Punjab

ਪੰਜਾਬ ‘ਚ ਕੋਰੋਨਾ ਟੀਕਾਕਰਣ ਲਈ ਨਵੇਂ ਹੁਕਮ ਜਾਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਵੱਧ ਤੋਂ ਵੱਧ ਲੋਕਾਂ ਨੂੰ ਟੀਕੇ ਦੀ ਦੂਜੀ ਖੁਰਾਕ ਲਗਾਉਣ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਕੋਵਿਡ ਟੀਕਾਕਰਨ ਕੇਂਦਰਾਂ ਵਿੱਚ ਦੂਜੀ ਖੁਰਾਕ ਲਗਾਉਣ ਲਈ ਹਰ ਐਤਵਾਰ ਦਾ ਦਿਨ ਨਿਰਧਾਰਤ ਕੀਤਾ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਯਤਨਾਂ ਸਦਕਾ ਸੂਬੇ ਲਈ ਕੋਵਿਡ ਟੀਕੇ ਦੀ ਸਪਲਾਈ ਵਿੱਚ ਤੇਜ਼ੀ ਆਈ ਹੈ। ਟੀਕੇ ਦੀ ਪਹਿਲੀ ਅਤੇ ਦੂਜੀ ਖੁਰਾਕ ਲਈ ਆਮ ਟੀਕਾਕਰਨ ਸੈਸ਼ਨ ਐਤਵਾਰ ਨੂੰ ਛੱਡ ਕੇ ਹਫ਼ਤੇ ਦੇ ਬਾਕੀ ਦਿਨਾਂ ਦੌਰਾਨ ਇੱਕੋ ਜਿਹੇ ਰਹਿਣਗੇ।

ਸਿੱਧੂ ਨੇ ਸੂਬੇ ਵਿੱਚ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਬਾਰੇ ਬੋਲਦਿਆਂ ਦੱਸਿਆ ਕਿ 31 ਅਗਸਤ ਤੱਕ 1,36,70,847 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਅਤੇ ਇਨ੍ਹਾਂ ਵਿੱਚੋਂ 32,89,210 ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਾਈਆਂ ਗਈਆਂ ਹਨ ਅਤੇ 1,03,81,637 ਨੂੰ ਟੀਕੇ ਦੀ ਪਹਿਲੀ ਖੁਰਾਕ ਲੱਗੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਝਿਜਕ ਦੇ ਟੀਕਾ ਲਗਵਾਉਣ। 

ਬਹੁਤ ਸਾਰੇ ਪੰਜਾਬੀ ਸਿੱਖਿਆ ਜਾਂ ਕੁੱਝ ਹੋਰ ਮਹੱਤਵਪੂਰਨ ਕਾਰਨਾਂ ਕਰਕੇ ਵਿਦੇਸ਼ੀ ਯਾਤਰਾ ਕਰਦੇ ਰਹਿੰਦੇ ਹਨ ਅਤੇ ਮਹਾਂਮਾਰੀ ਦੇ ਇਸ ਦੌਰ ਵਿੱਚ ਅੰਤਰਰਾਸ਼ਟਰੀ ਯਾਤਰਾ ਸਿਰਫ਼ ਕੋਵਿਡ ਸਬੰਧੀ ਪੂਰਵ ਸ਼ਰਤਾਂ ਜਿਵੇਂ ਕਿ ਕੋਵਿਡ ਦੀ ਨੈਗਟਿਵ ਟੈਸਟ ਰਿਪੋਰਟ ਜਾਂ ਟੀਕਾਕਰਣ ਸਰਟੀਫਿਕੇਟ ਨਾਲ ਸੰਭਵ ਹੈ। ਅੰਤਰਰਾਸ਼ਟਰੀ ਯਾਤਰੀਆਂ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਨੇ ਉਹਨਾਂ ਅੰਤਰਰਾਸ਼ਟਰੀ ਯਾਤਰੀਆਂ ਦੇ ਲਾਭ ਲਈ ਕੋਵਿਡ ਟੀਕਾਕਰਣ ਦੇ ਨਿਯਮਾਂ ਵਿੱਚ ਢਿੱਲ ਦਿੱਤੀ ਹੈ, ਜਿਨਾਂ ਲਈ ਵਿਦੇਸ਼ ਯਾਤਰਾ ਕਰਨਾ ਬਹੁਤ ਜ਼ਰੂਰੀ ਹੈ।

ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਉਹਨਾਂ ਸਾਰੇ ਲੋਕਾਂ, ਜੋ ਕਿਸੇ ਵੀ ਸਿਹਤ ਸਮੱਸਿਆ ਲਈ ਇਲਾਜ ਸੇਵਾਵਾਂ ਪ੍ਰਾਪਤ ਕਰਨ, ਵਿਦੇਸ਼ੀ ਨਾਗਰਿਕ, ਜਿਹਨਾਂ ਨੂੰ ਆਪਣੇ ਦੇਸ਼ ਪਰਤਣਾ ਪੈਂਦਾ ਹੈ ਅਤੇ ਅਜਿਹੇ ਲੋਕਾਂ ਜਿਹਨਾਂ ਲਈ ਵਿਦੇਸ਼ੀ ਯਾਤਰਾ ਟਾਲਣਯੋਗ ਨਹੀਂ ਹੈ, ਨੂੰ ਕੋਵੀਸ਼ੀਲਡ ਦੀ ਪਹਿਲੀ ਖੁਰਾਕ ਦੇ 84 ਦਿਨਾਂ ਦੇ ਲਾਜ਼ਮੀ ਅੰਤਰਾਲ ਤੋਂ ਪਹਿਲਾਂ ਦੂਜੀ ਖੁਰਾਕ ਮੁਹੱਈਆ ਕਰਵਾਉਣ ਦੀ ਸਹੂਲਤ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਉਨਾਂ ਦੱਸਿਆ ਕਿ ਅਜਿਹੇ ਮਾਮਲਿਆਂ ਵਿੱਚ ਸਬੰਧਤ ਵਿਅਕਤੀਆਂ ਨੂੰ ਯਾਤਰਾ ਸਬੰਧੀ ਦਸਤਾਵੇਜਾਂ ਦੀ ਇੱਕ ਕਾਪੀ ਜਿਵੇਂ ਵੀਜ਼ਾ/ਪੁਸ਼ਟੀ ਕੀਤੀ ਟਿਕਟ ਦੇ ਨਾਲ ਅਜਿਹੇ ਹੋਰ ਦਸਤਾਵੇਜ ਪੇਸ਼ ਕਰਨ ਲਈ ਕਿਹਾ ਜਾ ਸਕਦਾ ਹੈ, ਜੋ ਯਾਤਰਾ ਦੀ ਜ਼ਰੂਰਤ ਨੂੰ ਜਾਇਜ਼ ਠਹਿਰਾ ਸਕਦੇ ਹੋਣ।