‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਜ ਦੇਹਰਾਦੂਨ ਤੋਂ ਪ੍ਰੈੱਸ ਕਾਨਫਰੰਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਬੀਜੇਪੀ ਦੇ ਨਾਲ ਹੋ ਰਹੀ ਨੇੜਤਾ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਾਲੇ ਤੱਕ ਜੋ ਗੱਲਾਂ ਕਹੀਆਂ ਹਨ, ਉਸ ‘ਤੇ ਫਿਰ ਤੋਂ ਵਿਚਾਰ ਕਰਨ ਅਤੇ ਭਾਜਪਾ ਵਰਗੀ ਕਿਸਾਨ ਵਿਰੋਧੀ ਪਾਰਟੀ ਨੂੰ ਮਦਦ ਨਾ ਪਹੁੰਚਾਉਣ। ਹਰੀਸ਼ ਰਾਵਤ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨ ਵਿਰੋਧੀ ਭਾਜਪਾ ਦਾ ਸਹਾਇਕ ਨਹੀਂ ਬਣਨਾ ਚਾਹੀਦਾ। ਰਾਵਤ ਨੇ ਕਿਹਾ ਕਿ ਇਹ ਸਮਾਂ ਸੋਨੀਆ ਗਾਂਧੀ ਦੇ ਨਾਲ ਖੜ੍ਹੇ ਹੋਣ ਦਾ ਹੈ। ਕਾਂਗਰਸ ਨੇ ਅਮਰਿੰਦਰ ਸਿੰਘ ਨੂੰ ਦੋ ਵਾਰ ਮੁੱਖ ਮੰਤਰੀ ਬਣਾਇਆ, ਉਨ੍ਹਾਂ ਦਾ ਬਹੁਤ ਸਤਿਕਾਰ ਕੀਤਾ। ਅਮਰਿੰਦਰ ਨੂੰ ਦੋ ਵਾਰ ਫੋਨ ਕਰਕੇ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
ਹਰੀਸ਼ ਰਾਵਤ ਨੇ ਕਿਹਾ ਕਿ ਕੈਪਟਨ ਦੇ ਹਾਲੀਆ ਬਿਆਨ ਨਿਸ਼ਚਤ ਰੂਪ ਤੋਂ ਕਿਸੇ ਦੇ ਪ੍ਰਭਾਵ ਹੇਠ ਦਿੱਤੇ ਗਏ ਹਨ। ਹਰੀਸ਼ ਰਾਵਤ ਨੇ ਕਿਹਾ ਕਿ ਇਸ ਗੱਲ ਵਿੱਚ ਕੋਈ ਸੱਚਾਈ ਨਹੀਂ ਹੈ ਕਿ ਕਾਂਗਰਸ ਨੇ ਅਮਰਿੰਦਰ ਸਿੰਘ ਦਾ ਅਪਮਾਨ ਕੀਤਾ ਹੈ। ਰਾਵਤ ਨੇ ਕਿਹਾ ਕਿ ਕੈਪਟਨ ਦਾ ਅਪਮਾਨ ਕਿਵੇਂ ਹੋ ਗਿਆ ਕਿਉਂਕਿ ਦੋ ਵਾਰ ਤਾਂ ਉਹ ਮੁੱਖ ਮੰਤਰੀ ਬਣ ਚੁੱਕੇ ਹਨ।
ਦਰਅਸਲ, ਕੱਲ੍ਹ ਅਮਰਿੰਦਰ ਸਿੰਘ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਭਾਜਪਾ ਵਿੱਚ ਸ਼ਾਮਿਲ ਨਹੀਂ ਹੋਣਗੇ ਪਰ ਕਾਂਗਰਸ ਨੂੰ ਛੱਡ ਦੇਣਗੇ ਕਿਉਂਕਿ ਉਨ੍ਹਾਂ ਨੂੰ ਜਿਹੜੀ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ ਉਹ ਬਰਦਾਸ਼ਤ ਕਰਨਯੋਗ ਨਹੀਂ ਹੈ। ਪਰ ਹਰੀਸ਼ ਰਾਵਤ ਨੇ ਕਿਹਾ ਕਿ ਅਮਰਿੰਦਰ ਸਿੰਘ ਵੱਲੋਂ 2-3 ਦਿਨਾਂ ਤੋਂ ਆਏ ਬਿਆਨਾਂ ਤੋਂ ਜਾਪਦਾ ਹੈ ਕਿ ਉਹ ਕਿਸੇ ਤਰ੍ਹਾਂ ਦੇ ਦਬਾਅ ਹੇਠ ਹਨ। ਸੱਤਾਧਾਰੀ ਪਾਰਟੀ (ਭਾਜਪਾ) ਜਿਸਨੂੰ ਪੰਜਾਬ ਦੇ ਕਿਸਾਨ, ਪੰਜਾਬ ਦੇ ਲੋਕ ਪੰਜਾਬ ਵਿਰੋਧੀ ਸਮਝਦੇ ਹਨ, ਉਹ ਅਮਰਿੰਦਰ ਸਿੰਘ ਨੂੰ ਮਾਸਕ ਵਜੋਂ ਵਰਤਣਾ ਚਾਹੁੰਦੇ ਹਨ।
ਰਾਵਤ ਨੇ ਕਿਹਾ ਕਿ ਚੰਨੀ ਦੇ ਮੁੱਖ ਮੰਤਰੀ ਬਣਨ ਉੱਤੇ ਸਾਰੇ ਦੇਸ਼ ਨੇ ਸਵਾਗਤ ਕੀਤਾ ਹੈ ਅਤੇ ਪਹਿਲੀ ਵਾਰ ਹੋਇਆ ਹੈ ਕਿ ਇੱਕ ਦਲਿਤ ਮੁੱਖ ਮੰਤਰੀ ਬਣਿਆ ਹੈ। ਸਾਰੀਆਂ ਵਿਰੋਧੀ ਪਾਰਟੀਆਂ ਦੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਚੰਨੀ ਦੇ ਚੰਗੇ ਫੈਸਲਿਆਂ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਬੇਅਦਬੀ ਕੇਸ ਵਿੱਚ ਸਰਕਾਰ ਨੇ ਸਹੀ ਢੰਗ ਦੇ ਨਾਲ ਪੈਰਵੀ ਨਹੀਂ ਕੀਤੀ। ਹਰੀਸ਼ ਰਾਵਤ ਨੇ ਕਿਹਾ ਕਿ ਤੁਹਾਨੂੰ ਫਿਰ ਤੋਂ ਖੁਸ਼ਖਬਰੀ ਮਿਲੇਗੀ ਜਿਸ ਵਿੱਚ 300 ਯੂਨਿਟ ਤੱਕ ਬਿਜਲੀ ਸਭ ਨਾਗਰਿਕਾਂ ਨੂੰ ਮੁਫ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸਾਰੇ ਨੇਤਾ 2 ਅਕਤੂਬਰ ਨੂੰ ਪਿੰਡਾਂ ਵਿੱਚ ਸਫ਼ਾਈ ਦੇ ਕੰਮਾਂ ਵਿੱਚ ਭਾਗ ਲੈਣਗੇ, ਸੁਤੰਤਰਤਾ ਸੰਗਰਾਮੀਆਂ ਦਾ ਸਨਮਾਨ ਕਰਨਗੇ। ਹਰ ਮਹੀਨੇ ਇੱਕ ਦਿਨ ਪਿੰਡਾਂ ਵਿੱਚ ਗੁਜ਼ਾਰਾਂਗੇ।