‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨਾਂ ਨੂੰ ‘ਪੰਜ ਪਿਆਰੇ’ ਕਹੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਭਾਸ਼ਾ ਬੋਲਦੇ ਵਕਤ ਬਹੁਤ ਧਿਆਨ ਰੱਖਣ ਦੀ ਲੋੜ ਹੈ। ਸੰਜਮ ਦੇ ਨਾਲ ਭਾਸ਼ਾ ਵਰਤੀ ਜਾਣੀ ਚਾਹੀਦੀ ਹੈ। ਆਮ ਤੌਰ ‘ਤੇ ਵੇਖਣ ਵਿੱਚ ਆਉਂਦਾ ਹੈ ਕਿ ਰਾਜਨੀਤਿਕ ਲੋਕ ਆਪਣੀ ਭਾਸ਼ਾ ਸੰਜਮ ਦੇ ਨਾਲ ਨਹੀਂ ਵਰਤਦੇ। ਜਿਹੜੇ ਸ਼ਬਦ ਧਰਮ ਦੇ ਨਾਲ ਸਬੰਧਿਤ ਹਨ, ਉਨ੍ਹਾਂ ਸ਼ਬਦਾਂ ਨੂੰ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜੇ ਉਨ੍ਹਾਂ ਸ਼ਬਦਾਂ ਬਾਰੇ ਨਹੀਂ ਪਤਾ ਹੁੰਦਾ ਕਿ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਿੱਥੇ ਕਰਨੀ ਹੈ। ਸੰਸਾਰੀ ਵਿਅਕਤੀਆਂ ਦੀ ਤੁਲਨਾ ਪੰਜ ਪਿਆਰਿਆਂ ਦੇ ਨਾਲ ਕਰਨਾ ਬਹੁਤ ਮੰਦਭਾਗਾ ਹੈ। ਉਨ੍ਹਾਂ ਨੂੰ ਸਮੁੱਚੇ ਸਿੱਖ ਜਗਤ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਜੋ ਰਾਜਨੀਤਿਕ ਲੋਕ ਗੁਰਬਾਣੀ ਦਾ ਇਸਤੇਮਾਲ ਕਰਦੇ ਹਨ, ਉਨ੍ਹਾਂ ਨੂੰ ਗੁਰਬਾਣੀ ਸ਼ੁੱਧ ਪੜ੍ਹਨੀ ਆਉਣੀ ਚਾਹੀਦੀ ਹੈ। ਗੁਰਬਾਣੀ ਕਿਸੇ ਇਸ ਤਰ੍ਹਾਂ ਦੇ ਸੰਦਰਭ ਵਿੱਚ ਨਹੀਂ ਵਰਤੀ ਜਾਣੀ ਚਾਹੀਦੀ ਜਿਸਦਾ ਗੁਰਮਤਿ ਸਿਧਾਂਤਾਂ ਦੇ ਨਾਲ ਮੇਲ-ਜੋਲ ਹੀ ਨਾ ਹੋਵੇ। ਜੇ ਗੁਰਬਾਣੀ ਦੀ ਸਮਝ ਨਹੀਂ ਹੈ, ਸ਼ੁੱਧ ਬਾਣੀ ਪੜ੍ਹਨੀ ਨਹੀਂ ਆਉਂਦੀ ਤਾਂ ਅਜਿਹੇ ਲੋਕਾਂ ਨੂੰ ਗੁਰਬਾਣੀ ਦੀ ਵਰਤੋਂ ਇਸ ਤਰ੍ਹਾਂ ਨਹੀਂ ਕਰਨੀ ਚਾਹੀਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਕੱਲ੍ਹ ਹਰੀਸ਼ ਰਾਵਤ ਦੇ ਬਿਆਨ ਦੀ ਨਿੰਦਾ ਕੀਤੀ ਸੀ।