾ ਗਾਂਧੀ ਦੇ ਨਾਲ ਤੁਲਨਾ ਕੀਤੀ ਗਈ ਹੈ। ਕਿਸਾਨਾਂ ਵੱਲੋਂ ਝੋਨੇ ਦੀ ਖਰੀਦ 10 ਦਿਨ ਅੱਗੇ ਪਾਉਣ ਦੇ ਰੋਸ ਵਜੋਂ ਅੱਜ ਪੰਜਾਬ ਵਿੱਚ ਸਾਰੇ ਕਾਂਗਰਸੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਘਰਾਂ ਅੱਗੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।