‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਸਿੱਖ ਕੌਮ ਦੇ ਹਰਮਨ ਪਿਆਰੇ ਕੀਰਤਨੀਏ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਨਾਮ ਸਿੰਘ ਸ਼੍ਰੀਨਗਰ ਵਾਲੇ ਅੱਜ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਨੇ ਜਲੰਧਰ ਵਿੱਚ ਆਪਣੇ ਘਰ ‘ਚ ਆਖਰੀ ਸਾਹ ਲਏ। ਪੂਰੇ ਸਿੱਖ ਜਗਤ ਵਿੱਚ ਸੋਗ ਦੀ ਲਹਿਰ ਹੈ। ਸੂਤਰਾਂ ਦੀ ਜਾਣਕਾਰੀ ਮੁਤਾਬਕ ਭਾਈ ਹਰਨਾਮ ਸਿੰਘ ਵਿੱਚ ਕੋਵਿਡ ਦੇ ਵੀ ਲੱਛਣ ਦਿਖਾਈ ਦਿੱਤੇ ਸਨ ਪਰ ਇਸ ਗੱਲ ਦੀ ਅਧਿਕਾਰਤ ਤੌਰ ‘ਤੇ ਕੋਈ ਪੁਸ਼ਟੀ ਨਹੀਂ ਹੋਈ।
ਭਾਈ ਹਰਨਾਮ ਸਿੰਘ ਜੀ ਲਗਭਗ 60 ਸਾਲਾਂ ਦੇ ਸਨ ਅਤੇ ਕਾਫੀ ਸਮੇਂ ਤੋਂ ਜਲੰਧਰ ਵਿੱਚ ਹੀ ਰਹਿ ਰਹੇ ਸਨ। ਉਨ੍ਹਾਂ ਨੂੰ ਦੋ ਦਿਨ ਪਹਿਲਾਂ ਬੁਖਾਰ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਦਾ ਕੋਰੋਨਾ ਟੈਸਟ ਵੀ ਕੀਤਾ ਗਿਆ ਸੀ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਅੱਜ ਸਵੇਰੇ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਭਾਈ ਹਰਨਾਮ ਸਿੰਘ ਜੀ ਦੇ ਅਕਾਲ ਚਲਾਣੇ ’ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਭਾਈ ਹਰਨਾਮ ਸਿੰਘ ਦੇ ਅਕਾਲ ਚਲਾਣੇ ਨਾਲ ਸਿੱਖ ਪੰਥ ਨੂੰ ਵੱਡਾ ਘਾਟਾ ਪਿਆ ਹੈ।
ਭਾਈ ਹਰਨਾਮ ਸਿੰਘ ਦਾ ਜਨਮ 4 ਦਸੰਬਰ 1962 ਨੂੰ ਪੰਜਾਬ ਦੇ ਬਰਨਾਲਾ (ਸੰਗਰੂਰ) ਵਿਖੇ ਹੋਇਆ ਸੀ। ਉਹ ਲਗਭਗ 30 ਸਾਲਾਂ ਤੋਂ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਨ। ਉਨ੍ਹਾਂ ਨੇ ਸੰਗੀਤ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਗੁਰਮਤਿ ਸੰਗੀਤ ਡਿਪਲੋਮਾ ਹਾਸਲ ਕੀਤਾ ਹੋਇਆ ਸੀ। ਭਾਈ ਹਰਨਾਮ ਸਿੰਘ ਜੀ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਫਰਾਂਸ, ਬੈਲਜੀਅਮ, ਨੀਦਰਲੈਂਡ, ਮਾਸਕੋ, ਥਾਈਲੈਂਡ, ਮਲੇਸ਼ੀਆ, ਇੰਡੋਨੇਸ਼ੀਆ, ਹਾਂਗਕਾਂਗ, ਇੰਗਲੈਂਡ, ਪਾਕਿਸਤਾਨ, ਸਿੰਗਾਪੁਰ, ਦੁਬਈ, ਮਸਕਟ, ਨੇਪਾਲ ਅਤੇ ਬੰਗਲਾਦੇਸ਼ ਆਦਿ ਦੇਸ਼ਾਂ ਵਿੱਚ ਕੀਰਤਨ ਕਰਨ ਲਈ ਜਾ ਚੁੱਕੇ ਸਨ।