India Punjab

ਸਿੱਕਮ ਤੇ ਲੇਹ ਦੇ ਗੁਰਦੁਆਰਾ ਸਾਹਿਬਾਨ ਖ਼ਤਰੇ ‘ਚ ਕਿਉਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੱਖ ਵਿਦਵਾਨ ਅਨੁਰਾਗ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਧਰਮ ਉਪਦੇਸ਼ਕ ਕੌਂਸਿਲ ਨੂੰ ਸਿੱਕਮ ਅਤੇ ਲੇਹ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਗੁਰਦੁਆਰਿਆਂ ਨੂੰ ਜ਼ਬਰੀ ਕਬਜ਼ੇ ਤੋਂ ਬਚਾਉਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਚਾਰ ਸਾਲ ਪਹਿਲਾਂ ਸਿੱਕਮ ਸਰਕਾਰ ਨੇ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਸਿੱਕਮ ‘ਤੇ ਜ਼ਬਰੀ ਕਬਜ਼ਾ ਕਰਕੇ ਕਈ ਝੂਠੇ ਦਸਤਾਵੇਜ਼ ਤਿਆਰ ਕਰਕੇ ਸਿੱਕਮ ਹਾਈ ਕੋਰਟ ਵਿੱਚ ਪੇਸ਼ ਕੀਤੇ। ਮੇਰੇ ਵੱਲੋਂ ਸਥਾਨਕ ਅਤੇ ਸਮਕਾਲੀ ਇਤਿਹਾਸ ਦੀਆਂ 42 ਪੁਸਤਕਾਂ ਖਰੀਦ ਕੇ ਤਕਰੀਬਨ 72 ਪੋਸਟਾਂ ਸਬੂਤਾਂ ਸਮੇਤ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਡਾਕਟਰ ਦਲਵਿੰਦਰ ਸਿੰਘ ਗਰੇਵਾਲ, ਅਜਮੇਰ ਸਿੰਘ ਰੰਧਾਵਾ ਨੂੰ ਕੇਸ ਦੀ ਪੈਰਵੀ ਲਈ ਦੇਣ ਦੇ ਬਾਵਜੂਦ ਲੱਖਾਂ ਰੁਪਏ ਗੁਰੂ ਦੀ ਗੋਲਕ ਅਤੇ ਲੋਕਾਂ ਤੋਂ ਇਕੱਠੇ ਕਰਕੇ ਕੋਈ ਪੈਰਵੀ ਨਹੀਂ ਕੀਤੀ ਗਈ। 4 ਸਾਲਾਂ ਵਿੱਚ ਕਿੰਨੇ ਵਕੀਲ ਬਦਲੇ, ਕਿੰਨਾ ਪੈਸਾ ਖਰਚ ਹੋਇਆ, ਇਸ ਦਾ ਹਿਸਾਬ ਇਕੱਠਾ ਕਰਕੇ ਸਿਰਫ਼ ਆਪਸੀ ਲੜਾਈ ਦਾ ਮੁਜ਼ਾਹਰਾ ਕੋਰਟ ਵਿੱਚ ਕਰਨ ਤੋਂ ਸਿਵਾਏ ਕੁੱਝ ਨਹੀਂ ਕੀਤਾ ਗਿਆ। ਕਿਸੇ ਵੀ ਕੇਸ ਦੀ ਪਹਿਲੀ ਕਾਰਵਾਈ ਸਬੂਤਾਂ ਨਾਲ Maintainability ਹੀ ਪੇਸ਼ ਨਹੀਂ ਕੀਤੀ ਗਈ, ਪਰ ਮੈਂ ਇਸ ਕੇਸ ਵਿੱਚ ਆਪਣਾ ਪੈਸਾ ਖਰਚ ਕੇ ਸਬੂਤ ਮੁਹੱਈਆ ਕਰਵਾ ਕੇ ਜੋ ਜ਼ਿੱਲਤ ਪੰਥਕ ਲੀਡਰਾਂ ਅਤੇ ਉਨ੍ਹਾ ਦੇ ਵਕੀਲਾਂ ਦੇ ਪ੍ਰਹਾਰਾਂ ਕਾਰਨ ਉਠਾਈ, ਉਹ ਵੀ ਇਤਿਹਾਸ ਦੇ ਪੰਨਿਆਂ ‘ਤੇ ਅੰਕਿਤ ਹੈ।

4 ਸਾਲ ਪਹਿਲਾਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਤੇ ਰੁਮਾਲੇ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਤੋਂ ਜ਼ਬਰੀ ਚੁੱਕ ਕੇ ਹੇਠਾਂ ਗੁਰਦੁਆਰਾ ਨਾਨਕ ਲਾਮਾ ਚੁੰਗਥਾਗ ਦੇ ਬਾਹਰ ਸੜਕ ‘ਤੇ ਰੱਖੇ ਗਏ। ਉਸ ਵੇਲੇ ਕਿਸੇ ਪੰਥਕ ਧਿਰ ਜਾਂ ਅਖੌਤੀ ਸਤਿਕਾਰ ਕਮੇਟੀ ਦੀ ਨੀਂਦ ਨਹੀਂ ਖੁੱਲੀ।

ਜਦੋਂ ਇੱਕ ਤਹਿਸੀਲਦਾਰ ਦੇ ਦਫ਼ਤਰ ਵਿੱਚ ਇੱਕ ਰਜਿਸਟਰੀ ਗਲਤ ਹੋ ਜਾਵੇ ਅਤੇ ਲੋਕ ਚੁੱਪ ਰਹਿਣ ਤਾਂ ਫੇਰ ਗਲਤ ਰਜਿਸਟਰੀਆਂ ਦੀ ਭਰਮਾਰ ਲੱਗ ਜਾਂਦੀ ਹੈ। ਪਿਛਲੇ 4 ਸਾਲਾਂ ਵਿੱਚ ਸਾਡੀ ਆਪਸੀ ਲੜਾਈ ਅਤੇ ਢਿੱਲੇਪਨ ਨੇ ਸਿੱਕਮ ਅਤੇ ਲੇਹ ਵਿੱਚ ਇਤਿਹਾਸਕ ਗੁਰਧਾਮਾਂ ‘ਤੇ ਕਬਜ਼ੇ ਦੀ ਮੁਹਿੰਮ ਚੱਲ ਰਹੀ ਸੀ, ਉਹ ਹੁਣ ਆਖਰੀ ਪੜਾਅ ‘ਤੇ ਹੈ। ਹੁਣ ਜਾਗਣ ਦਾ ਵਕਤ ਹੈ। ਅਨੁਰਾਗ ਸਿੰਘ ਨੇ ਇਸ ਦੇ ਦਸਤਾਵੇਜ਼ ਵੀ ਅਪੀਲ ਦੇ ਨਾਲ ਨੱਥੀ ਕੀਤੇ ਹਨ। ਦਸਤਾਵੇਜ਼ਾਂ ਵਿੱਚ ਗੁਰਦੁਆਰਾ ਨਾਨਕ ਲਾਮਾ ਚੁੰਗਥਾਗ ਦੀ ਘੇਰਾਬੰਦੀ, ਗੁਰਦੁਆਰਾ ਨਾਨਕ ਲਾਮਾ ਅੰਦਰ ਪੱਥਰ ਸਾਹਿਬ, ਜਿਸ ‘ਤੇ ਗੁਰੂ ਨਾਨਕ ਦੇਵ ਜੀ ਪਦ ਚਿੰਨ ਹਨ ਦੀ ਘੇਰਾਬੰਦੀ, ਗੁਰਦੁਆਰਾ ਮੈਨਚੁਕਾ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਟਾਉਣਾ ਅਤੇ ਇਸ ਦੀ ਜ਼ਮੀਨ ਦੇ ਵਾਰਸ ਨੂੰ 35 ਸਾਲ ਬਾਅਦ ਖੜਾ ਕਰਨਾ, ਗੁਰਦੁਆਰਾ ਪੱਥਰ ਸਾਹਿਬ ਲੇਹ ‘ਤੇ ਕਬਜ਼ੇ ਦੀ ਤਿਆਰੀ, ਜੋ ਅਪ੍ਰੈਲ 2019 ਵਿੱਚ ਨਾਕਾਮ ਕੀਤੀ ਗਈ ਸੀ, ਦੇ ਦਸਤਾਵੇਜ਼ ਸ਼ਾਮਿਲ ਹਨ।

ਅਨੁਰਾਗ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਜਲਦੀ ਹੀ ਇੱਕ ਮੀਟਿੰਗ ਸੱਦ ਕੇ ਅਗਲੇ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕਰਕੇ ਕਾਰਵਾਈ ਕਰਨ ਦਾ ਆਦੇਸ਼ ਦੇਣ ਦੀ ਉਮੀਦ ਜਤਾਈ।