International

ਅਮਰੀਕੀ ਫ਼ੌਜ ਨੇ 20 ਸਾਲ ਬਾਅਦ ਛੱਡਿਆ ਅਫ਼ਗਾਨਿਸਤਾਨ, ਤਾਲਿਬਾਨ ‘ਚ ਖ਼ੁਸ਼ੀ ਦੀ ਲਹਿਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਮਰੀਕੀ ਫੌਜ ਨੇ 20 ਸਾਲ ਬਾਅਦ ਅਫਗਾਨਿਸਤਾਨ ਛੱਡ ਦਿੱਤਾ ਹੈ। ਸੋਮਵਾਰ ਨੂੰ ਅਮਰੀਕੀ ਫੌਜ ਦੇ ਆਖਰੀ ਦਲ ਦੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਅਮਰੀਕੀ ਸੈਂਟਰਲ ਕਮਾਂਡ ਦੇ ਮੁਖੀ ਜਨਰਲ ਕੇਂਥ ਮੈਕਕੈਨੀਜ਼ ਨੇ ਕਿਹਾ, ‘ਮੈਂ ਇੱਥੇ ਅਫਗਾਨਿਸਤਾਨ ਤੋਂ ਆਪਣੀ ਫੌਜ ਪੂਰੀ ਹੋਣ ਅਤੇ ਅਮਰੀਕੀ ਨਾਗਰਿਕਾਂ ਨੂੰ ਕੱਢਣ ਲਈ ਫੌਜ ਮਿਸ਼ਨ ਖਤਮ ਕਰਨ ਦਾ ਐਲਾਨ ਕਰਨ ਆਇਆ ਹਾਂ।’ ਮੈਕੇਂਜੀ ਨੇ ਕਿਹਾ ਕਿ ਇੱਕ ਵੱਡੇ ਸੀ-17 ਫੌਜ ਪਰਿਵਾਹਨ ਜਹਾਜ਼ ਨੇ ਕਾਬੁਲ ਦੇ ਹਾਮਿਦ ਕਰਜਾਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਾਬੁਲ ਦੇ ਸਮੇਂ ਅਨੁਸਾਰ ਅੱਧੀ ਰਾਤ ਤੋਂ ਇੱਕ ਮਿੰਟ ਪਹਿਲਾਂ ਉਡਾਨ ਭਰੀ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਅਮਰੀਕੀ ਫੌਜ ਦੀ ਵਾਪਸੀ ਦਾ 31 ਅਗਸਤ ਦਾ ਸਮਾਂ ਤੈਅ ਕੀਤਾ ਸੀ। ਅਮਰੀਕੀ ਫ਼ਜ ਦੇ ਅਫ਼ਗਾਨਿਸਤਾਨ ਵਿੱਚੋਂ ਜਾਣ ‘ਤੇ ਤਾਲਿਬਾਨ ਨੇ ਖ਼ੁਸ਼ੀ ਵਿੱਚ ਹਵਾਈ ਫ਼ਾਇਰੰਗਿ ਕੀਤੀ।

ਹਾਲਾਂਕਿ, ਅਮਰੀਕੀ ਫ਼ੌਜ ਦੇ ਆਖ਼ਰੀ ਦਲ ਨੇ ਕਾਬੁਲ ਏਅਰਪੋਰਟ ਤੋਂ ਰਵਾਨਾ ਹੋਣ ਤੋਂ ਪਹਿਲਾਂ ਬਹੁਤ ਹੀ ਸਮਝਦਾਰੀ ਦੇ ਨਾਲ ਸਾਰੇ ਲੜਾਕੂ ਜਹਾਜ਼ਾਂ, ਹੈਲੀਕਾਪਟਰਾਂ ਅਤੇ ਹਥਿਆਰਬੰਦ ਵਾਹਨਾਂ ਨੂੰ ਨਸ਼ਟ ਕਰ ਦਿੱਤਾ ਤਾਂ ਜੋ ਤਾਲਿਬਾਨ ਦੇ ਹੱਥਾਂ ਵਿੱਚ ਆਉਣ ਤੋਂ ਬਾਅਦ ਇਸਦਾ ਇਸਤੇਮਾਲ ਨਾ ਕੀਤਾ ਜਾਵੇ। ਹਾਮਿਦ ਕਰਜ਼ਈ ਇੰਟਰਨੈਸ਼ਨਲ ਏਅਰਪੋਰਟ ‘ਤੇ 73 ਜਹਾਜ਼ਾਂ ਨੂੰ ਪਹਿਲਾਂ ਹੀ ਡਿਮਿਲੀਟਰਾਈਜ਼ਡ ਕਰ ਦਿੱਤਾ ਗਿਆ ਹੈ, ਹੁਣ ਕਿਸੇ ਵੀ ਸੈਨਿਕ ਅਭਿਆਨ ਵਿੱਚ ਇਸਦਾ ਇਸਤੇਨਾਲ ਨਹੀਂ ਕੀਤਾ ਜਾ ਸਕਦਾ। ਇਹ ਜਹਾਜ਼ ਹੁਣ ਬੇਕਾਰ ਹੋ ਗਏ ਹਨ।

ਦੱਸ ਦਈਏ ਕਿ ਅਮਰੀਕਾ ਨੇ ਕਰੀਬ ਸਵਾ ਲੱਖ ਲੋਕਾਂ ਨੂੰ ਅਫ਼ਗਾਨਿਸਤਾਨ ਤੋਂ 15 ਦਿਨਾਂ ਵਿੱਚ ਬਾਹਰ ਕੱਢਿਆ ਹੈ। ਮੈਕੈਂਜੀ ਨੇ ਕਿਹਾ ਕਿ ਪੈਂਟਾਗਨ ਨੇ ਕਾਬੁਲ ਏਅਰਪੋਰਟ ਦੇ ਸੰਚਾਲਨ ਲਈ ਕਰੀਬ 6 ਹਜ਼ਾਰ ਸੈਨਿਕਾਂ ਦੀ ਇੱਕ ਫ਼ੋਰਸ ਤਿਆਰ ਕੀਤੀ ਸੀ ਅਤੇ 14 ਅਗਸਤ ਨੂੰ ਇਸਦੇ ਜ਼ਰੀਏ ਅਮਰੀਕੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਸ਼ੁਰੂ ਹੋਈ ਸੀ। ਉਨ੍ਹਾਂ ਕਿਹਾ ਕਿ ਅਮਰੀਕੀ ਸੈਨਾ 70 ਹਥਿਆਰਬੰਦ ਵਾਹਨ ਅਫ਼ਗਾਨਿਸਤਾਨ ਵਿੱਚ ਛੱਡ ਗਈ ਹੈ, ਜਿਸ ਵਿੱਚ ਹਰੇਕ ਵਾਹਨ ਦੀ ਕੀਮਤ 10 ਲੱਖ ਡਾਲਰ ਹੈ। ਇਸਦੇ ਨਾਲ 27 ਹਮਵੀ (Humvees)  ਵੀ ਉੱਥੇ ਰਹਿ ਗਏ ਹਨ। ਪਰ ਅਮਰੀਕੀ ਸੈਨਾ ਨੇ ਉਸਨੂੰ ਬਿਲਕੁਲ ਬੇਕਾਰ ਕਰ ਦਿੱਤਾ ਹੈ ਅਤੇ ਹੁਣ ਇਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ।

11 ਸਤੰਬਰ 2001 ਵਿੱਚ ਅਮਰੀਕੀ ਹਮਲੇ ਤੋਂ ਬਾਅਦ 2001 ਵਿੱਚ ਹੀ ਤਾਲਿਬਾਨ ਨੂੰ ਸੱਤਾ ਤੋਂ ਬੇਦਖਲ ਕਰਨ ਲਈ ਅਮਰੀਕੀ ਫੌਜ ਨਾਟੋ ਗਠਜੋੜ ਦੀ ਅਗਵਾਈ ਵਿੱਚ ਅਫਗਾਨਿਸਤਾਨ ਆਈ ਸੀ।