Khaas Lekh Religion

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਦੁਨੀਆ ‘ਤੇ ਹੋਰ ਕੋਈ ਗੁਰੂ ਕਿਉਂ ਨਹੀਂ, ਹਰ ਸਿੱਖ ਜਾਣ ਲਵੇ ਖ਼ਾਸ ਜਾਣਕਾਰੀ

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।।

ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।।

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੁਨੀਆ ਦੇ ਵਿੱਚ ਸਿਰਫ਼ ਤੇ ਸਿਰਫ਼ ਇੱਕ ਹੀ ਅਜਿਹੇ ਗ੍ਰੰਥ ਹਨ, ਜਿਨ੍ਹਾਂ ਨੂੰ ਸਦੀਵੀ ਗੁਰੂ ਦਾ ਦਰਜਾ ਹਾਸਿਲ ਹੈ, ਉਹ ਹਨ ਜੁਗੋ-ਜੁਗ ਅਟੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 315ਵਾਂ ਸੰਪੂਰਨਤਾ ਦਿਹਾੜਾ ਹੈ। ‘ਦ ਖ਼ਾਲਸ ਟੀਵੀ ਦੀ ਸਾਰੀ ਟੀਮ ਵੱਲੋਂ ਸਮੁੱਚੀ ਲੋਕਾਈ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਹਾੜੇ ਦੀਆਂ ਬੇਅੰਤ ਵਧਾਈਆਂ ਹੋਣ। ਧਰਮ ਗ੍ਰੰਥ ਤੋਂ ਬਿਨਾਂ ਧਰਮ ਦੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਤੇ ਅੱਜ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਾਂਗੇ।

