Punjab

ਨਾਜਾਇਜ਼ ਮਾਇਨਿੰਗ ‘ਚ ਪੱਤਰਕਾਰ ਵੀ ਸ਼ਾਮਿਲ !

‘ਦ ਖ਼ਾਲਸ ਬਿਊਰੋ : ਪੰਜਾਬ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਮਾਇਨਿੰਗ ਦੇ ਮਸਲੇ ਉੱਤੇ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਉਂਝ ਤਾਂ ਹਰ ਖੱਡ ਬੰਦ ਕਰਵਾ ਦਿੱਤੀ ਗਈ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਜੋ ਗੈਰ-ਕਾਨੂੰਨੀ ਤੌਰ ‘ਤੇ ਖੱਡ ਚੱਲ ਰਹੇ ਹਨ, ਹੁਣ ਸਰਕਾਰ ਉਨ੍ਹਾਂ ‘ਤੇ ਸਖਤੀ ਵਰਤਣ ਜਾ ਰਹੀ ਹੈ। ਗੈਰ-ਕਾਨੂੰਨੀ ਮਾਈਨਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਕਤੂਬਰ ਤੱਕ ਹਰ ਤਰ੍ਹਾਂ ਦੀ ਮਾਈਨਿੰਗ ਬੰਦ ਹੈ। ਬੈਂਸ ਨੇ ਕਿਹਾ ਕਿ ਇਸ ਮਾਮਲੇ ਵਿਚ ਕੁਝ ਸਿਆਸੀ ਨੇਤਾ ਤੇ ਕੁਝ ਪੱਤਰਕਾਰਾਂ ਦੀ ਸ਼ਮੂਲੀਅਤ ਸਾਹਮਣੇ ਆ ਰਹੀ ਹੈ। ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਕਿਹੜੇ ਲੋਕ ਨਾਜਾਇਜ਼ ਮਾਈਨਿੰਗ ਦੇ ਕਾਲੇ ਕਾਰੋਬਾਰ ਨਾਲ ਜੁੜੇ ਹਨ।

ਉਨ੍ਹਾਂ ਨੇ ਇਕ ਸੂਚੀ ਤਿਆਰ ਕਰਨ ਦਾ ਵੀ ਦਾਅਵਾ ਕੀਤਾ, ਜਿਸ ਵਿਚ ਉਹ ਸਿਆਸੀ ਲੋਕ ਤੇ ਪੱਤਰਕਾਰ ਸ਼ਾਮਲ ਕੀਤੇ ਜਾਣਗੇ, ਜੋ ਨਾਜਾਇਜ਼ ਮਾਈਨਿੰਗ ਕਰਵਾ ਰਹੇ ਹਨ। ਖਾਸ ਤੌਰ ‘ਤੇ ਲੁਧਿਆਣਾ, ਨਵਾਂਸ਼ਹਿਰ, ਰੋਪੜ ਤੇ ਚੰਡੀਗੜ੍ਹ ਦੇ ਖਾਸ ਕਰਕੇ ਸਿਆਸੀ ਪੱਤਰਕਾਰ ਇਸ ਸੂਚੀ ਵਿਚ ਸ਼ਾਮਲ ਹੋਣਗੇ, ਜੋ ਲੋਕ ਗੈਰ-ਕਾਨੂੰਨੀ ਟਿੱਪਰ ਚਲਵਾ ਰਹੇ ਹਨ। ਪੱਤਰਕਾਰੀ ਦੀ ਆੜ ਵਿਚ ਰੇਤ ਮਾਈਨਿੰਗ ਦੇ ਕਾਲੇ ਕਾਰੋਬਾਰ ਤੋਂ ਸਰਕਾਰ ਪਰਦਾ ਚੁੱਕਣ ਦੀ ਤਿਆਰੀ ਵਿਚ ਹੈ। 16 ਮਾਰਚ ਤੋਂ 2 ਸਤੰਬਰ ਤੱਕ 132 ਦੋਸ਼ੀਆਂ ਖਿਲਾਫ 76 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।

ਅਕਤੂਬਰ ਦੇ ਪਹਿਲੇ ਹਫਤੇ ਤੱਕ ਆਮ ਆਦਮੀ ਪਾਰਟੀ ਦੀ ਪਹਿਲ ਹੈ ਕਿ ਲੋਕਾਂ ਨੂੰ ਸਸਤੀ ਰੇਤ ਮੁਹੱਈਆ ਕਰਵਾਈ ਜਾਵੇ ਤਾਂ ਕਿ ਲੋਕ ਆਪਣੇ ਸੁਪਨਿਆਂ ਦਾ ਘਰ ਬਣਾ ਸਕਣ। ਸਰਕਾਰ ਦੀ ਕੋਸ਼ਿਸ਼ ਹੈ ਕਿ 9 ਰੁਪਏ ਫੁੱਟ ਰੇਤ ਲੋਕਾਂ ਨੂੰ ਦਿੱਤੀ ਜਾਵੇ। ਬੈਂਸ ਨੇ ਕਿਹਾ ਕਿ ਸਾਡੀ ਪਹਿਲ ਹੈ ਕਿ ਸਰਕਾਰੀ ਖਜ਼ਾਨਾ ਭਰਿਆ ਜਾ ਸਕੇ ਪਰ ਕੁਝ ਸ਼ਰਾਰਤੀ ਅਨਸਰ ਹਨ ਜੋ ਚਾਹੁੰਦੇ ਹਨ ਕਿ ਪਹਿਲਾਂ ਦੀ ਤਰ੍ਹਾਂ ਹੀ ਰੇਤ ਦਾ ਕਾਲਾ ਕਾਰੋਬਾਰ ਚੱਲਦਾ ਰਹੇ।