Khaas Lekh Khalas Tv Special Religion

ਸਿੱਖ ਕੌਮ ਦੇ ਪਹਿਲੇ ਸ਼ਹੀਦ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਤੁਸੀਂ ਕਿੰਨਾ ਕੁ ਜਾਣਦੇ ਹੋ ?

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਸ਼ਹੀਦਾਂ ਦੇ ਸਿਰਤਾਜ, ਸਿੱਖ ਕੌਮ ਦੇ ਪਹਿਲੇ ਸ਼ਹੀਦ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ  (Sri Guru Arjan dev ji) ਦਾ ਗੁਰਗੱਦੀ ਦਿਹਾੜਾ ਹੈ, ਸਾਰੀ ਸੰਗਤ ਨੂੰ ਗੁਰਤਾ ਗੱਦੀ ਦਿਹਾੜੇ ਦੀਆਂ ਮੁਬਾਰਕਾਂ ਦੇ ਨਾਲ ਆਉ ਅੱਜ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਅਤੇ ਉਨ੍ਹਾਂ ਦੇ ਜੀਵਨ ਬਾਰੇ ਜਾਣੀਏ ਤੇ ਜੀਵਨ ਚ ਧਾਰਨ ਕਰੀਏ। ਸ਼੍ਰੀ ਗੁਰੂ ਅਰਜਨ ਦੇਵ ਜੀ ਇੱਕ ਐਸੀ ਸ਼ਖਸੀਅਤ ਹਨ, ਜਿਨ੍ਹਾਂ ਦੇ ਨਾਲ ਪਹਿਲੀ ਵਾਰ ਸ਼ਹੀਦ ਸ਼ਬਦ ਲੱਗਾ ਹੈ। ਅਸੀਂ ਜਦੋਂ ਵੀ ਉਨ੍ਹਾਂ ਬਾਰੇ ਗੱਲ ਕਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਸ਼ਹੀਦਾਂ ਦੇ ਸਿਰਤਾਜ। ਦੁਨੀਆ ਦੇ ਧਾਰਮਿਕ ਜਗਤ ਵਿੱਚ ਜਿੰਨੇ ਵੀ ਲੋਕਾਂ ਦੇ ਨਾਲ ਸ਼ਹੀਦ ਸ਼ਬਦ ਲੱਗਦਾ ਹੈ, ਉਨ੍ਹਾਂ ਦੇ ਕੋਲ ਜ਼ਿੰਦਗੀ ਜਿਊਣ ਦਾ ਕੋਈ ਦਰਵਾਜ਼ਾ ਨਹੀਂ ਹੁੰਦਾ। ਉਹਨਾਂ ਦੇ ਵਾਸਤੇ ਸ਼ਹਾਦਤ (Martyrs) ਬਸ ਕਤਲ ਦਾ ਇੱਕ ਫਤਵਾ ਹੁੰਦਾ ਸੀ। ਜ਼ਿੰਦਗੀ ਜਿਊਣ ਦਾ ਇੱਕ ਖੁੱਲ੍ਹਾ ਦਰਵਾਜ਼ਾ ਸਿੱਖ ਕੌਮ ਦੇ ਧਾਰਮਿਕ ਜਗਤ ਵਿੱਚ ਪਹਿਲੇ ਸ਼ਹੀਦ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਮਿਲਿਆ, ਜਿਨ੍ਹਾਂ ਨੇ ਜ਼ਿੰਦਗੀ ਨੂੰ ਨਕਾਰ ਕੇ ਮੌਤ ਨੂੰ ਸਵੀਕਾਰ ਕੀਤਾ ਸੀ। ਇਸ ਲਈ ਅਸੀਂ ਗੁਰੂ ਸਾਹਿਬ ਨੂੰ ਸ਼ਹੀਦਾਂ ਦੇ ਸਿਰਤਾਜ ਕਹਿੰਦੇ ਹਾਂ।

ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਤੀਜੀ ਪਾਤਸ਼ਾਹੀ ਸ਼੍ਰੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਸਾਹਿਬ ਵਿਖੇ 1563 ਈਸਵੀ ਨੂੰ ਹੋਇਆ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਚਪਨ ਦੇ ਮੁੱਢਲੇ 11 ਸਾਲ ਸ਼੍ਰੀ ਗੁਰੂ ਅਮਰਦਾਸ ਜੀ ਦੀ ਦੇਖ ਰੇਖ ਹੇਠ ਗੁਜ਼ਾਰੇ। ਆਪ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਗੋਦ ਵਿੱਚ ਅਕਸਰ ਖੇਡਦੇ ਸਨ ਤੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਅਸੀਸ ਅਕਸਰ ਆਪ ਜੀ ਨੂੰ ਨਸੀਬ ਹੁੰਦੀ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਫਿਲੌਰ ਤਹਿਸੀਲ ਦੇ ਵਸਨੀਕ ਕਿਸ਼ਨ ਚੰਦ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ ਹੋਇਆ। ਵਿਆਹ ਸਮੇਂ ਉਹਨਾਂ ਦੀ ਉਮਰ ਲਗਭਗ 16 ਸਾਲ ਸੀ। ਮਾਤਾ ਗੰਗਾ ਜੀ ਦੀ ਕੁੱਖੋਂ ਛੇਵੇਂ ਗੁਰੂ ਸ਼੍ਰੀ ਗੁਰੂ ਹਰਿਗੋਬਿੰਦ ਸਾਹਬਿ ਜੀ ਦਾ ਪ੍ਰਕਾਸ਼ ਹੋਇਆ। ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਵਿਖੇ ਬਾਬਾ ਬੁੱਢਾ ਜੀ ਹੱਥੋਂ 1 ਸਤੰਬਰ, 1581 ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ। ਗੁਰਿਆਈ ਮਿਲਣ ਸਮੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਉਮਰ 18 ਸਾਲ ਦੀ ਸੀ। 18 ਸਾਲ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਤੇ ਇੰਨੀ ਛੋਟੀ ਉਮਰ ਵਿੱਚ ਗੁਰਗੱਦੀ ਦੀ ਜ਼ਿੰਮੇਵਾਰੀ ਲੈਣਾ ਤੇ ਉਸਨੂੰ ਬਾ-ਖੂਬੀ ਨਿਭਾਉਣਾ ਬਹੁਤ ਵੱਡੀ ਗੱਲ ਹੈ।

ਸ਼੍ਰੀ ਹਰਿਮੰਦਰ ਸਾਹਿਬ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਦੇਣ ਹੈ। ਆਪ ਜੀ ਨੇ ਕਰਤਾਰਪੁਰ ਸਾਹਿਬ ਵਸਾਇਆ ਅਤੇ ਉੱਥੇ ਸੱਚਖੰਡ ਦਾ ਮਹਾਨ ਪ੍ਰਵਾਹ ਚਲਾਇਆ। ਸੰਗੀਤ ਤੇ ਕਵਿਤਾ ਆਪ ਜੀ ਦੇ ਰੋਮ-ਰੋਮ ਵਿੱਚ ਸਮਾਈ ਹੋਈ ਹੈ। ਕੀਰਤਨ ਦੇ ਆਪ ਜੀ ਇੰਨੇ ਆਸ਼ਿਕ ਸਨ ਕਿ ਕੀਰਤਨ ਤੋਂ ਬਿਨਾਂ ਆਪ ਰਹਿ ਹੀ ਨਹੀਂ ਸਕਦੇ ਸੀ। ਇੱਕ ਵਾਰ ਜਦ ਸੱਤੇ ਤੇ ਬਲਵੰਡ ਨੇ ਕੀਰਤਨ ਕਰਨ ਤੋਂ ਇਨਕਾਰ ਕੀਤਾ ਤਾਂ ਆਪ ਜੀ ਖੁਦ ਹੀ ਸਾਰੰਦਾ ਲੈ ਕੇ ਝੂਮ-ਝੂਮ ਕੇ ਅਨੰਦਮਈ ਰੂਪ ਵਿੱਚ ਕੀਰਤਨ ਕਰਨ ਲੱਗ ਪਏ। ਸਾਰੰਦੇ ਦੀ ਧੁਨ ਨਾਲ ਗੁਰੂ ਜੀ ਨੇ ਆਪਣੇ ਅੰਦਰ ਦੇ ਸੰਗੀਤ ਨੂੰ ਬਾਹਰ ਪ੍ਰਗਟ ਕੀਤਾ।