ਧਰਮ ਗ੍ਰੰਥ ਤੋਂ ਬਿਨਾਂ ਧਰਮ ਦੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਅਤੇ ਧਰਮ ਗ੍ਰੰਥ ਤੋਂ ਬਿਨਾਂ ਧਰਮ ਦਾ ਹਨੇਰੇ ਵਿੱਚ ਲੁਪਤ ਹੋਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। 1708 ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੂਹ ਖਾਲਸਾ ਪੰਥ ਨੂੰ ਹੁਕਮ ਕੀਤਾ ਸੀ ਕਿ ਮੇਰੇ ਤੋਂ ਬਾਅਦ ਸਿੱਖ ਕੌਮ ਦੇ ਕੋਈ ਦੇਹਧਾਰੀ ਗੁਰੂ ਨਹੀਂ ਹੋਣਗੇ। ਗੁਰੂ ਸਾਹਿਬ ਜੀ ਨੇ ਦ੍ਰਿੜ ਕਰਵਾਇਆ ਸੀ ਕਿ ਸਾਡੇ ਗੁਰੂ ਸਿਰਫ਼ ਤੇ ਸਿਰਫ਼ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹੋਣਗੇ, ਇਹ ਸਿੱਖਾਂ ਲਈ ਆਦੇਸ਼ ਹੈ ਤੇ ਮੰਨਣਯੋਗ ਹੈ, ਭਾਵੇਂ ਬਥੇਰੇ ਸਿੱਖ ਸ਼ਬਦ ਗੁਰੂ ਤੋਂ ਬੇਮੁਖ ਹੋ ਕੇ ਅੱਜ ਵੀ ਦੇਹਧਾਰੀਆਂ ਪਿੱਛੇ ਤੁਰੇ ਫਿਰਦੇ ਹਨ। ਧਰਮ ਗ੍ਰੰਥਾਂ ਦੇ ਇਤਿਹਾਸ ਵੱਲ ਜਦੋਂ ਝਾਤ ਮਾਰਦੇ ਹਾਂ ਤਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਲੱਖਣਤਾ ਦੇ ਝਲਕਾਰੇ ਸਪੱਸ਼ਟ ਰੂਪ ਵਿੱਚ ਵੇਖਣ ਨੂੰ ਮਿਲਦੇ ਹਨ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਕੀ ਧਾਰਮਿਕ ਗ੍ਰੰਥਾਂ ਨਾਲੋਂ ਇਸ ਲਈ ਵੀ ਅਲੱਗ ਹਨ ਕਿਉਂਕਿ ਇਸ ਧਾਰਮਿਕ ਗ੍ਰੰਥ ਦੀ ਸੰਪਾਦਨਾ ਸਿੱਖ ਧਰਮ ਦੇ ਬਾਨੀਆਂ ਵੱਲੋਂ ਆਪ ਕੀਤੀ ਗਈ ਹੈ, ਜਿਸ ਕਰਕੇ ਇਹ ਧਰਮ ਗ੍ਰੰਥ ਸਭ ਪ੍ਰਕਾਰ ਦੇ ਸ਼ੰਕਿਆਂ ਤੋਂ ਮੁਕਤ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਧਰੇ ਵੀ ਸਿੱਖ ਬਾਨੀਆਂ ਦੀਆਂ ਕਥਾ-ਕਹਾਣੀਆਂ ਨੂੰ ਚਮਤਕਾਰੀ ਰੂਪ ਵਿੱਚ ਬਿਆਨ ਨਹੀਂ ਕੀਤਾ ਗਿਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਲਈ ਸਿਰਫ਼ ਧਰਮ ਗ੍ਰੰਥ ਹੀ ਨਹੀਂ ਬਲਕਿ ਚਵਰ ਤਖ਼ਤਾਂ ਦੇ ਮਾਲਿਕ, ਦਸ ਪਾਤਸ਼ਾਹੀਆਂ ਦੀ ਜਾਗਦੀ ਜੋਤ ਗੁਰ-ਗੱਦੀ ‘ਤੇ ਬਿਰਾਜਮਾਨ ਹਨ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਲਨ, ਸੰਪਾਦਨ ਦਾ ਇਤਿਹਾਸ ਬਹੁਤ ਅਹਿਮ ਤੇ ਨਿਆਰਾ ਹੈ। ਇਸ ਪਵਿੱਤਰ ਗ੍ਰੰਥ ਵਿੱਚ 12ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਤੱਕ ਦੇ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਰਚੀ ਗਈ ਰੱਬੀ ਬਾਣੀ ਸਾਂਝੇ ਰੂਪ ਵਿੱਚ ਸੁਭਾਇਮਾਨ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ 1430 ਅੰਗ ਹਨ। 1430 ਅੰਗਾਂ ‘ਤੇ ਰਚੀ ਹੋਈ ਰਾਗਮਈ ਅਲੌਕਿਕ ਬਾਣੀ ਰੱਬੀ ਚਾਨਣ ਦੀ ਇਲਾਹੀ ਮੌਜੂਦਗੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 6 ਗੁਰੂ ਸਾਹਿਬਾਨਾਂ, ਪਹਿਲੇ ਪੰਜ ਗੁਰੂ ਸਾਹਿਬਾਨ ਤੇ ਨੌਂਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਾਣੀ ਦਰਜ ਹੈ। 15 ਭਗਤਾਂ, 11 ਭੱਟਾਂ ਤੇ 4 ਗੁਰਸਿੱਖ ਸ਼ਰਧਾਲੂਆਂ ਦੀ ਬਾਣੀ ਵੀ ਇਸ ਮਹਾਨ ਗ੍ਰੰਥ ਦੇ ਅੰਦਰ ਹੈ। ਬਾਣੀ ਦੀ ਰਚਨਾ 31 ਰਾਗਾਂ ਵਿੱਚ ਕੀਤੀ ਗਈ ਹੈ।

ਸਦੀਵੀ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਛੇ ਗੁਰੂਆਂ ਮੋਹਰ ਹੈ ਲਾਈ।

15 ਭਗਤਾਂ 11 ਭੱਟਾਂ 4 ਗੁਰੂ ਦੇ ਸਿੱਖਾਂ, ਵਿੱਚ 31 ਰਾਗਾਂ ਬਾਣੀ ਦਰਜ ਕਰਾਈ।

ਸਭ ਤੋਂ ਪਹਿਲਾਂ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਕਰਵਾਈ। ਇਹ ਮਹਾਨ ਕਾਰਜ ਅੰਮ੍ਰਿਤਸਰ ਦੇ ਨੇੜੇ ਰਾਮਸਰ ਸਰੋਵਰ ‘ਤੇ ਕੀਤਾ ਗਿਆ।

