‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬੀ ਸਿੰਗਰ ਕਰਨ ਔਜਲਾ ਤੇ ਹਰਜੀਤ ਹਰਮਨ ਦੀ ਆਵਾਜ ਵਿੱਚ ਗਾਇਆ ਗਿਆ ਗੀਤ ਸ਼ਰਾਬ ਵਿਵਾਦਾਂ ਵਿੱਚ ਫਸ ਗਿਆ ਹੈ। ਪ੍ਰੋ. ਪੰਡਿਤਰਾਓ ਧਰੇਨਵਰ ਦੀ ਸ਼ਿਕਾਇਤ ਉੱਤੇ ਇਸ ਮਾਮਲੇ ਦਾ ਸੋ ਮੋਟੋ ਲੈਂਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦੋਵਾਂ ਸਿੰਗਰਾਂ ਤੇ ਸਪੀਡ ਰਿਕਾਰਡ ਕੰਪਨੀ ਨੂੰ 22 ਸਤੰਬਰ ਨੂੰ ਜਵਾਬ ਤਲਬੀ ਲਈ ਬੁਲਾਇਆ ਹੈ।
ਦੱਸ ਦਈਏ ਕਿ ਇਸ ਮਾਮਲੇ ਵਿੱਚ ਪੰਡਿਤਰਾਓ ਵੱਲੋ ਇਕ ਲਿਖਤੀ ਸ਼ਿਕਾਇਤ ਜਲੰਧਰ ਪੁਲਿਸ ਦੇ ਕਮਿਸ਼ਨਰ ਨੂੰ ਕੀਤੀ ਗਈ ਹੈ, ਜਿਸਦਾ ਸੋ ਮੋਟੋ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਹੈ।
ਇਸ ਮਾਮਲੇ ਨੂੰ ਆਪਣੀ ਫੇਸਬੁਕ ਵਾਲ ਉੱਤੇ ਸਾਂਝਾ ਕਰਦਿਆਂ ਮਨੀਸ਼ਾ ਗੁਲਾਟੀ ਨੇ ਦੁੱਖ ਜਾਹਿਰ ਕੀਤਾ ਹੈ ਕਿ ਇਹ ਬੜੀ ਤਕਲੀਫ ਦੇਣ ਵਾਲੀ ਗੱਲ ਹੈ ਕਿ ਸਮਾਜ ਦੇ ਜਿੰਮੇਵਾਰ ਲੋਕ ਔਰਤਾਂ ਦੀ ਤੁਲਨਾ, ਸ਼ਰਾਬ, ਨਸ਼ੇ ਤੇ ਬੰਦੂਕ ਨਾਲ ਕਰਦੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਗਾਇਕਾਂ ਹਰਜੀਤ ਹਰਮਨ ਤੇ ਕਰਨ ਔਜਲਾ ਵੱਲੋਂ ਔਰਤਾਂ ਬਾਰੇ ਕੀਤੀਆਂ ਇਹ ਗਲਤ ਟਿੱਪਣੀਆਂ ਮੰਦਭਾਗੀ ਗੱਲ ਹੈ।