Punjab

‘ਆਪ’ ਨੇ ਤਾਂ ਕੁੱਝ ਕੀਤਾ ਨਹੀਂ ਪਰ ਅਕਾਲੀ ਦਲ ਲੋਕਾਂ ਲਈ ਸਦਾ ਹਾਜ਼ਰ : ਹਰਸਿਮਰਤ ਕੌਰ ਬਾਦਲ

Harsimrat Kaur Badal visited Bathinda constituency

‘ਦ ਖ਼ਾਲਸ ਬਿਊਰੋ :  ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਲੋਕ ਸਭਾ ਹਲਕੇ ਬਠਿੰਡਾ ਦਾ ਦੌਰਾ ਕੀਤਾ। ਹਰਸਿਮਰਤ ਬਾਦਲ ਨੇ ਬਠਿੰਡਾ ਦੇ ਪਿੰਡਾਂ ਦੀ ਫੇਰੀ ਦੌਰਾਨ ਪਿੰਡ ਫੂਸ ਮੰਡੀ, ਨਰੂਆਣਾ, ਬੱਲੂਆਣਾ ਅਤੇ ਲੂਲਬਾਈ ਦਾ ਦੌਰਾ ਕੀਤਾ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਨਾਲ ਪਾਰਟੀ ਗਤੀਵਿਧੀਆਂ ਬਾਰੇ ਵਿਚਾਰ ਵਿਟਾਂਦਰਾ ਕੀਤਾ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਚੈੱਕ ਤਕਸੀਮ ਕੀਤੇ।


ਉਨ੍ਹਾਂ ਨੇ ਆਪ ਸਰਕਾਰ ਉੱਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਭਾਵੇਂ ਬਦਲਾਅ ਦੇ ਦਾਅਵੇ ਕਰਨ ਵਾਲੀ ਸਰਕਾਰ ਵੱਲੋਂ ਪਿਛਲੇ 6,7 ਮਹੀਨਿਆਂ ਦੌਰਾਨ ਪੰਜਾਬ ਵਿਚ ਨਾ ਹੀ ਵਿਕਾਸ ਕਾਰਜਾਂ ਲਈ ਅਤੇ ਨਾ ਹੀ ਕਿਸਾਨਾਂ ਦੇ ਮੁਆਵਜ਼ੇ ਸੰਬੰਧੀ ਕੋਈ ਫੰਡ ਮਿਲਿਆ, ਪਰ ਲੋਕਾਂ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਪਣੇ ਲੋਕਾਂ ਲਈ ਸਦਾ ਹੀ ਹਾਜ਼ਰ ਰਹੀ ਹੈ ਅਤੇ ਹਮੇਸ਼ਾ ਵਿਕਾਸ ਦੇ ਏਜੰਡੇ ਉੱਤੇ ਇਸੇ ਤਰ੍ਹਾਂ ਕੰਮ ਕਰਦੀ ਰਹੇਗੀ।

ਹਰਸਿਮਰਤ ਬਾਦਲ ਪਿੰਡ ਬੰਬੀਹਾ, ਤਿਓਣਾ, ਨਰੂਆਣਾ, ਗੁਲਾਬਗੜ੍ਹ ਅਤੇ ਗਹਿਰੀ ਭਾਗੀ ਵਿੱਚ ਕੁਝ ਸਨੇਹੀਆਂ ਦੇ ਪਿਛਲੇ ਦਿਨੀਂ ਵਿਛੜੇ ਪਰਿਵਾਰਕ ਮੈਂਬਰਾਂ ਦੇ ਘਰ ਅਫਸੋਸ ਕਰਨ ਦੇ ਲਈ ਪਹੁੰਚੇ।

ਅਮਨ ਕਾਨੂੰਨ ਵਿਵਸਥਾ ‘ਤੇ ਘੇਰੀ ਪੰਜਾਬ ਸਰਕਾਰ

ਇਸ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬ ਦੇ ਹਾਲਾਤਾਂ ਉੱਤੇ ਚਿੰਤਾ ਪ੍ਰਗਟ ਕਰਦਿਆਂ ਆਪ ਸਰਕਾਰ ਉੱਤੇ ਨਿਸ਼ਾਨਾ ਕਸਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਵਿੱਚ ਅਪਰਾਧੀਆਂ ਨੂੰ ਕਿਸੇ ਦਾ ਡਰ ਭੈਅ ਹੀ ਨਹੀਂ ਰਿਹਾ। ਔਰਤਾਂ ਦੀ ਸੁਰੱਖਿਆ ਦੇ ਤਰਜੀਹੀ ਮੁੱਦੇ ਨੂੰ ਯਕੀਨੀ ਬਣਾਉਣ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਪੰਜਾਬ ਦੀ ਹਰ ਧੀ, ਭੈਣ ਸਦਮੇ ਵਿੱਚ ਹੈ ਕਿ ਧੀਆਂ- ਭੈਣਾਂ ਦੀ ਇੱਜ਼ਤ ਦੇ ਰਾਖੇ ਪੰਜਾਬ ਵਿੱਚ ਇਹ ਕੀ ਹੋ ਰਿਹਾ ਹੈ? ਹੈਰਾਨੀ ਦੀ ਗੱਲ ਹੈ ਕਿ ਸੂਬੇ ਨੂੰ ਅਜਿਹੇ ਮਾੜੇ ਹਾਲਾਤਾਂ ‘ਚ ਧਕੇਲ ਦੇਣ ਦੇ ਬਾਅਦ ਵੀ ਮੁੱਖ ਮੰਤਰੀ ਭਗਵੰਤ ਮਾਨ ਆਪਣੀਆਂ ਸੱਤ ਮਹੀਨੇ ਦੀਆਂ ਨਾਕਾਮੀਆਂ ਨੂੰ ਪ੍ਰਾਪਤੀਆਂ ਦੱਸ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਇਸਦੀ ਇਸ਼ਤਿਹਾਰਬਾਜੀ ਕਰਾ ਰਹੇ ਹਨ।