ਇਸ ਤੋਂ ਇਹ ਗੱਲ ਸਪੱਸ਼ਟ ਹੈ ਕਿ ਜਿੱਥੇ ਆਪ ਜੀ ਮਹਾਨ ਬਾਣੀ ਦੇ ਬੋਹਿਥੇ ਹੋ, ਉੱਥੇ ਹੀ ਆਪ ਜੀ ਮਹਾਨ ਸੰਗੀਤਕਾਰ, ਕੀਰਤਨੀਏ ਵੀ ਹੋ। ਆਪ ਜੀ ਨੇ ਚਾਰ ਗੁਰੂ ਸਾਹਿਬਾਨਾਂ, ਭਗਤਾਂ, ਭੱਟਾਂ ਤੇ ਗੁਰਸਿੱਖਾਂ ਦੀ ਬਾਣੀ ਨੂੰ ਇਕੱਠਾ ਕਰਕੇ ਆਪਣੀ ਬਾਣੀ ਸਮੇਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਅਤੇ ਫਿਰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕਰਵਾਇਆ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਦੇ ਨਾਲ-ਨਾਲ ਕਈ ਬਾਣੀਆਂ ਦੀ ਰਚਨਾ ਵੀ ਕੀਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਧ ਬਾਣੀ ਦਰਜ ਹੈ। ਆਪ ਜੀ ਦੇ ਕੁੱਲ 2312 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਗੁਰੂ ਸਾਹਿਬ ਜੀ ਦੀਆਂ ਪ੍ਰਮੁੱਖ ਰਚਨਾਵਾਂ ਵਿੱਚ ਸੁਖਮਨੀ ਸਾਹਿਬ, ਬਾਰਹਮਾਂਹ, ਬਾਵਨ ਅੱਖਰੀ, ਵਾਰਾਂ ਆਦਿ ਸ਼ਾਮਿਲ ਹਨ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ 30 ਰਾਗਾਂ ਵਿੱਚ ਦਰਜ ਹੈ।

ਅਕਬਰ ਦੇ ਪੁੱਤਰ ਜਹਾਂਗੀਰ ਦੇ ਤਖ਼ਤ ‘ਤੇ ਬੈਠਣ ਤੋਂ ਬਾਅਦ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਉਸਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਜ਼ਰਤ ਮੁਹੰਮਦ ਦੀ ਸਿਫ਼ਤ ਵਿੱਚ ਸ਼ਬਦ ਦਰਜ ਕਰਨ ਲਈ ਕਿਹਾ, ਜਿਸ ’ਤੇ ਗੁਰੂ ਸਾਹਿਬ ਜੀ ਨੇ ਸਾਫ ਇਨਕਾਰ ਕਰ ਦਿੱਤਾ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬੜੇ ਭਿਆਨਕ ਅਤੇ ਦਿਲ-ਕੰਬਾਊ ਤਸੀਹੇ ਸਹਿੰਦਿਆਂ ਸ਼ਹਾਦਤ ਪ੍ਰਾਪਤ ਕਰਕੇ ਸਿੱਖ ਇਤਿਹਾਸ ਵਿੱਚ ਸ਼ਹੀਦੀ ਪ੍ਰੰਪਰਾ ਦਾ ਮੁੱਢ ਬੰਨਿਆ। ਸਿੱਖੀ ਦਾ ਵੱਧਦਾ ਪ੍ਰਚਾਰ, ਪ੍ਰਸਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੀ ਅਸਲ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮੁੱਖ ਕਾਰਨ ਸਨ, ਕਿਉਂਕਿ ਉਸ ਸਮੇਂ ਦਾ ਹਾਕਮ ਜਹਾਂਗੀਰ ਕੱਟੜ ਮੁਸਲਮਾਨ ਬਾਦਸ਼ਾਹ ਸੀ, ਜੋ ਸਿੱਖ ਧਰਮ ਤੋਂ ਈਰਖਾ ਕਰਦਾ ਸੀ ਅਤੇ ਗੁਰੂ ਸਾਹਿਬ ਨੂੰ ਰਸਤੇ ਤੋਂ ਹਟਾਉਣਾ ਚਾਹੁੰਦਾ ਸੀ। ਸਿੱਖ-ਸਿਧਾਂਤ ਅਤੇ ਆਚਾਰ-ਵਿਹਾਰ ਦਾ ਨਿਆਰਾਪਨ ਅਤੇ ਉਸ ਦਾ ਦਿਨੋ-ਦਿਨ ਵੱਧ ਰਿਹਾ ਅਸਰ-ਰਸੂਖ਼ ਸਮੇਂ ਦੀ ਇਸਲਾਮੀ ਸਰਕਾਰ, ਕਰਮਕਾਂਡੀ ਸਿਸਟਮ ਅਤੇ ਕੱਟੜਪੰਥੀ ਸਲਾਹਕਾਰਾਂ ਦੀ ਬਰਦਾਸ਼ਤ ਤੋਂ ਬਾਹਰ ਹੋ ਚੁੱਕਾ ਸੀ।

ਜਹਾਂਗੀਰ ਨੇ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਤਸੀਹੇ ਦੇ ਕੇ ਮਾਰਨ ਦੇ ਹੁਕਮ ਜਾਰੀ ਕਰ ਦਿੱਤੇ। ਗੁਰੂ ਸਾਹਿਬ ਜੀ ਨੂੰ ਉਬਲਦੇ ਪਾਣੀ ਵਿੱਚ ਅਤੇ ਫਿਰ ਤੱਤੀ ਤਵੀ ਉੱਪਰ ਬਿਠਾ ਕੇ, ਸਿਰ ਵਿੱਚ ਗਰਮ ਰੇਤ ਪਾ ਕੇ ਤਸੀਹੇ ਦਿੱਤੇ ਗਏ ਅਤੇ ਵਾਰ-ਵਾਰ ਗੁਰੂ ਜੀ ਨੂੰ ਧਰਮ ਪਰਿਵਰਤਨ ਕਰਨ ਲਈ ਕਿਹਾ ਗਿਆ, ਪਰ ਗੁਰੂ ਜੀ ਨਾ ਮੰਨੇ।

ਇਹ ਦੁੱਖ ਦੇਖ ਕੇ ਸਾਈਂ ਮੀਆਂ ਮੀਰ ਕੋਲੋਂ ਨਾ ਰਿਹਾ ਗਿਆ। ਉਨ੍ਹਾਂ ਨੇ ਗੁੱਸੇ ਵਿਚ ਆ ਕੇ ਕਿਹਾ ਕਿ ਗੁਰੂ ਜੀ, ਇਹਨਾਂ ਜ਼ਾਲਮਾਂ ਨੇ ਤੁਹਾਨੂੰ ਅੱਗ ਵਿੱਚ ਤਪਾ ਛੱਡਿਆ ਹੈ, ਤੁਹਾਡਾ ਸਰੀਰ ਦਾ ਚਮ ਝੁਲਸ ਰਿਹਾ ਹੈ , ਜੇਕਰ ਹੁਕਮ ਹੋਵੇ ਤਾਂ ਮੈਂ ਲਾਹੌਰ ਅਤੇ ਦਿੱਲੀ ਦਰਬਾਰ ਦੀ ਇੱਟ ਨਾਲ ਇੱਟ ਖੜਕਾ ਦਿਆਂ ? ਪਰ ਗੁਰੂ ਜੀ ਕਹਿ ਰਹੇ ਹਨ ਕਿ ਇੱਥੇ ਦੁਸ਼ਮਣ ਕਿਹੜਾ ਹੈ। ਉਨ੍ਹਾਂ ਫੁਰਮਾਇਆ :
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ।।
ਫਿਰ ਉਸਨੇ ਕਿਹਾ ਕਿ ਪਾਤਸ਼ਾਹ, ਦਰਦ ਹੁੰਦਾ ਹੋਣਾ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਭਾਣੇ ਵਿੱਚ ਕੈਸਾ ਦਰਦ ਹੁੰਦਾ ਹੈ, ਗੁਰੂ ਸਾਹਿਬ ਜੀ ਨੇ ਫੁਰਮਾਇਆ :
ਤੇਰਾ ਕੀਆ ਮੀਠਾ ਲਾਗੈ।।
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ।।


