International

ਸਿੱਖ ਧਰਮ ਅਤੇ ਗੁਰੂ ਸਾਹਿਬਾਨ ਖਿਲਾਫ ਨਫਰਤ ਫੈਲਾਉਣ ਵਾਲੇ ਹਰਨੇਕ ਨੇਕੀ ਦੀ ਹੋਈ ਬੁਰੀ ਤਰ੍ਹਾਂ ਕੁੱਟਮਾਰ, ਹਾਲਤ ਗੰਭੀਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਸਿੱਖਾਂ ਖਿਲਾਫ ਨਫਰਤ ਫੈਲਾਉਣ ਵਾਲੇ ਹਰਨੇਕ ਸਿੰਘ ਨੇਕੀ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਗਈ ਹੈ। ਹਰਨੇਕ ਸਿੰਘ ਨੇਕੀ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਆਕਲੈਂਡ ਦੇ ਮਿਡਲ ਮੋਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।  ਜਾਣਕਾਰੀ ਮੁਤਾਬਕ ਨੇਕੀ ਦੇ ਸੱਟਾਂ ਬਹੁਤ ਗੰਭੀਰ ਲੱਗੀਆਂ ਹਨ, ਹੱਡੀਆਂ ਵੀ ਟੁੱਟੀਆਂ ਹਨ ਅਤੇ ਨੇਕੀ ਦੇ ਇਲਾਜ ਲਈ ਕਈ ਸਰਜਰੀਆਂ ਕੀਤੀਆਂ ਗਈਆਂ ਹਨ।

ਪੁਲਿਸ ਨੇ ਕਈ ਵਿਅਕਤੀਆਂ ਤੋਂ ਪੁੱਛਗਿੱਛ ਆਰੰਭੀ ਹੈ। ਇਹ ਘਟਨਾ ਬੀਤੀ ਰਾਤ ਕਰੀਬ 10:20 ਵਜੇ ਵਾਪਰੀ। ਪੁਲਿਸ ਨੂੰ ਸ਼ੱਕ ਹੈ ਕਿ ਹਮਲਵਾਰ ਵਿਅਕਤੀ ਇੱਕ ਤੋਂ ਵੱਧ ਸਨ। ਪੁਲਿਸ ਹਮਲੇ ਦਾ ਉਦੇਸ਼ ਅਤੇ ਹਮਲਾਵਰਾਂ ਨੂੰ ਲੱਭਣ ਵਿੱਚ ਲੱਗੀ ਹੈ। ਘਟਨਾ ਵਾਲੀ ਥਾਂ ਉੱਤੇ ਲਾਲ ਰੰਗ ਦੀ ਗੱਡੀ ਨੂੰ ਪੁਲਿਸ ਨੇ ਹਾਲ ਦੀ ਘੜੀ ਜਾਂਚ ਪੜ੍ਹਤਾਲ ਲਈ ਸੁਰੱਖਿਅਤ ਕਰ ਲਿਆ ਹੈ।

ਹਰਨੇਕ ਸਿੰਘ ਨੇਕੀ ਨਿਊਜ਼ੀਲੈਂਡ ‘ਚ ਰੇਡੀੳ ਵਿਰਸਾ ਨਾਮੀ ਰੇਡੀੳ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕਾਫੀ ਸਰਗਰਮ ਰਹਿੰਦਾ ਸੀ। ਹਰਨੇਕ ਸਿੰਘ ਨੂੰ ਨੇਕੀ ਕਹਿ ਕੇ ਬੁਲਾਇਆ ਜਾਂਦਾ ਹੈ ਅਤੇ ਉਹ ਸਿੱਖ ਕੌਮ, ਟਕਸਾਲ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਹੁਣ ਕਿਸਾਨੀ ਅੰਦੋਲਨ ‘ਤੇ ਵਿਵਾਦਿਤ ਟਿੱਪਣੀਆਂ ਕਾਰਨ ਅਕਸਰ ਹੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦਾ ਸੀ। ਮੀਡੀਆ ‘ਤੇ ਉਸਦੀਆਂ ਵਿਵਾਦਿਤ ਟਿਪਣੀਆਂ ਨੂੰ ਲੈ ਕੇ ਪੂਰੇ ਵਿਸ਼ਵ ਵਿੱਚ ਚਰਚਾ ਰਹਿੰਦੀ ਸੀ।