ਸੰਪੂਰਨਤਾ ਤੋਂ ਬਾਅਦ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ 1 ਸਤੰਬਰ, 1604 ਈ: ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਕੀਤਾ ਗਿਆ। ਉਸ ਵੇਲੇ 95 ਸਾਲ ਦੇ ਗੁਰਸਿੱਖ ਬਾਬਾ ਬੁੱਢਾ ਜੀ ਨੂੰ ਸ੍ਰੀ ਆਦਿ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਥਾਪਿਆ ਗਿਆ। ਜਦੋਂ ਪ੍ਰਕਾਸ਼ ਕੀਤਾ ਗਿਆ ਤਾਂ ਸਭ ਤੋਂ ਪਹਿਲਾ ਹੁਕਮਨਾਮਾ ਆਇਆ:

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ।।

ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ।।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਪੂਰੀ ਮਨੁੱਖਤਾ ਲਈ ਹੈ। 1708 ਈ: ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਾਂ ਗੁਰੂਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰੂ ਹੋਣ ਦਾ ਦਰਜਾ ਦੇ ਦਿੱਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰਮੁਖੀ ਲਿਪੀ ਵਿੱਚ ਲਿਖੀ ਗਈ ਹੈ। ਸ਼ਬਦ ਗੁਰੂ ਨੂੰ ਸਦੀਵੀ ਗੁਰੂ ਥਾਪਣ ਦੀ ਇੱਕ ਵੱਡੀ ਇਤਿਹਾਸਕ ਅਤੇ ਵਿਲੱਖਣ ਘਟਨਾ ਦੁਨੀਆ ‘ਤੇ ਸਿਰਫ਼ ਤੇ ਸਿਰਫ਼ ਇੱਕੋ ਵਾਰ 1708 ਵਿੱਚ ਵਾਪਰੀ ਸੀ, ਇਸ ਤੋਂ ਪਹਿਲਾਂ ਤੇ ਇਸ ਤੋਂ ਬਾਅਦ ਅੱਜ ਤੱਕ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਸਦੀਵੀ ਗੁਰੂ ਦਾ ਦਰਜਾ ਨਹੀਂ ਦਿੱਤਾ ਗਿਆ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਕਾਇਨਾਤ ਦੇ ਲਈ ਇੱਕ ਅਦੁੱਤੀ ਬਖਸ਼ਿਸ਼ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇੱਕ-ਇੱਕ ਸ਼ਬਦ ਚੰਗੀ ਜੀਵਨ-ਜਾਚ ਲਈ ਸੇਧ ਦਿੰਦਾ ਹੈ। ਸੋ, ਹੁਣ ਅਸੀਂ ਇਹ ਜਾਨਣ ਦੀ ਕੋਸ਼ਿਸ਼ ਕਰਾਂਗੇ ਕਿ ਸਾਡੇ ਵਿੱਚੋਂ ਕਿੰਨੇ ਕੁ ਅਜਿਹੇ ਹਨ ਜੋ ਸਿਰਫ਼ ਤੇ ਸਿਰਫ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਨ ਤੇ ਕਿੰਨੇ ਅਜਿਹੇ ਹਨ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਮੰਨਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਂ ਕਿੰਨੀ ਕੁ ਗੱਲ ਮੰਨਦੇ ਹਾਂ, ਇਸ ਲਈ ਅਸੀਂ ਸਿਰਫ ਕੁੱਝ ਸਿੱਖਿਆਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਲਵਾਂਗੇ। ਸਿੱਖੀ ਦਾ ਸਭ ਤੋਂ ਪਹਿਲਾ ਉਪਦੇਸ਼ ਹੈ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ।

1430 ਅੰਗਾਂ ਦਾ ਇਹ ਮਹਾਨ ਤੇ ਅਣਮੁੱਲਾ ਖਜ਼ਾਨਾ ਸਿਰਫ਼ ਅੱਜ ਲਈ ਨਹੀਂ, ਬਲਕਿ ਸਦੀਵ ਕਾਲ ਤੱਕ ਨਵਾਂ ਨਰੋਆ ਤੇ ਅਮਰ ਰਹੇਗਾ। ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੰਨਾ ਸਤਿਕਾਰ ਕਰਦੇ ਹਾਂ, ਉਨਾਂ ਹੀ ਪਿਆਰ ਵੀ ਕਰੀਏ ਕਿਉਂਕਿ ਜਦੋਂ ਪਿਆਰ ਹੁੰਦਾ ਹੈ, ਉਦੋਂ ਸਮਰਪਣ ਹੁੰਦਾ ਤੇ ਜਦੋਂ ਸਮਰਪਣ ਹੁੰਦਾ ਉਦੋਂ ਇਨਸਾਨ ਦੇ ਮਨ ਵਿੱਚ ਸੀਸ ਝੁਕਾ ਕੇ ਹਰ ਗੱਲ ਮੰਨਣ ਦੀ ਇੱਛਾ ਜਾਗਦੀ ਹੈ ਤੇ ਜਦੋਂ ਅਸੀਂ ਹਰ ਗੱਲ ਮੰਨਦੇ ਹਾਂ ਤਾਂ ਫਿਰ ਮਨ ਨਿਰਮਲ, ਨਿਰਛਲ, ਨਿਰਭਉ, ਨਿਰਵੈਰ ਤੇ ਚੜ੍ਹਦੀਕਲਾ ਵਾਲਾ ਹੋ ਜਾਵੇਗਾ।

ਇਸ ਕਵਿਤਾ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਬਹੁਤ ਵਧੀਆਂ ਢੰਗ ਦੇ ਨਾਲ ਜਾਣਕਾਰੀ ਦਿੱਤੀ ਗਈ ਹੈ।

ਘੁੱਪ ਹਨੇਰਾ ਕੁੱਝ ਨਾ ਸੀ ਜਦ, ਖ਼ੁਦਾ ਇਹ ਧਰਤ ਬਣਾਈ।

ਸਮੇਂ-ਸਮੇਂ ਦੇ ਪੈਰੋਕਾਰਾਂ,ਦੁਨੀਆ ਰਾਹੇ ਪਾਈ।

ਪਿਆਰਾ ਰੱਬ ਦਾ ਵਿੱਚ ਯੂਨਾਨ ਦੇ, ਫੀਥੋਗੌਰਸ ਪੈਦਾ ਹੋਇਆ।

ਸਤਰ ਕੋਈ ਨਾ ਹੱਥੀਂ ਉਤਾਰੀ, ਰੱਬੀ ਇਲਹਾਮ ਜੋ ਹੋਇਆ।

ਫਿਰ ਦੁਨੀਆ ‘ਚ ਸੁਕਰਾਤ ਸੀ ਆਇਆ, ਪਰ ਇਸਨੇ ਵੀ ਹੱਥੀਂ ਸਤਰ ਨਾ ਉਤਾਰੀ।

ਚੇਲੇ ਅਫਲਾਤੂਨ ਇਨ੍ਹਾਂ ਦੇ, ਸਿੱਖਿਆ ਸੀ ਪੱਤਰ ਉਤਾਰੀ।

ਐਸਾ ਹੀ ਗੁਰੂ ਬੁੱਧ ਨੇ ਕਰਿਆ, ਬਚਨ ਉਚਾਰਿਆ ਲਿਖਿਆ ਨਾ ਹੀ।

ਮਹਾਨ ਗੁਰੂ ਫਿਰ ਈਸਾ ਸੁਣਿਆ, ਇਨ੍ਹਾਂ ਵੀ ਹੱਥੀਂ ਲਿਖਿਆ ਨਾ ਹੀ।

ਖਜ਼ੂਰ ਦੇ ਪੱਤੇ ਖਾ ਗਈ ਬੱਕਰੀ, ਮੁਸਲਿਮ (ਮੁਹੰਮਦ ਸਾਬ) ਜੋ ਵੀ ਲਿਖਿਆ।

ਫਿਰ ਕੰਨੋਂ-ਕੰਨੀ ਗੁਜ਼ਰੀ, ਵੱਧ-ਘੱਟ ਪਾਕ ਤੇ ਲਿਖਿਆ।

ਹਿੰਦੂਆਂ ਦੇ ਵੀ ਬਚਨ ਉਚਾਰੇ, ਲਿਖੇ ਨਾ ਉਸੇ ਵੇਲੇ।

ਕੁੱਝ ਗੁੰਮ ਗਏ ਕੁੱਝ ਕਾਗਜ਼ੀ ਉਤਾਰੇ, ਦੁਬਾਰਾ ਇਨ੍ਹਾਂ ਦੇ ਚੇਲੇ।

ਪਰ ਗੁਰੂ ਹੱਥੀਂ ਆਪਣੇ, ਸੱਭੇ ਹਰਫ਼ ਉਤਾਰੇ।

ਇੱਕ ਸ਼ਬਦ ਨਾ ਇੱਧਰ-ਉੱਧਰ, ਸਮਕਾਲੀਆਂ ਲਿਖੇ ਨੇ ਸਾਰੇ।

ਸਦੀਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਛੇ ਗੁਰੂਆਂ ਮੋਹਰ ਹੈ ਲਾਈ।

15 ਭਗਤ 11 ਭੱਟਾਂ 4 ਗੁਰੂ ਦੇ ਸਿੱਖਾਂ, ਵਿੱਚ 31 ਰਾਗਾਂ ਬਾਣੀ ਦਰਜ ਕਰਾਈ।

ਗੁਰੂਆਂ ਦੀ ਬਾਣੀ