ਕਈ ਦਿਨਾਂ ਦੇ ਕਠੋਰ ਤਸੀਹਿਆਂ ਤੋਂ ਬਾਅਦ, ਗੁਰੂ ਜੀ ਦੇ ਸਰੀਰ ਨੂੰ ਰਾਵੀ ਵਿੱਚ ਰੋੜਿਆ ਗਿਆ ਅਤੇ ਗੁਰੂ ਸਾਹਿਬ ਜੀ ਜੋਤੀ ਜੋਤ ਸਮਾ ਗਏ।
ਹੁਣ ਅਸੀਂ ਜਾਣਾਂਗੇ ਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਦੇ ਕਾਰਨ ਕੀ ਸੀ। ਕਿਉਂ ਗੁਰੂ ਸਾਹਿਬ ਨੂੰ, ਇੱਕ ਪੈਗੰਬਰ ਨੂੰ ਸਮੇਂ ਦੀ ਹਕੂਮਤ ਨੇ ਸ਼ਹੀਦ ਕਰ ਦਿੱਤਾ।


ਗੁਰੂ ਸਾਹਿਬ ਜੀ ਦੀ ਸ਼ਹਾਦਤ ਦਾ ਪਹਿਲਾ ਕਾਰਨ ਉਹ ਲੋਕ ਹਨ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪਣੀ ਬਾਣੀ ਦਰਜ ਕਰਵਾਉਣਾ ਚਾਹੁੰਦੇ ਸਨ। ਚਾਰ ਕਵੀ ਕਾਨ੍ਹਾ, ਪੀਲੂ, ਛੱਜੂ ਅਤੇ ਹਸਨ ਪਾਤਸ਼ਾਹ ਕੋਲ ਆ ਕੇ ਕਹਿੰਦੇ ਹਨ ਕਿ ਸਾਨੂੰ ਪਤਾ ਲੱਗਾ ਹੈ ਕਿ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰ ਰਹੇ ਹੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਖਿਲਾਫ ਕਾਨ੍ਹਾ, ਪੀਲੂ, ਛੱਜੂ ਅਤੇ ਹਸਨ ਦੀ ਚੁੱਕ ਵਿੱਚ ਆ ਕੇ ਬੀਰਬਲ ਨੇ ਗੁਰੂ ਸਾਹਿਬ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਪਰ ਯੂਸਫਜ਼ਈਆਂ ਨੇ ਬੀਰਬਲ ਨੂੰ ਅਫਗਾਨਿਸਤਾਨ ਦੀ ਸਰਹੱਦ ‘ਤੇ ਕਤਲ ਕਰ ਦਿੱਤਾ ਸੀ।


ਗੁਰੂ ਸਾਹਿਬ ਜੀ ਦੀ ਸ਼ਹਾਦਤ ਦਾ ਦੂਜਾ ਕਾਰਨ ਸੀ ਸਖੀ ਸਰਵਰ ਮੱਤ। ਸਖੀ ਸਰਵਰ ਮੱਤ ਆਮ ਭੋਲੇ-ਭਾਲੇ ਹਿੰਦੂ ਅਤੇ ਹੋਰ ਧਰਮਾਂ ਦੇ ਲੋਕਾਂ ਨੂੰ ਇਸਲਾਮ ਧਰਮ ਵਿੱਚ ਲੈ ਕੇ ਆਉਂਦਾ ਸੀ। ਪਰ ਗੁਰੂ ਸਾਹਿਬ ਜੀ ਦੇ ਸਿੱਖੀ ਪ੍ਰਚਾਰ ਨੇ ਇਸ ਮੱਤ ਨੂੰ ਖਤਮ ਕਰ ਦਿੱਤਾ ਸੀ।

ਅਖੀਰ ਜਹਾਂਗੀਰ ਨੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। ਸ਼ਹੀਦੀ ਸਮੇਂ ਗੁਰੂ ਸਾਹਿਬ ਜੀ ਨੂੰ ਤੱਤੀ ਤਵੀ ‘ਤੇ ਬਿਠਾ ਕੇ ਸੀਸ ‘ਤੇ ਗਰਮ ਰੇਤ ਪਾਈ ਗਈ। ਕਈ ਤਸੀਹਿਆਂ ਤੋਂ ਬਾਅਦ 1606 ਈਸਵੀ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਜੋਤੀ ਜੋਤ ਸਮਾ ਗਏ, ਲਾਸਾਨੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