ਅਕਾਲੀ ਦਲ ਦੀ ਪਹਿਲੀ ਲਿਸਟ ਵਿੱਚ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਦਾ ਨਾਂ ਨਾ ਐਲਾਨਣ ਤੋਂ ਬਾਅਦ ਹੁਣ ਚਰਚਾਵਾਂ ਹਨ ਕਿ ਉਨ੍ਹਾਂ ਨੂੰ ਫਿਰੋਜ਼ਪੁਰ ਸ਼ਿਫਟ ਕੀਤਾ ਜਾ ਸਕਦਾ ਹੈ। ਇਸ ਸੀਟ ‘ਤੇ ਪਾਰਟੀ ਲਗਤਾਰ ਜਿੱਤ ਹਾਸਲ ਕਰਦੀ ਆ ਰਹੀ ਹੈ। 2019 ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੋਣੇ 2 ਲੱਖ ਦੇ ਫ਼ਰਕ ਨਾਲ ਫਿਰੋਜ਼ਪੁਰ ਤੋਂ ਜਿੱਤ ਹਾਸਲ ਕੀਤੀ ਸੀ।
ਹਰਸਿਮਰਤ ਕੌਰ ਬਾਦਲ ਦੀ ਸੀਟ ਬਦਲਣ ਦੇ ਪਿੱਛੇ ਲਗਾਤਾਰ 2 ਚੋਣਾਂ ਵਿੱਚ ਜਿੱਤ ਦਾ ਅੰਤਰ ਘੱਟ ਹੋਣਾ ਹੈ। 2009 ਵਿੱਚ ਹਰਸਿਮਰਤ ਕੌਰ ਬਾਦਲ ਦੀ ਜਿੱਤ ਦਾ ਫ਼ਰਕ 1,20,948 ਵੋਟਾਂ ਦਾ ਸੀ, ਜਦੋਂ ਕਿ 2014 ਵਿੱਚ ਇਹ 6 ਗੁਣਾ ਘੱਟ ਗਿਆ ਅਤੇ ਉਹ ਸਿਰਫ਼ 19,395 ਵੋਟਾਂ ਨਾਲ ਜਿੱਤੀ। 2019 ਵਿੱਚ ਇਹ ਜਿੱਤ ਦਾ ਅੰਤਰ 21,772 ਸੀ। ਘਟਦੇ ਫ਼ਰਕ ਦੇ ਨਾਲ-ਨਾਲ ਬਠਿੰਡਾ ਵਿੱਚ ਡਿੱਗਦਾ ਵੋਟ ਬੈਂਕ ਵੀ ਅਕਾਲੀ ਦਲ ਦੀਆਂ ਚਿੰਤਾਵਾਂ ਵਧਾ ਰਿਹਾ ਹੈ।
ਹਾਲਾਂਕਿ ਅਕਾਲੀ ਦਲ ਦੇ ਅੰਦਰਲੇ ਸੂਤਰ ਦੱਸ ਰਹੇ ਹਨ ਕਿ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਹੀ ਦਾਅਵੇਦਾਰੀ ਪੇਸ਼ ਕਰਨਗੇ। ਉਨ੍ਹਾਂ ਦੇ ਪ੍ਰਚਾਰ ਦੀ ਸਾਰੀ ਸਮਗਰੀ ਛੱਪ ਚੁੱਕੀ ਹੈ, ਕੁਝ ਜਾਣਕਾਰਾ ਦਾ ਕਹਿਣਾ ਹੈ ਕਿ ਅਕਾਲੀ ਦਲ ਨੇ ਹਰਸਿਮਰਤ ਕੌਰ ਬਾਦਲ ਦੀ ਸੀਟ ਇਸ ਲਈ ਡਿਕਲੇਅਰ ਨਹੀਂ ਕੀਤੀ ਕਿਉਂਕਿ ਉਹ ਹੋਰ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੇਖ ਕੇ ਰਣਨੀਤੀ ਬਣਾ ਰਹੇ ਹਨ।
ਕਾਂਗਰਸ ਨੇ ਲਗਾਤਾਰ 2 ਚੋਣਾਂ ਵਿੱਚ ਹਰਸਿਮਰਤ ਕੌਰ ਬਾਦਲ ਨੂੰ ਕਰੜੀ ਟੱਕਰ ਦਿੱਤੀ ਹੈ। ਪਰ ਬੀਤੇ ਦਿਨ ਕਾਂਗਰਸ ਨੇ ਜੀਤ ਮੋਹਿੰਦਰ ਸਿੰਘ ਨੂੰ ਉਮੀਦਵਾਰ ਐਲਾਨ ਕੇ ਅਕਾਲੀ ਦਲ ਨੂੰ ਵੱਡੀ ਰਾਹਤ ਦਿੱਤੀ ਹੈ। ਪਹਿਲਾਂ ਚਰਚਾ ਸੀ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਰਾਜਾ ਵੜਿੰਗ ਦੀ ਪਤਨੀ ਉਮੀਦਵਾਰ ਹੋ ਸਕਦੀ ਹੈ। ਜੀਤ ਮਹਿੰਦਰ ਸਿੰਘ ਤਸਵੰਡੀ ਸਾਬੋ ਤੋਂ 4 ਵਾਰ ਦੇ ਵਿਧਾਇਕ ਹਨ ਪਰ ਪਿਛਲੀਆਂ 2 ਚੋਣਾਂ ਉਹ ਹਾਰ ਚੁੱਕੇ ਹਨ।
6 ਮਹੀਨੇ ਪਹਿਲਾਂ ਅਕਾਲੀ ਦਲ ਤੋਂ ਜੀਤ ਮਹਿੰਦਰ ਨੇ 11 ਸਾਲ ਬਾਅਦ ਕਾਂਗਰਸ ਵਿੱਚ ਵਾਪਸੀ ਕੀਤੀ ਹੈ। ਕੁਝ ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਬਠਿੰਡਾ ਸੀਟ ‘ਤੇ ਅਕਾਲੀ ਦਲ ਨੇ ਸਿਆਸੀ ਸੈਟਿੰਗ ਕੀਤੀ ਹੈ। ਜੀਤ ਮਹਿੰਦਰ ਦਾ ਨਾਂ ਉਮੀਦਵਾਰ ਐਲਾਨੇ ਜਾਣ ਦੇ 48 ਘੰਟੇ ਪਹਿਲਾਂ ਆਇਆ ਹੈ।
ਉੱਧਰ ਆਮ ਆਦਮੀ ਪਾਰਟੀ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਉਮੀਦਵਾਰ ਬਣਾਇਆ ਹੈ ਜਦਕਿ ਬੀਜੇਪੀ ਸਾਬਕਾ IAS ਅਤੇ ਸਿਕੰਦਰ ਸਿੰਘ ਮਲੂਕਾ ਦੀ ਨੂੰ ਪਰਮਪਾਲ ਕੌਰ ’ਤੇ ਦਾਅ ਖੇਡ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਲੱਖਾ ਸਿਧਾਣਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ।
ਅਜਿਹੇ ਵਿੱਚ ਪੰਥਕ ਵੋਟ ਲੱਖਾ ਸਿਧਾਣਾ ਵੱਲ ਜਾ ਸਕਦੇ ਹਨ, ਕਾਂਗਰਸ ਤੇ ਬੀਜੇਪੀ ਦਾ ਕਮਜ਼ੋਰ ਉਮੀਦਵਾਰ ਹੋਣ ਦੀ ਵਜ੍ਹਾ ਕਰਕੇ ਹਰਸਿਮਰਤ ਕੌਰ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਵਿਚਾਲੇ ਸਿੱਧਾ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ।