India Sports

ਅੰਤਰਰਾਸ਼ਟਰੀ ਟੈਨਿਸ ਖਿਡਾਰਨ ਦਾ ਪਿਤਾ ਨੇ ਕੀਤਾ ਕਤਲ! ਘਰ ਵਿੱਚ ਹੀ ਮਾਰੀਆਂ 3 ਗੋਲ਼ੀਆਂ

ਗੁਰੂਗ੍ਰਾਮ – ਜੂਨੀਅਰ ਅੰਤਰਰਾਸ਼ਟਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦੀ ਉਸਦੇ ਪਿਤਾ ਦੀਪਕ ਯਾਦਵ ਨੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਅੱਜ ਵੀਰਵਾਰ ਨੂੰ ਹੀ ਵਾਪਰੀ ਹੈ। ਪੁਲਿਸ ਨੇ ਮੁਲਜ਼ਮ ਦੀਪਕ ਯਾਦਵ ਨੂੰ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਾਧਿਕਾ ਇੱਕ ਟੈਨਿਸ ਅਕੈਡਮੀ ਚਲਾਉਂਦੀ ਸੀ ਅਤੇ ਇਸ ਤੋਂ ਚੰਗੀ ਕਮਾਈ ਕਰ ਰਹੀ ਸੀ। ਲੋਕ ਉਸਦੇ ਪਿਤਾ ਨੂੰ ਤਾਅਨੇ ਮਾਰਦੇ ਸਨ ਕਿ ਉਹ ਉਸਦੀ ਧੀ ਦੀ ਕਮਾਈ ਖਾ ਰਿਹਾ ਹੈ। ਇਸੇ ਕਰਕੇ ਉਹ ਇਸ ਗੱਲ ਤੋਂ ਨਾਰਾਜ਼ ਚੱਲ ਰਹੇ ਸਨ।

ਪਰਿਵਾਰ ਵੱਲੋਂ ਦਿੱਤੇ ਬਿਆਨਾਂ ਮੁਤਾਬਕ ਪਿਤਾ ਨੇ ਖੁਦ 25 ਸਾਲਾ ਰਾਧਿਕਾ ਨੂੰ ਟੈਨਿਸ ਅਕੈਡਮੀ ਖੋਲ੍ਹਣ ਲਈ 1.25 ਕਰੋੜ ਰੁਪਏ ਦਿੱਤੇ ਸਨ। ਪਰ ਇੱਕ ਮਹੀਨੇ ਬਾਅਦ, ਉਨ੍ਹਾਂ ਨੇ ਆਪਣੀ ਧੀ ’ਤੇ ਅਕੈਡਮੀ ਬੰਦ ਕਰਨ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ।

ਪਰਿਵਾਰ ਤੋਂ ਇਹ ਵੀ ਪਤਾ ਲੱਗਾ ਹੈ ਕਿ ਪਿਤਾ ਅਤੇ ਧੀ ਪਿਛਲੇ 15 ਦਿਨਾਂ ਤੋਂ ਅਕੈਡਮੀ ਨੂੰ ਲੈ ਕੇ ਰੋਜ਼ਾਨਾ ਲੜ ਰਹੇ ਸਨ। ਵੀਰਵਾਰ ਨੂੰ ਵੀ ਪਿਤਾ ਨੇ ਉਸਨੂੰ ਟੈਨਿਸ ਅਕੈਡਮੀ ਬੰਦ ਕਰਨ ਲਈ ਕਿਹਾ, ਪਰ ਰਾਧਿਕਾ ਸਹਿਮਤ ਨਹੀਂ ਹੋਈ ਅਤੇ ਦੋਵਾਂ ਵਿਚਕਾਰ ਬਹਿਸ ਹੋ ਗਈ। ਜਿਸ ਤੋਂ ਬਾਅਦ ਮੁਲਜ਼ਮ ਪਿਤਾ ਨੇ ਗੁੱਸੇ ਵਿੱਚ ਆ ਕੇ ਉਸਨੂੰ ਗੋਲ਼ੀ ਹੀ ਮਾਰ ਦਿੱਤੀ।

ਪਹਿਲਾਂ ਤਾਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਇਹ ਕਤਲ ਸੋਸ਼ਲ ਮੀਡੀਆ ’ਤੇ ਰੀਲ ਬਣਾਉਣ ਲਈ ਕੀਤਾ ਗਿਆ ਸੀ, ਪਰ ਪੁਲਿਸ ਨੇ ਇਸ ਤੋਂ ਇਨਕਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਪਿਤਾ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।