‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਆਪਣੇ ਡਾਂਗਾਂ ਵਾਲੇ ਬਿਆਨ ਉੱਤੇ ਫਜੀਹਤ ਝੱਲਣੀ ਪੈ ਰਹੀ ਹੈ ਤੇ ਕਿਸਾਨਾਂ ਦੇ ਨਾਲ ਨਾਲ ਵਿਰੋਧੀ ਧਿਰਾਂ ਵੀ ਖੱਟਰ ਨੂੰ ਘੇਰ ਰਹੀਆਂ ਹਨ। ਕਿਸਾਨਾਂ ਦੇ ਖਿਲਾਫ ਡਾਂਗਾਂ ਚੁੱਕਣ ਵਾਲਾ ਬਿਆਨ ਦੇਣ ਵਾਲੇ ਹਰਿਆਣਾ ਦੇ ਸੀਐਮ ਨੇ ਆਪਣਾ ਬਿਆਨ ਵਾਪਸ ਲੈ ਲਿਆ ਹੈ।
![](https://khalastv.com/wp-content/uploads/2021/10/1598278263.jpg)
ਜਾਣਕਾਰੀ ਅਨੁਸਾਰ ਮਨੋਹਰ ਲਾਲ ਖੱਟਰ ਨਵਰਾਤਰੇ ਦੇ ਦੂਜੇ ਦਿਨ ਪੰਚਕੂਲਾ ਦੇ ਮਾਤਾ ਮਨਸਾ ਦੇਵੀ ਮੰਦਰ ਵਿੱਚ ਮੱਥਾ ਟੇਕਣ ਆਏ ਸਨ ਤੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੇਰੇ ਮਨ ਵਿੱਚ ਕਿਸੇ ਪ੍ਰਤੀ ਕੋਈ ਮੈਲ ਨਹੀਂ ਹੈ। ਉਨ੍ਹਾਂ ਇਹ ਬਿਆਨ ਸਿਰਫ ਤੇ ਸਿਰਫ਼ ਸਵੈ-ਰੱਖਿਆ ਸਬੰਧੀ ਸੀ।
![](https://khalastv.com/wp-content/uploads/2021/10/Enk7X6pVQAEnXpJ-380x214-1.jpg)
ਖੱਟਰ ਨੇ ਕਿਹਾ ਹੈ ਕਿ ਮੇਰੇ ਬਿਆਨ ਤੋਂ ਨਾਰਾਜ਼ ਤੇ ਦੁਖੀ ਆਪਣੇ ਕਿਸਾਨ ਭਰਾਵਾਂ ਨੂੰ ਦੱਸਣਾ ਚਾਹੁੰਦਾ ਹਾਂ ਮੈਂ ਆਪਣਾ ਬਿਆਨ ਵਾਪਸ ਲੈ ਰਿਹਾ ਹਾਂ। ਮੈਂ ਨਹੀਂ ਚਾਹੁੰਦਾ ਕਿ ਹਰਿਆਣਾ ਵਿੱਚ ਕਿਸੇ ਵੀ ਤਰ੍ਹਾਂ ਦੀ ਅਜਿਹੀ ਸਥਿਤੀ ਪੈਦਾ ਹੋਵੇ ਜਿਸ ਨਾਲ ਸ਼ਾਂਤੀ ਭੰਗ ਹੋ ਹੋਵੇ। ਸਾਰਿਆਂ ਨੂੰ ਸ਼ਾਂਤੀ ਨਾਲ ਪ੍ਰਦਰਸ਼ਨ ਕਰਨ ਦੀ ਖੁੱਲ੍ਹ ਹੈ।
![](https://khalastv.com/wp-content/uploads/2021/10/1598277417_m_l_-khattar.jpg)
ਜ਼ਿਕਰਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਕਿਸਾਨਾਂ ਨਾਲ ਜੈਸੇ ਕੋ ਤੈਸਾ ਕਰਨਾ ਚਾਹੀਦਾ ਹੈ ਤੇ ਕਿਸਾਨਾਂ ਖਿਲਾਫ ਡਾਂਗਾਂ ਚੁੱਕਣ ਦਾ ਸਮਾਂ ਹੈ। ਉਨ੍ਹਾਂ ਕਿਹਾ ਸੀ ਕਿ ਅਜਿਹਾ ਕਰਨ ਨਾਲ ਜੇਕਰ ਕਿਸੇ ਨੂੰ ਜੇਲ੍ਹ ਹੁੰਦੀ ਹੈ ਤਾਂ ਬਾਹਰ ਆ ਕੇ ਉਹ ਵੱਡਾ ਲੀਡਰ ਬਣ ਜਾਵੇਗਾ।