ਬਿਊਰੋ ਰਿਪੋਰਟ : ਕੁਆਟਰ ਫਾਈਨਲ ਵਿੱਚ ਪਹੁੰਚਣ ਦੇ ਲਈ ਨਿਊਜ਼ੀਲੈਂਡ ਦੇ ਖਿਲਾਫ਼ ਭਾਰਤ ਨੇ ਹਾਕੀ ਵਰਲਡ ਕੱਪ ਦਾ ਕਰਾਸ ਓਵਰ ਮੈਚ ਖੇਡਣਾ ਹੈ । ਇਸ ਤੋਂ ਪਹਿਲਾਂ ਸਟਾਰ ਮਿਡ ਫੀਲਡਰ ਹਾਰਦਿਕ ਸਿੰਘ ਟੂਰਨਾਮੈਂਟ ਤੋਂ ਬਾਹਰ ਹੋ ਗਏ । ਇੰਗਲੈਂਡ ਦੇ ਖਿਲਾਫ਼ ਮੈਚ ਦੌਰਾਨ ਉਨ੍ਹਾਂ ਨੂੰ ਹੈਮਸਟਰਿੰਗ ਇੰਜਰੀ ਹੋ ਗਈ ਸੀ । ਹਾਰਦਿਕ ਨੂੰ ਵੇਲਸ ਦੇ ਖਿਲਾਫ਼ ਆਰਾਮ ਦਿੱਤਾ ਗਿਆ ਸੀ । ਪਰ ਹੁਣ ਖ਼ਬਰ ਆਈ ਹੈ ਕਿ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ । ਹਾਰਦਿਕ ਦੀ ਥਾਂ ‘ਤੇ ਹੁਣ ਰਾਜ ਕੁਮਾਰ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਇਆ ਹੈ। ਹਾਰਦਿਕ ਟੀਮ ਇੰਡੀਆ ਦੇ ਸਟਾਰ ਖਿਡਾਰੀ ਹਨ ਹੁਣ ਤੱਕ ਕਈ ਟੂਰਨਾਮੈਂਟ ਵਿੱਚ ਉਨ੍ਹਾਂ ਨੇ ਆਪਣੇ ਦਮ ‘ਤੇ ਟੀਮ ਨੂੰ ਜਿੱਤ ਦਿਲਵਾਈ ਹੈ । ਵਰਲਡ ਕੱਪ ਵਿੱਚ ਸਪੇਨ ਵਰਗੀ ਮਜਬੂਤ ਟੀਮ ਦੇ ਖਿਲਾਫ਼ ਪਹਿਲੇ 26ਵੇਂ ਮਿੰਟ ਵਿੱਚ ਉਨ੍ਹਾਂ ਨੇ ਗੋਲ ਕਰਕੇ ਸਪੇਨ ਨੂੰ ਦਬਾ ਵਿੱਚ ਲਿਆ ਦਿੱਤਾ ਸੀ । ਜਿਸ ਦੀ ਵਜ੍ਹਾ ਕਰਕੇ ਸਪੇਨ ਮੁੜ ਤੋਂ ਭਾਰਤ ਦੇ ਖਿਲਾਫ਼ ਜਵਾਬੀ ਹਮਲਾ ਨਹੀਂ ਕਰ ਸਕੀ ਅਤੇ ਟੀਮ ਇੰਡੀਆ ਨੇ ਮੈਚ 2-0 ਦੇ ਫਰਕ ਨਾਲ ਜਿੱਤ ਲਿਆ ਸੀ ।
ਸ਼ੁਰੂਆਤ ਵਿੱਚ ਸੱਟ ਗੰਭੀਰ ਨਹੀਂ ਲੱਗ ਰਹੀ ਸੀ
ਭਾਰਤੀ ਹਾਕੀ ਟੀਮ ਦੇ ਕੋਚ ਗ੍ਰੈਹਮ ਰੈਡ ਨੇ ਕਿਹਾ ਕਿ ਸ਼ੁਰੂਆਤ ਵਿੱਚ ਸੱਟ ਇਨ੍ਹੀ ਗੰਭੀਰ ਨਹੀਂ ਲੱਗ ਰਹੀ ਸੀ । ਪਰ ਹੁਣ ਜ਼ਿਆਦਾ ਗੰਭੀਰ ਹੋਣ ਦੀ ਵਜ੍ਹਾ ਕਰਕੇ ਮੈਨੇਜਮੈਂਟ ਨੇ ਫੈਸਲਾ ਲਿਆ ਹੈ ਕਿ ਹਾਰਦਿਕ ਦੀ ਥਾਂ ਹੁਣ ਰਾਜ ਕੁਮਾਰ ਪਾਲ ਨੂੰ ਰਿਪਲੇਸ ਕੀਤਾ ਜਾ ਰਿਹਾ ਹੈ । ਹਾਰਦਿਕ ਦਾ ਵਰਲਡ ਕੱਪ ਚੰਗਾ ਜਾ ਰਿਹਾ ਸੀ ਪਰ ਹੁਣ ਸੱਟ ਲੱਗਣ ਤੋਂ ਬਾਅਦ ਉਹ ਦੁੱਖੀ ਹਨ। 