 ਧੰਨ ਗੁਰੂ ਨਾਨਕ ਅਲਫ਼ ਗੁਰਾਂ ਦੇ, ਸਿਰਮੋਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ।

974 ਸ਼ਬਦ ਆਪਦੇ, 17 ਰਾਗਾਂ ‘ਚ ਮਿਲਣ ਸਾਹਿਬ ਦੇ।

62 ਸਲੋਕ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ, ਅਫ਼ਰੀ ਹੈਂ ਬਹੁਤ ਨਿਆਰੇ।

907 ਵਿੱਚ ਰਾਗਾਂ, ਸ਼੍ਰੀ ਗੁਰੂ ਅਮਰਦਾਸ ਜੀ ਉਚਾਰੇ।

679 ਸ਼੍ਰੀ ਗੁਰੂ ਰਾਮਦਾਸ ਜੀ, ਉਚਾਰੇ 30 ਵਿੱਚ ਰਾਗਾਂ ਦੇ।

ਅਤੇ ਉਚਾਰੀਆਂ ਲਾਵਾਂ ਸਤਿਗੁਰੂ, ਪੜਦੇ ਧਨੀ ਜੋ ਭਾਗਾਂ ਦੇ।

ਸ਼ਹੀਦਾਂ ਦੇ ਸਿਰਤਾਜ ਗੁਰੂ ਜੀ ਦੇ, ਸੁਸ਼ੋਭਿਤ ਸ਼ਬਦ 2218 ਜੀ।

ਗੁਰੂ ਅਰਜਨ ਜੀ ਧੰਨ ਕਮਾਈ, 30 ਰਾਗਾਂ ਵਿੱਚ ਅੰਮ੍ਰਿਤ ਧਾਰਾ ਜੀ।

ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ, 116 ਸ਼ਬਦ,ਸਲੋਕ ਆਪ ਦੇ।

ਬਹੁਤੀ ਹੈ ਵਿਰਾਗ ‘ਚ ਬਾਣੀ, ਸ਼ਾਂਤ ਮੂਰਤ ਤੁਸੀਂ ਜਾਪ ਦੇ।

ਭਗਤਾਂ ਦੀ ਬਾਣੀ

 ਧੰਨ ਧੰਨ ਭਗਤ ਕਬੀਰ ਜੀ, ਭਗਤਾਂ ਦੇ ਸਿਰਮੌਰ ਨੇ।

541 ਸ਼ਬਦ ਆਪਦੇ, ਸਿੱਖ ਨਾ ਜਾਤ ਦੇ ਹੋਰ ਨੇ।

17 ਰਾਗਾਂ ਵਿੱਚ ਉਚਾਰੀ, ਅਫ਼ਰੀ ਹੁੰਦੇ ਮਨੁੱਖ ਤੇ ਜਨੌਰ ਨੇ।

ਦਰਜ ਆਪ ਦੇ ਸ਼ਬਦ ਨੇ 40, ਗਾਇਨ 16 ਰਾਗਾਂ ‘ਚ।

ਸੁਣ ਕੇ ਭਗਤ ਰਵਿਦਾਸ ਜੀ ਨੂੰ, ਅਸ਼-ਅਸ਼ ਕਰਦੀ ਕੋਇਲ ਬਾਗਾਂ ‘ਚ।

ਖ਼ੁਦਾ ਪ੍ਰਸੰਨ ਨਾਮਦੇਵ ਜੀ ਤੋਂ, ਮੰਦਰ ਦਾ ਮੁਖ ਘੁਮਾਇਆ ਜੀ।

61 ਸ਼ਬਦਾਂ ਦਾ ਅਨਮੋਲ ਖਜ਼ਾਨਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਬਣਾਇਆ ਜੀ।

ਕੁਰਾਨ ਕੰਠ ਵਿੱਚ 12 ਸਾਲਾਂ, ਬਾਬਾ ਸ਼ੇਖ ਫਰੀਦ ਨਿਆਰੇ ਨੇ।

130 ਸਲੋਕ ‘ਚੋਂ 18, ਗੁਰਾਂ ਨੇ ਨਾਂ ਆਪਣੇ ਹੇਠ ਉਤਾਰੇ ਨੇ।

ਜਿਮੀਂਦਾਰ ਨੇ ਧੰਨਾ ਜੀ, ਪੱਥਰ ਵਿੱਚੋਂ ਰੱਬ ਲੱਭਿਆ।

4 ਸ਼ਬਦ ਉਚਾਰੇ ਆਪ ਦੇ, ਪੜ੍ਹ-ਪੜ੍ਹ ਫਸਲਾਂ ਦਾ ਰੰਗ ਫੱਬਿਆ।

ਰੱਬ ਪ੍ਰਸੰਨ ਹੈ ਬੇਣੀ ਜੀ ਤੋਂ, ਘਰ ਦਾ ਚੱਕਰ ਚਲਾਇਆ ਜੀ।

ਦਰਜ ਨੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, 3 ਸ਼ਬਦ ਜੋ ਗਾਏ ਜੀ।

ਭਗਤ ਭੀਖਣ ਜੀ ਦੇ ਸ਼ਬਦਾਂ ਨੂੰ, ਸੋਰਠਿ ਰਾਗ ‘ਚ ਗਾਇਆ ਏ।

ਸਧਨੇ ਭਗਤ ਵੀ ਸੁੱਟ ਕਟਾਰੀ, ਇੱਕ ਵਿੱਚ ਜਸ ਸੁਣਾਇਆ ਏ।

ਤਿਆਗਿਆ ਰਾਜ,ਮੋਹ ਤੇ ਮਾਇਆ, ਸ਼ਾਂਤੀ ਮਨ ਦੀ ਪਾਉਣ ਲਈ।

ਇੱਕ ਸ਼ਬਦ ਵਿੱਚ ਭਗਤ ਪੀਪਾ ਜੀ, ਦੱਸਿਆ ਮਾਰਗ ਰੱਬ ਨੂੰ ਪਾਉਣ ਲਈ।

4 ਸ਼ਬਦ ਤਿਲ੍ਰੋਚਨ ਜੀ ਉਚਾਰੇ, ਸੀ ਪਾਇਆ ਜਦ ਗਫ਼ੂਰ ਸਾਈਂ।

ਸਿਰੀ ਰਾਗ ਇੱਕ,ਦੋ ਗੂਜਰੀ, ਇੱਕ ਧਨਾਸਰੀ ਤਾਈਂ।

ਅਧੂਰੀ ਪੰਗਤੀ ਲਿਖ ਪ੍ਰਮਾਤਮਾ, ਮਿਹਰ ਕਰੀ ਜੈ ਦੇਵ ਜੀ ਉੱਤੇ।

ਦੋ ਸ਼ਬਦ ਉਚਾਰੇ ਦੋ ਰਾਗਾਂ ਵਿੱਚ, ਜਾਗਣ ਮਾਇਆ ਧਾਰੀ ਸੁਣ ਸੁੱਤੇ।

ਰਾਮਾਨੰਦ ਜੀ ਆਪ ਨੇ ਕੀਤੀ, ਗੁਰਮਤਿ ਦੀ ਨੇਕ ਕਮਾਈ।

ਇੱਕ ਸ਼ਬਦ ਬਸੰਤ ਰਾਗ ਵਿੱਚ, ਕਰ ਗਾਇਨ ਰੂਹ ਏ ਜਗਾਈ।

ਚਾਰ ਮਹਾਨ ਸੀ ਸ਼ਿਸ਼ ਬਣਾਏ, ਪੂਜੇ ਜਿਨ੍ਹਾਂ ਨੂੰ ਇਹ ਲੋਕਾਈ।

ਰਵਿਦਾਸ,ਕਬੀਰ,ਪੀਪਾ ਜੀ,ਸੈਣੀ, ਦੇ ਸਿੱਖਿਆ ਕਰੀ ਭਲਾਈ।

ਇੱਕ ਸ਼ਬਦ ਪਰਮਾਨੰਦ ਜੀ, ਇੱਕ ਰਾਗ ਵਿੱਚ ਗਾਇਆ।

ਸੂਰਦਾਸ ਜੀ ਸਾਗਰ ਜਿੰਨਾ, ਇੱਕੇ ਸਤਰ ਸਮਝਾਇਆ।

ਸੈਣ ਭਗਤ ਦੀ ਲਾਜ ਰੱਖਣ ਲਈ, ਭਗਵਾਨ ਰਾਜਨ ਦਰ ਜਾਇਆ।

ਇੱਕ ਸ਼ਬਦ ਹੈ ਆਪ ਉਚਾਰਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਚ ਸਥਾਨ ਹੈ ਪਾਇਆ।

