‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਰਨਾਲ ਵਿੱਚ ਕਿਸਾਨਾਂ ਉੱਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਬਾਰੇ ਜਦੋਂ ਮੀਡੀਆ ਨੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸਵਾਲ ਪੁੱਛਿਆ ਤਾਂ ਉਨ੍ਹਾਂ ਦਾ ਰਵੱਈਆ ਦੇਖਣ ਵਾਲਾ ਸੀ। ਪਹਿਲਾਂ ਦਾ ਖੱਟਰ ਰੁਕੇ ਨਹੀਂ ਫਿਰ ਇੰਨਾਂ ਕਹਿ ਕੇ ਆਪਣੀ ਗੱਡੀ ਬਹਿ ਗਏ ਕਿ ਜਿਹੜਾ ਮੈਂ ਬਿਆਨ ਕੱਲ੍ਹ ਦਿੱਤਾ ਸੀ, ਉਸੇ ਨੂੰ ਅੱਜ ਵੀ ਚਲਾਓ। ਹੈਰਾਨੀ ਵਾਲੀ ਹੈ ਕਿ ਕੱਲ੍ਹ ਹਰਿਆਣਾ ਸਰਕਾਰ ਦੇ ਐੱਸਡੀਐੱਮ ਆਊਸ਼ ਸਿਨਹਾ ਦਾ ਇਕ ਵੀਡੀਓ ਵੀ ਵਾਇਰਲ ਹੋਇਆ ਹੈ, ਜਿਸ ਵਿੱਚ ਐੱਸਡੀਐੱਮ ਸ਼ਰੇਆਮ ਪੁਲਿਸ ਮੁਲਾਜ਼ਮਾਂ ਨੂੰ ਕਿਸਾਨਾਂ ਦੇ ਸਿਰ ਭੰਨਣ ਦਾ ਹੁਕਮ ਦੇ ਰਿਹਾ ਹੈ ਤੇ ਅੱਜ ਇਸ ਗੰਭੀਰ ਮੁੱਦੇ ਉੱਤੇ ਹਰਿਆਣਾ ਦੇ ਸੀਐੱਮ ਦਾ ਇਹ ਰਵੱਈਆ ਕਈ ਸਵਾਲ ਖੜ੍ਹੇ ਕਰਦਾ ਹੈ। ਇਸ ਮੌਕੇ ਨਾ ਹੀ ਸੀਐੱਮ ਨੇ ਕੋਈ ਜਾਂਚ ਦੀ ਗੱਲ ਕਹੀ ਤੇ ਨਾ ਹੀ ਉਨ੍ਹਾਂ ਵਧੀਕੀਆਂ ਕਰਨ ਵਾਲੇ ਪੁਲਿਸ ਮੁਲਾਜਮਾਂ ਉੱਤੇ ਕਿਸੇ ਤਰ੍ਹਾਂ ਦੀ ਕਾਰਵਾਈ ਦਾ ਕੋਈ ਭਰੋਸਾ ਦਿੱਤਾ। ਖੱਟਰ ਆਪਣਾ ਮਾਸਕ ਸਵਾਰਦੇ ਹੋਏ ਮੀਡੀਆ ਦੇ ਅਗਲੇ ਸਵਾਲ ਤੋਂ ਬਚਦੇ ਅੱਗੇ ਵਧ ਗਏ।
ਇੱਥੇ ਦੱਸ ਦਈਏ ਕਿ ਆਪਣੇ ਮਿੱਥੇ ਪ੍ਰੋਗਰਾਮ ਤਹਿਤ ਕਿਸਾਨ ਜਥੇਬੰਦੀਆਂ ਸੀਐੱਮ ਦਾ ਖੇਤੀ ਕਾਨੂੰਨਾਂ ਉੱਤੇ ਵਿਰੋਧ ਕਰਨ ਇਕੱਠਾ ਹੋਏ ਸਨ ਤੇ ਟੌਲ ਪਲਾਜ਼ਾ ਉੱਤੇ ਪੁਲਿਸ ਵੱਲੋਂ ਕਿਸਾਨਾਂ ਉੱਤੇ ਬੁਰੀ ਤਰ੍ਹਾਂ ਲਾਠੀਆਂ ਚਲਾਈਆਂ ਗਈਆਂ ਸਨ। ਇਸ ਦੌਰਾਨ ਕਈ ਕਿਸਾਨ ਗੰਭੀਰ ਫੱਟੜ ਹਨ ਤੇ ਇਕ ਕਿਸਾਨ ਦੀ ਮੌਤ ਵੀ ਹੋਈ ਹੈ। ਪਰ ਹਰਿਆਣਾ ਦੇ ਸੀਐੱਮ ਵੱਲੋਂ ਕੋਈ ਵੀ ਸੰਵੇਦਨਾ ਨਹੀਂ ਜਾਹਿਰ ਕੀਤੀ ਗਈ।