24 ਸਾਲ ਦੇ ਹਾਰਦਿਕ ਦਾ ਇਹ ਦੂਜਾ ਵਰਲਡ ਕੱਪ ਹੈ । ਇਸ ਤੋਂ ਪਹਿਲਾਂ ਉਹ 2018 ਵਿੱਚ ਟੀਮ ਦਾ ਹਿੱਸਾ ਸਨ । ਹਾਰਦਿਕ ਦੇ ਦਾਦਾ ਭਾਰਤੀ ਨੇਵੀ ਵਿੱਚ ਹਾਕੀ ਦੇ ਕੋਚ ਰਹਿ ਚੁੱਕੇ ਹਨ ।
ਓਲੰਪਿਕ ਅਤੇ ਕਾਮਨਵੈਲਥ ਗੇਮਸ ਵਿੱਚ ਮੈਡਲ ਜਿੱਤਿਆ
ਹਾਰਦਿਕ ਸਿੰਘ ਨੇ 2020 ਟੋਕਿਉ ਓਲੰਪਿਕਸ ਦੀ ਟੀਮ ਦੇ ਨਾਲ ਤਾਂਬੇ ਦਾ ਮੈਡਲ ਜਿੱਤਿਆ ਸੀ । ਉਧਰ 2022 ਦੀਆਂ ਕਾਮਨਵੈਲਥ ਖੇਡਾਂ ਵਿੱਚ ਹਾਰਦਿਕ ਦੇ ਹੱਥ ਸਿਲਵਰ ਮੈਡਲ ਆਇਆ ਸੀ । ਇਸ ਤੋਂ ਇਲਾਵਾ ਹਾਰਦਿਕ ਏਸ਼ੀਆ ਕੱਪ ਵਿੱਚ ਗੋਲਡ ਅਤੇ ਤਾਂਬੇ ਦਾ ਤਮਗਾ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਰਹੇ ਹਨ । ਹਾਰਦਿਕ ਨੂੰ 2021 ਵਿੱਚ ਸ਼ਾਨਦਾਰ ਖੇਡ ਦੇ ਲਈ ਅਰਜੁਨ ਅਵਾਰਡ ਵੀ ਮਿਲਿਆ ਸੀ ।
ਵੇਲਸ ਨੂੰ 4-2 ਨਾਲ ਹਰਾਇਆ
ਭਾਰਤ ਨੇ ਹਾਕੀ ਵਰਲਡ ਕੱਪ ਦੇ ਆਪਣੇ ਅਖੀਰਲੇ ਪੂਲ ਮੈਚ ਵਿੱਚ ਵੇਲਸ ਨੂੰ 4-2 ਨਾਲ ਹਰਾਇਆ । ਭਾਰਤ ਵੱਲੋਂ ਅਕਾਸ਼ਦੀਪ ਨੇ 2 ਗੋਲ ਕੀਤੇ ਸਨ ਜਦਕਿ ਸ਼ਮਸ਼ੇਰ ਅਤੇ ਹਰਮਨਪ੍ਰੀਤ ਨੇ 1-1 ਗੋਲ ਕੀਤਾ ਸੀ । ਪਰ ਕੁਆਟਰ ਫਾਈਨਲ ਵਿੱਚ ਸਿੱਧੀ ਐਂਟਰੀ ਲਈ ਟੀਮ ਇੰਡੀਆ ਨੂੰ ਵੇਰਸ ਨੂੰ 8-0 ਨਾਲ ਹਰਾਉਣਾ ਸੀ । ਪਰ ਇਹ ਨਹੀਂ ਹੋ ਸਕਿਆ । ਜਿਸ ਦੀ ਵਜ੍ਹਾ ਕਰਕੇ ਹੁਣ ਟੀਮ ਨੂੰ ਨਿਉਜ਼ੀਲੈਂਡ ਦੇ ਖਿਲਾਫ਼ ਕਰਾਸ ਓਵਰ ਮੈਚ ਖੇਡਣਾ ਹੋਵੇਗਾ । ਜਿੱਤ ਮਿਲਣ ਤੋਂ ਬਾਅਦ ਹੀ ਟੀਮ ਇੰਡੀਆ ਕੁਆਟਰ ਫਾਈਨਲ ਵਿੱਚ ਥਾਂ ਬਣਾ ਸਕੇਗੀ ਨਹੀਂ ਤਾਂ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗੀ ।