ਸ੍ਰੀ ਮੁਕਤਸਰ ਸਾਹਿਬ ਵਿੱਚ ਕੱਲ੍ਹ ਤੋਂ ਮਾਘੀ ਮੇਲਾ ਸ਼ੁਰੂ ਹੋ ਰਿਹਾ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਹਰਸਿਮਰਤ ਕੌਰ ਬਾਦਲ ਪਹੁੰਚੇ। ਆਪਣੇ ਸੰਬੋਧਨ ਵਿੱਚ ਹਰਸਿਮਰਤ ਕੌਰ ਬਾਦਲ ਨੇ ਸਿੱਖ ਇਤਿਹਾਸ ਵਿੱਚ ਔਰਤਾਂ ਦੇ ਯੋਗਦਾਨ ਦੀ ਗੱਲ ਕੀਤੀ।
ਇਸ ਦੌਰਾਨ ਬਾਦਲ ਨੇ ਹਾਜ਼ਰ ਹੋਈਆਂ ਔਰਤਾਂ ਦਾ ਮਾਣ ਵਧਾਉਂਦਿਆਂ ਕਿਹਾ ਕਿ ਅੱਜ ਬੀਬੀਆਂ ਬੰਦਿਆਂ ਦੇ ਬਰਾਬਰ ਹਨ ਅਤੇ ਨਾ ਹੀ ਬੀਬੀਆਂ ਨੂੰ ਕਿਸੇ ਗੱਲ ਤੋਂ ਨਕਾਰਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਤੁਸੀਂ ਸਾਰੀਆਂ ਬੀਬੀਆਂ ਘਰ-ਘਰ ਜਾਂ ਕੇ ਬੀਬੀਆਂ ਦੇ ਸਮੂਹ ਨੂੰ ਮਜ਼ਬੂਤ ਕਰੋ, ਕਿਉਂਕਿ ਅੱਜ ਦੀਆਂ ਸਰਕਾਰਾਂ ਲਾਅਰਾ ਲਗਾ ਕੇ, ਝੂਠੇ ਵਾਅਦੇ ਕਰ ਕੇ ਸਾਨੂੰ ਗੁਮਰਾਹ ਕਰ ਸਕਦੀਆਂ ਹਨ।
ਉਨ੍ਹਾਂ ਨੇ ਕਿਹਾ ਜਿਵੇਂ ਬੀਬੀਆਂ ਆਪਣੇ ਬੱਚਿਆਂ ਲਈ ਸਭ ਤੋਂ ਵੱਡੀ ਅਧਿਆਪਕ ਅਤੇ ਸਭ ਤੋਂ ਵੱਡੀ ਗੁਰੂ ਹੁੰਦੀ ਹੈ ਅਤੇ ਬੱਚਿਆਂ ਨੂੰ ਸਹੀ ਗ਼ਲਤ ਦਾ ਫ਼ਰਕ ਦੱਸਦੀਆਂ ਹਨ, ਇਸੇ ਤਰ੍ਹਾਂ ਬੀਬੀਆਂ ਸਹੀ ਤੇ ਗ਼ਲਤ ‘ਚ ਫ਼ੈਸਲਾ ਵੀ ਕਰ ਸਕਦੀਆਂ ਹਨ। ਹਰਸਿਮਰਤ ਬਾਦਲ ਨੇ ਕਿਹਾ ਇਸ ਗੱਲ ਦਾ ਮਾਣ ਹੈ ਕਿ ਇਹ ਬੀਬੀਆਂ ਹੀ ਘਰ ‘ਚ ਭੁੱਲੇ ਭਟਕਿਆਂ ਨੂੰ ਸਹੀ ਰਾਹ ਦਿਖਾਉਂਦੀਆਂ ਹਨ ਅਤੇ ਆਪ ਵੀ ਸਹੀ ਅਤੇ ਗ਼ਲਤ ‘ਚ ਫ਼ਰਕ ਸਮਝਦੀਆਂ ਹਨ।
ਮਾਨ ਸਰਕਾਰ ਅਤੇ ਵਿਰੋਧੀ ਧਿਰਾਂ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਭਲਾ ਕਰਨ ਵਾਲੇ, ਗ਼ਰੀਬਾਂ ਦੇ ਹੱਕ ਵਿੱਚ ਹਰ ਫ਼ੈਸਲੇ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਬਦਨਾਮ ਕੀਤਾ ਹੈ।
ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਗੋਲ਼ੀਬਾਰੀ ਅਤੇ ਬੇਅਦਬੀ ਬਾਰੇ ਸਰਕਾਰ ਨੂੰ ਘੇਰਦਿਆਂ ਉਨ੍ਹਾਂ ਨੇ ਕਿਹਾ ਕਿ ਪੁਲਿਸ ਨੂੰ ਗੁਰਦੁਆਰਾ ਸਾਹਿਬ ‘ਤੇ ਗੋਲੀ ਚਲਾਉਣ ਅਤੇ ਜੁੱਤੀਆਂ ਸਮੇਤ ਅੰਦਰ ਜਾ ਕੇ ਅਖੰਡ ਪਾਠ ਸਾਹਿਬ ਦੀ ਅਖੰਡਤਾ ਨੂੰ ਤੋੜਨ ਦਾ ਹੁਕਮ ਕਿਸ ਨੇ ਦਿੱਤਾ ਸੀ?
ਹਰਸਿਮਰਤ ਬਾਦਲ ਨੇ ਕਿਹਾ ਕਿ ਪਹਿਲਾਂ ਵੀ ਹਰਿਮੰਦਰ ਸਾਹਿਬ ‘ਤੇ ਕਾਂਗਰਸ ਵੱਲੋਂ ਹਮਲਾ ਕੀਤਾ ਗਿਆ ਸੀ। ਹੁਣ ਇਹ ਕੰਮ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਕੀਤਾ ਹੈ। ਹੁਣ ਕਿੱਥੇ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ?
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇਹ ਸਾਰੇ ਲੋਕ ਬੇਅਦਬੀ ਦੇ ਮੁੱਦੇ ਨੂੰ ਉਛਾਲ ਕੇ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਬਦਨਾਮ ਕਰਦੇ ਸਨ। ਹੁਣ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਹੈ, ਉਨ੍ਹਾਂ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਇੱਕਜੁੱਟ ਹੋ ਕੇ ਉਨ੍ਹਾਂ ਨੂੰ ਬਦਨਾਮ ਕਰਨ ‘ਤੇ ਤੁਲੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਸ ਮਾਮਲੇ ਸਬੰਧੀ ਆਵਾਜ਼ ਉਠਾਉਣੀ ਚਾਹੀਦੀ ਹੈ।