‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਵਿਧਾਇਕ ਖਰੀਦੋ ਫਰੋਖਤ ਦੀ ਦੁਕਾਨਦਾਰੀ ਪੰਜਾਬ ਵਿੱਚ ਨਹੀਂ ਚੱਲੇਗੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੂੰ ਦਿੱਲੀ ਵਿੱਚ ਮੂੰਹ ਦੀ ਖਾਣ ਤੋਂ ਬਾਅਦ ਪੰਜਾਬ ਵਿੱਚ ਵੀ ਆਪਰੇਸ਼ਨ ਲੋਟਸ ਬੁਰੀ ਤਰ੍ਹਾਂ ਫੇਲ੍ਹ ਹੋਇਆ ਹੈ। ਵਿੱਤ ਮੰਤਰੀ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਹੁਣ ਹੋਛੇਪਨ ਉੱਤੇ ਉੱਤਰ ਆਈ ਹੈ ਅਤੇ ਚੁੰਗਲ ਵਿੱਚ ਨਾ ਫਸਣ ਵਾਲੇ ਵਿਧਾਇਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ ਹਨ। ਉਨ੍ਹਾਂ ਨੇ ਜਲੰਧਰ ਤੋਂ ਵਿਧਾਇਕ ਸਤੀਸ਼ ਅੰਗੁਰਾਲ ਦਾ ਨਾਂ ਵਿਸ਼ੇਸ਼ ਤੌਰ ਉੱਤੇ ਲਿਆ।

ਵਿੱਤ ਮੰਤਰੀ ਚੀਮਾ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਦੇ ਪੁਲਿਸ ਮੁਖੀ ਨੂੰ ਇੱਕ ਸ਼ਿਕਾਇਦ ਦੇ ਕੇ ਆਪਰੇਸ਼ਨ ਲੋਟਸ ਦਾ ਪੂਰੀ ਤਰ੍ਹਾਂ ਖੁਲਾਸਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਡੀਜੀਪੀ ਨੂੰ ਦਿੱਤੀ ਜਾਣ ਵਾਲੀ ਸ਼ਿਕਾਇਤ ਵਿੱਚ ਆਪਰੇਸ਼ਨ ਲੋਟਸ ਚਲਾਉਣ ਵਾਲੇ ਭਾਜਪਾ ਲੀਡਰਾਂ ਖਿਲਾਫ਼ ਪੁਲਿਸ ਕੇਸ ਦਰਜ ਕਰਨ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸ਼ਿਕਾਇਤ ਵਿੱਚ ਭਾਜਪਾ ਦੇ ਜਿਨ੍ਹਾਂ ਵਿਧਾਇਕਾਂ ਨੂੰ ਤੋੜਨ ਦੀ 25-25 ਕਰੋੜ ਦੀ ਆਫ਼ਰ ਕੀਤੀ ਗਈ ਸੀ, ਉਹਨਾਂ ਦੇ ਨਾਂ ਅਤੇ ਸਬੂਤ ਦਿੱਤੇ ਗਏ ਹਨ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਸ਼ਿਕਾਇਤ ਦੀ ਕਾਪੀ ਪੱਤਰਕਾਰਾਂ ਨੂੰ ਨਹੀਂ ਦਿੱਤੀ ਜਾ ਸਕਦੀ।

ਉਨ੍ਹਾਂ ਨੇ ਭਾਜਪਾ ਦੇ ਗੋਆ ਵਿੱਚ ਚੱਲੇ ਆਪਰੇਸ਼ਨ ਲੋਟਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼, ਕਰਨਾਟਕ, ਆਂਧਰਾ ਪ੍ਰਦੇਸ਼, ਗੋਆ ਅਤੇ ਮਹਾਰਾਸ਼ਟਰ ਵਿੱਚ ਵੀ ਵਿਧਾਇਕਾਂ ਦੀ ਖਰੀਦੋ ਫਰੋਖਤ ਕਰਕੇ ਸਰਕਾਰਾਂ ਡੇਗੀਆਂ ਗਈਆਂ ਹਨ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸ਼ਰੇਆਮ ਆਪ ਦੇ ਵਿਧਾਇਕਾਂ ਨੂੰ ਤੋੜਨ ਲਈ ਵੰਗਾਰਦਿਆਂ ਦਾਅਵਾ ਕੀਤਾ ਕਿ ਇੱਕ ਵੀ ਵਿਧਾਇਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਲਾਂਭੇ ਹੋਣ ਲਈ ਤਿਆਰ ਨਹੀਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਖੇਰੂ ਖੇਰੂ ਹੋ ਚੁੱਕੀ ਹੈ ਅਤੇ ਭਾਜਪਾ ਨੂੰ ਆਪ ਤੋਂ ਵੱਡਾ ਖ਼ਤਰਾ ਹੈ, ਜਿਸ ਕਰਕੇ ਵਾਰ ਵਾਰ ਨਿਸ਼ਾਨੇ ਉੱਤੇ ਲਿਆ ਜਾ ਰਿਹਾ ਹੈ।