India Punjab

ਪੰਜਾਬ ‘ਚ ਕਿਸਾਨਾਂ ਦਾ ਕਾਂਗਰਸੀਆਂ ਦੇ ਘਰਾਂ ਅੱਗੇ ਲੱਗਾ ਮੋਰਚਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ 10 ਦਿਨ ਹੋਰ ਅੱਗੇ ਪਾਉਣ ਕਰਕੇ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਵੱਲੋਂ ਇਸੇ ਰੋਸ ਦੇ ਚੱਲਦਿਆਂ ਸਾਰੇ ਕਿਸਾਨਾਂ ਨੂੰ ਅੱਜ ਕਾਂਗਰਸ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਘਰਾਂ ਅੱਗੇ ਘਿਰਾਉ ਕਰਨ ਦੀ ਅਪੀਲ ਕੀਤੀ ਗਈ ਸੀ। ਪੰਜਾਬ ਅਤੇ ਹਰਿਆਣਾ ਵਿੱਚ ਅੱਜ ਕਿਸਾਨਾਂ ਵੱਲੋਂ ਵਿਧਾਇਕਾਂ ਦੇ ਘਰਾਂ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਵੱਲੋਂ ਮੰਗ ਪੱਤਰ ਵੀ ਦਿੱਤੇ ਜਾਣਗੇ। ਕਿਸਾਨਾਂ ਦੇ ਘਿਰਾਉ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵੀ ਚੌਕਸ ਨਜ਼ਰ ਆ ਰਿਹਾ ਹੈ।

ਬਠਿੰਡਾ ਵਿੱਚ ਕਿਸਾਨਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਦਫਤਰ ਘੇਰਿਆ ਹੋਇਆ ਹੈ। ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਨੇ ਮੌਸਮ ਦਾ ਬਹਾਨਾ ਬਣਾ ਕੇ ਪੰਜਾਬ ਅਤੇ ਹਰਿਆਣਾ ’ਚ ਝੋਨੇ ਦੀ ਖ਼ਰੀਦ 11 ਅਕਤੂਬਰ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।

ਪਟਿਆਲਾ: ਝੋਨੇ ਦੀ ਖਰੀਦ ’ਚ ਦੇਰੀ ਕਾਰਨ ਕਿਸਾਨਾਂ ਨੇ ਬ੍ਰਹਮ ਮਹਿੰਦਰਾ ਦੀ ਕੋਠੀ ਅੱਗੇ ਪ੍ਰਦਰਸ਼ਨ ਕੀਤਾ

ਪਟਿਆਲਾ ਵਿੱਚ ਵੀ ਝੋਨੇ ਦੀ ਖਰੀਦ ’ਚ ਦੇਰੀ ਕਾਰਨ ਕਿਸਾਨਾਂ ਨੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਕੋਠੀ ਅੱਗੇ ਪ੍ਰਦਰਸ਼ਨ ਕੀਤਾ। ਕਿਸਾਨਾਂ ਦਾ ਇਹ ਪ੍ਰਦਰਸ਼ਨ ਕੇਂਦਰ ਸਰਕਾਰ ਦੇ ਖ਼ਿਲਾਫ਼ ਹੈ ਪਰ ਉਹ ਪੰਜਾਬ ਸਰਕਾਰ ‘ਤੇ ਵੀ ਕੇਂਦਰ ਸਰਕਾਰ ਨਾਲ ਮਿਲੇ ਹੋਣ ਦੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਝੋਨੇ ਦੀ ਖਰੀਦ ਜਲਦੀ ਸ਼ੁਰੂ ਕਰਾਈ ਜਾਵੇ ਤਾਂ ਜੋ ਕਿਸਾਨਾਂ ਦੀ ਫਸਲ ਖ਼ਰਾਬ ਹੋਣ ਤੋਂ ਬਚਾਈ ਜਾ ਸਕੇ।

ਸੰਯੁਕਤ ਕਿਸਾਨ ਮੋਰਚਾ ਵੱਲੋਂ ਹਰਿਆਣਾ ਵਿੱਚ ਭਾਜਪਾ-ਜੇਜੇਪੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਘਰਾਂ ਦੇ ਘਿਰਾਓ ਕਰਨ ਦੇ ਸੱਦੇ ਦੇ ਮੱਦੇਨਜ਼ਰ ਕਿਸਾਨ ਵੱਡੀ ਗਿਣਤੀ ਵਿੱਚ ਕਰਨਾਲ ਅਨਾਜ ਮੰਡੀ ਵਿੱਚ ਇਕੱਠੇ ਹੋਏ। ਮੰਡੀ ਤੋਂ ਕਿਸਾਨ ਘਿਰਾਓ ਕਰਨ ਲਈ ਪ੍ਰੇਮ ਨਗਰ ਸਥਿਤ ਮੁੱਖ ਮੰਤਰੀ ਮਨੋਹਰ ਲਾਲ ਦੇ ਕੈਂਪ ਦਫਤਰ ਪਹੁੰਚੇ। ਇਸ ਦੌਰਾਨ ਅੰਬਾਲਾ ਸ਼ਹਿਰ ਦੇ ਕਿਸਾਨ ਝੋਨੇ ਨਾਲ ਲੱਦੀਆਂ ਟਰਾਲੀਆਂ ਨਾਲ ਭਾਜਪਾ ਵਿਧਾਇਕ ਅਸੀਮ ਗੋਇਲ ਦੀ ਰਿਹਾਇਸ਼ ਵੱਲ ਮਾਰਚ ਕਰ ਰਹੇ ਹਨ। ਅੰਬਾਲਾ ਸ਼ਹਿਰ ਵਿੱਚ ਕਿਸਾਨਾਂ ਨੂੰ ਰੋਕਣ ਲਈ ਭਾਰੀ ਪੁਲਿੀ ਬਲ ਤਾਇਨਾਤ ਕੀਤਾ ਗਿਆ ਹੈ ਅਤੇ ਬੈਰੀਕੇਡ ਲਗਾਏ ਗਏ ਹਨ। ਕੁਰੂਕਸ਼ੇਤਰ ਦੇ ਸ਼ਾਹਬਾਦ ਵਿੱਚ ਕਿਸਾਨ ਜੇਜੇਪੀ ਵਿਧਾਇਕ ਰਾਮਕਰਨ ਕਲਾ ਦੇ ਘਰ ਦੇ ਸਾਹਮਣੇ ਧਰਨਾ ਦੇ ਰਹੇ ਹਨ। ਕਿਸਾਨਾਂ ਦਾ ਇੱਕ ਹੋਰ ਸਮੂਹ ਖੇਡ ਅਤੇ ਯੁਵਾ ਮਾਮਲਿਆਂ ਦੇ ਰਾਜ ਮੰਤਰੀ ਸੰਦੀਪ ਸਿੰਘ ਦੇ ਨਿਵਾਸ ਦੇ ਕੋਲ ਪ੍ਰਦਰਸ਼ਨ ਕਰ ਰਿਹ ਹੈ। ਕੁਰੂਕਸ਼ੇਤਰ ਵਿੱਚ ਕਿਸਾਨ ਪ੍ਰਦਰਸ਼ਨ ਕਰਨ ਲਈ ਭਾਜਪਾ ਦੇ ਥਾਨੇਸਰ ਵਿਧਾਇਕ ਸੁਭਾਸ਼ ਸੁਧਾ ਦੇ ਘਰ ਦੇ ਨੇੜੇ ਪਹੁੰਚ ਚੁੱਕੇ ਹਨ।

ਝੋਨੇ ਦੀ ਖਰੀਦ ਅੱਗੇ ਪਾਉਣ ਖ਼ਿਲਾਫ਼ ਹਰਿਆਣਾ ’ਚ ਕਿਸਾਨਾਂ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ

ਦਰਅਸਲ, ਸੰਯੁਕਤ ਕਿਸਾਨ ਮੋਰਚਾ ਵੱਲੋਂ ਕੱਲ੍ਹ ਪਹਿਲਾਂ ਕੋਈ ਹੋਰ ਰਣਨੀਤੀ ਤਿਆਰ ਕੀਤੀ ਗਈ ਸੀ ਪਰ ਅੱਜ ਗਾਂਧੀ ਜੈਯੰਤੀ ਦੀ ਛੁੱਟੀ ਹੋਣ ਕਰਕੇ ਪਹਿਲਾ ਵਾਲਾ ਪ੍ਰੋਗਰਾਮ ਮੁਲਤਵੀ ਕੀਤਾ ਗਿਆ ਅਤੇ ਨਵਾਂ ਫੈਸਲਾ ਕੀਤਾ ਗਿਆ। ਪਹਿਲਾਂ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਸਵੇਰੇ 10 ਵਜੇ ਤੋਂ ਪੰਜਾਬ ਵਿੱਚ ਸਾਰੇ ਡੀਸੀ ਦਫ਼ਤਰਾਂ ਦਾ ਘਿਰਾਉ ਕਰਨ ਦਾ ਐਲਾਨ ਕੀਤਾ ਸੀ ਅਤੇ ਹਰਿਆਣਾ ਵਿੱਚ ਬੀਜੇਪੀ, ਜੇਜੇਪੀ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦਾ ਘਿਰਾਉ ਕਰਨ ਦੀ ਰਣਨੀਤੀ ਤਿਆਰ ਕੀਤੀ ਸੀ।