India Punjab

ਹਰਮਨਪ੍ਰੀਤ ਕੌਰ ਬਣੀ PNB ਦੀ ਪਹਿਲੀ ਮਹਿਲਾ ਬ੍ਰਾਂਡ ਅੰਬੈਸਡਰ

ਸੋਮਵਾਰ ਨੂੰ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਅਤੇ ਵਿਸ਼ਵ ਕੱਪ ਚੈਂਪੀਅਨ ਹਰਮਨਪ੍ਰੀਤ ਕੌਰ ਨੂੰ ਆਪਣੀ ਪਹਿਲੀ ਮਹਿਲਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ। ਇਹ ਪੀ.ਐਨ.ਬੀ. ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਕਿਸੇ ਔਰਤ ਨੂੰ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ।

ਦਿੱਲੀ ਸਥਿਤ ਪੀ.ਐਨ.ਬੀ. ਮੁੱਖ ਦਫ਼ਤਰ ਵਿੱਚ “ਬੈਂਕਿੰਗ ਆਨ ਚੈਂਪੀਅਨਜ਼” ਥੀਮ ਹੇਠ ਇੱਕ ਸ਼ਾਨਦਾਰ ਸਮਾਰੋਹ ਹੋਇਆ। ਮੁੱਖ ਮਹਿਮਾਨ ਵਿੱਤ ਮੰਤਰਾਲੇ ਦੇ ਸਕੱਤਰ (ਵਿੱਤੀ ਸੇਵਾਵਾਂ) ਐੱਮ. ਨਾਗਰਾਜੂ, ਪੀ.ਐਨ.ਬੀ. ਐੱਮ.ਡੀ. ਤੇ ਸੀ.ਈ.ਓ. ਅਤੁਲ ਕੁਮਾਰ ਗੋਇਲ (ਪਹਿਲਾਂ ਅਸ਼ੋਕ ਚੰਦਰ ਦਾ ਨਾਂ ਗਲਤ ਛਪਿਆ ਸੀ), ਕਾਰਜਕਾਰੀ ਨਿਰਦੇਸ਼ਕ ਬਿਭੂ ਪ੍ਰਸਾਦ ਮਹਾਪਾਤਰਾ, ਐੱਮ. ਪਰਮਸ਼ਿਵਮ, ਡੀ. ਸੁਰੇਂਦਰਨ ਤੇ ਅਮਿਤ ਕੁਮਾਰ ਸ਼੍ਰੀਵਾਸਤਵ ਆਦਿ ਮੌਜੂਦ ਰਹੇ।

ਹਰਮਨਪ੍ਰੀਤ ਨੂੰ ਉਸਦੇ ਨਾਂ-ਨੰਬਰ ਵਾਲੀ ਪੀ.ਐਨ.ਬੀ. ਜਰਸੀ ਤੇ ਖਾਸ ਉੱਕਰੀ ਹੋਈ ਬੈਟ ਭੇਂਟ ਕੀਤੀ ਗਈ। ਬ੍ਰਾਂਡ ਅੰਬੈਸਡਰ ਵਜੋਂ ਆਪਣੀ ਪਹਿਲੀ ਜ਼ਿੰਮੇਵਾਰੀ ਨਿਭਾਉਂਦਿਆਂ ਹਰਮਨਪ੍ਰੀਤ ਨੇ ਤਿੰਨ ਮਹਿਮਾਨਾਂ ਨਾਲ ਮਿਲ ਕੇ ਚਾਰ ਨਵੇਂ ਉਤਪਾਦ ਲਾਂਚ ਕੀਤੇ:

  1. ਪੀ.ਐਨ.ਬੀ. ਰੁਪੇ ਮੈਟਲ ਕ੍ਰੈਡਿਟ ਕਾਰਡ ਲਕਸੁਰਾ (ਪਹਿਲਾਂ ਮੈਟਲ ਕਾਰਡ)
  2. ਪੀ.ਐਨ.ਬੀ. ਵਨ 2.0 (ਡਿਜੀਟਲ ਪਲੇਟਫਾਰਮ)
  3. ਡਿਜੀ ਸੂਰਿਆ ਘਰ (ਸੋਲਰ ਫਾਈਨੈਂਸ ਸਕੀਮ)
  4. IIBX ਪੋਰਟਲ ’ਤੇ ਪੀ.ਐਨ.ਬੀ. ਦਾ ਆਨਬੋਰਡਿੰਗ (ਆਨਲਾਈਨ ਸੋਨਾ ਵਪਾਰ)

ਹਰਮਨਪ੍ਰੀਤ ਨੇ ਦੱਸਿਆ ਕਿ ਉਸ ਦਾ ਸਭ ਤੋਂ ਪਹਿਲਾਂ ਬੈਂਕ ਖਾਤਾ 18 ਸਾਲ ਦੀ ਉਮਰ ਵਿੱਚ ਪੀ.ਐਨ.ਬੀ. ਮੋਗਾ ਸ਼ਾਖਾ ਵਿੱਚ ਖੁੱਲ੍ਹਿਆ ਸੀ ਅਤੇ ਉਹ ਲਕਸੁਰਾ ਕਾਰਡ ਦੀ ਪਹਿਲੀ ਗਾਹਕ ਵੀ ਬਣੀ ਹੈ। ਉਸ ਨੇ ਕਿਹਾ, “ਪੀ.ਐਨ.ਬੀ. ਦਾ ਔਰਤਾਂ ਤੇ ਨੌਜਵਾਨਾਂ ਨੂੰ ਸਸ਼ਕਤ ਕਰਨ ਦਾ ਜਜ਼ਬਾ ਮੇਰੇ ਦਿਲ ਨੂੰ ਛੂੰਹਦਾ ਹੈ। ਮੈਂ ਇਸ ਬੈਂਕ ਨਾਲ ਜੁੜ ਕੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ।”

ਐੱਮ. ਨਾਗਰਾਜੂ ਨੇ ਹਰਮਨਪ੍ਰੀਤ ਨੂੰ ਲੱਖਾਂ ਨੌਜਵਾਨਾਂ ਦੀ ਪ੍ਰੇਰਨਾ ਦੱਸਿਆ ਤੇ ਪੀ.ਐਨ.ਬੀ. ਦੀਆਂ ਨਵੀਆਂ ਪੇਸ਼ਕਸ਼ਾਂ ਦੀ ਸ਼ਲਾਘਾ ਕੀਤੀ। ਪੀ.ਐਨ.ਬੀ. ਐੱਮ.ਡੀ. ਨੇ ਕਿਹਾ ਕਿ ਹਰਮਨਪ੍ਰੀਤ ਦੀ ਅਗਵਾਈ, ਹਿੰਮਤ ਤੇ ਉੱਤਮਤਾ ਦੀ ਭਾਵਨਾ ਬੈਂਕ ਦੇ ਮੁੱਲਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ।ਇਸ ਨਿਯੁਕਤੀ ਨਾਲ ਪੀ.ਐਨ.ਬੀ. ਨੇ ਆਪਣੇ ਬ੍ਰਾਂਡ ਨੂੰ ਨਵੀਂ ਊਰਜਾ ਤੇ ਮਹਿਲਾ ਸਸ਼ਕਤੀਕਰਨ ਦਾ ਸੰਦੇਸ਼ ਦਿੱਤਾ ਹੈ।