ਗੁਰਸਿੱਖਾਂ ਦੀ ਬਾਣੀ

ਗੁਰੂ ਨਾਨਕ ਦੇ ਸਾਥੀ, ਗੁਰਸਿੱਖ ਭਾਈ ਮਰਦਾਨਾ ਜੀ।

3 ਸਲੋਕ ਆਪ ਉਚਾਰੇ, ਸੁਣ-ਸੁਣ ਸੁਧਰੇ ਕਾਨਾ ਜੀ।

ਰਾਇ ਬਲਵੰਡ ਤੇ ਭਾਈ ਸੱਤਾ ਜੀ, ਅੱਤ ਮਧੁਰ ਜੋ ਰਾਗੀ ਹੋਏ ਨੇ।

5 ਪਉੜੀਆਂ ਰਾਇ ਬਲਵੰਡ ਜੀ, ਗਾ ਵਾਰ ‘ਚ ਮੋਤੀ ਪਰੋਏ ਨੇ।

ਅਖ਼ੀਰੀ 3 ‘ਚ ਸੱਤਾ ਜੀ, ਗੁਰ ਵਾਕਾਂ ਵਿੱਚ ਪਰੋਏ ਨੇ।

ਮੌਤ ਹੈ ਸੱਚ ਅਖੀਰੀ, ਬਿਆਨ ਕੀਤਾ ਸ਼ਬਦ ਤਾਈਂ।

ਬਾਬਾ ਸੁੰਦਰ ਨਾਮ ਆਪ ਦਾ, ਮਿਹਰ ਕਰੀ ਹੈ ਜਿਸ ‘ਤੇ ਸਾਈਂ।

ਭੱਟ ਸਾਹਿਬਾਨਾਂ ਦੇ ਸਵੱਈਏ

ਭੱਟ ਕਲ੍ਹ ਸਹਾਰ ਜੀ ਕੀਤੇ ਉਚਾਰਨ, ਸਵੱਈਏ ਗੁਰਾਂ ਦੀ ਅਸਤ੍ਰੋਤ ‘ਚ।

ਉਪਮਾ ਭੱਟ ਗਯੰਦ ਭੀ ਕੀਤੀ, ਫਿਰ ਲੀਨ ਹੋਏ ਗੁਰੂ ਜੋਤ ‘ਚ।

ਪੰਜ ਗੁਰੂਆਂ ਦੇ ਸਮਕਾਲੀ, ਜਿਨ੍ਹਾਂ ਭੱਟਾਂ ਉਚਾਰੀ ਬਾਣੀ।

ਭੱਟ ਭਿਖਾ, ਕੀਰਤ ਤੇ ਮਥਰਾ ਜੀ, ਨਾਮ ਜਪ ਬਣੇ ਰੱਬ ਦੇ ਹਾਣੀ।

ਭੱਟ ਸਲ੍ਹ,ਭਲ੍ਹ ਤੇ ਬਲ੍ਹ, ਨਲ੍ਹ ਜੀ, ਕਰੀ ਹੈ ਨੇਕ ਕਮਾਈ।

ਭੱਟ ਹਰਿਬੰਸ ਤੇ ਜਾਲਪ ਜੀ ਦੀ, ਬਾਣੀ ਪੜ੍ਹੇ ਲੋਕਾਈ।

ਤਿਉਂ ਮਹਿਮਾ ਕਰਨੀ ਔਖੀ, ਜਿਉਂ ਗਿਣਤੀ ਬਰਸਾਤੀ ਕਣੀਆਂ ਦੀ।

ਮਹਾਂਪੁਰਖਾਂ ਦੇ ਮੂਹਰੇ ਫਿੱਕੀ, ਲੋਅ ਲੱਖ ਕਰੋੜੀ ਮਣੀਆਂ ਦੀ।

– ਅਮਰਿੰਦਰ ਸਿੰਘ ਢਿੱਲੋਂ 

Instagram ID @diamonddhillon13

Contact no. 8146276380