ਕੈਨੇਡਾ ਵਿਚ ਗੈਂਗਸਟਰ ਅਮਰਪ੍ਰੀਤ ਸਮਰਾ ਦਾ ਕਤਲ (Gangster Amarpreet Samra shot dead) ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਵਿਆਹ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਬਾਹਰ ਨਿਕਲ ਰਿਹਾ ਸੀ, ਜਿਥੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਵੈਨਕੂਵਰ ਵਿਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਇਹ ਘਟਨਾ ਸਵੇਰੇ 1.30 ਵਜੇ ਵਾਪਰੀ ਜਦੋਂ ਉਹ ਵਿਆਹ ਪਾਰਟੀ ਤੋਂ ਬਾਹਰ ਆ ਰਿਹਾ ਸੀ। ਉਹ ਟਾਪ 11 ਖ਼ਤਰਨਾਕ ਗੈਂਗਸਟਰਾਂ ਦੀ ਸੂਚੀ ਵਿਚ ਸ਼ਾਮਲ ਸੀ। ਵਿਆਹ ਸਮਾਗਮ ਵਿਚ ਸ਼ਾਮਲ ਕੁਝ ਲੋਕਾਂ ਨੇ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀ ਮੁੜ ਹਾਲ ਵਿਚ ਆਏ ਤੇ ਉਨ੍ਹਾਂ ਨੇ ਡੀਜੇ ਵਾਲੇ ਨੂੰ ਮਿਊਜ਼ਿਕ ਬੰਦ ਕਰਨ ਲਈ ਕਿਹਾ।
ਉਸ ਵੇਲੇ ਹਾਲ ਵਿਚ ਕਰੀਬ 60 ਬੰਦੇ ਮੌਜੂਦ ਸੀ। ਇਸ ਹਮਲੇ ਪਿੱਛੇ ਹਮਲਾਵਰ ਵਿਰੋਧੀ ਬ੍ਰਦਰਜ਼ ਕੀਪਰਜ਼ ਗਰੁੱਪ ਤੋਂ ਹੋ ਸਕਦੇ ਹਨ। ਘਟਨਾ ਮਗਰੋਂ ਪੁਲਿਸ ਨੇ ਸਰੀ/ਡੈਲਟਾ ਬਾਰਡਰ ’ਤੇ ਇੱਕ ਸੜਦਾ ਵਾਹਨ ਬਰਾਮਦ ਕੀਤਾ। ਪੁਲਿਸ ਨੂੰ ਖਦਸ਼ਾ ਹੈ ਕਿ ਇਸਦਾ ਜਵਾਬੀ ਹਮਲਾ ਹੋ ਸਕਦਾ ਹੈ।
ਵੈਨਕੂਵਰ ਪੁਲਿਸ ਨੇ ਜਾਰੀ ਕੀਤੇ ਬਿਆਨ ਵਿਚ ਦੱਸਿਆ ਕਿ ਕਈ ਲੋਕਾਂ ਨੇ 911 ’ਤੇ ਫੋਨ ਕਰ ਕੇ ਦੱਸਿਆ ਕਿ ਸਾਊਥ ਵੈਂਕੂਵਰ ਬੈਂਕੁਇਟ ਹਾਲ ਨੇੜੇ ਫਰੇਜ਼ਰ ਸਟ੍ਰੀਟ ਅਤੇ ਸਾਊਥ ਈਸਟ ਡ੍ਰਾਈਵ ਵਿਖੇ 1:30 ਵਜੇ ਸਵੇਰੇ ਇਕ ਵਿਅਕਤੀ ਨੂੰ ਗੋਲੀ ਮਾਰੀ ਗਈ ਹੈ। ਪੈਟਰੋਲ ਅਫ਼ਸਰਾਂ ਨੇ ਸੀ ਪੀ ਆਰ ਵੀ ਕੀਤੀ ਪਰ ਉਹ ਜ਼ਖ਼ਮਾਂ ਕਾਰਨ ਦਮ ਤੋੜ ਗਿਆ।
ਜਾਂਚਕਾਰਾਂ ਦਾ ਮੰਨਣਾ ਹੈ ਕਿ ਇਹ ਗੈਂਗਵਾਰ ਦਾ ਨਤੀਜਾ ਹੈ ਅਤੇ ਇਸਦੀ ਜਾਂਚ ਜਾਰੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਕੋਈ ਜਾਣਕਾਰੀ ਹੈ ਤਾਂ ਉਹ 604-717-2500 ਨੰਬਰ ’ਤੇ ਇਸਦੀ ਜਾਣਕਾਰੀ ਦੇ ਸਕਦੇ ਹੈ।
ਦੱਸ ਦਈਏ ਕਿ ਪਿਛਲੇ ਸਾਲ ਕੈਨੇਡੀਅਨ ਪੁਲਿਸ ਏਜੰਸੀਆਂ ਨੇ 11 ਖਤਰਨਾਕ ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਸੀ। ਇਨ੍ਹਾਂ 11 ਗੈਂਗਸਟਰਾਂ ਵਿੱਚੋਂ 9 ਪੰਜਾਬੀ ਮੂਲ ਦੇ ਸਨ। ਇਨ੍ਹਾਂ 11 ਗੈਂਗਸਟਰਾਂ ਦੀ ਸੂਚੀ ਵਿੱਚ ਸਮਰਾ ਦਾ ਨਾਂ ਦੂਜੇ ਨੰਬਰ ਉੱਤੇ ਸੀ। ਸੂਚੀ ਵਿੱਚ ਸ਼ਕੀਲ ਬਸਰਾ (28), ਅਮਰਪ੍ਰੀਤ ਸਮਰਾ (28), ਜਗਦੀਪ ਚੀਮਾ (30), ਰਵਿੰਦਰ ਸ਼ਰਮਾ (35), ਬਰਿੰਦਰ ਧਾਲੀਵਾਲ (39), ਐਂਡੀ ਸੇਂਟ ਪੀਅਰੇ (40) ਸ਼ਾਮਲ ਹਨ। ਗੁਰਪ੍ਰੀਤ ਧਾਲੀਵਾਲ (35), ਰਿਚਰਡ ਜੋਸਫ ਵਿਟਲੌਕ (40), ਸਮਰੂਪ ਗਿੱਲ (29), ਸੁਮਦੀਸ਼ ਗਿੱਲ (28) ਅਤੇ ਸੁਖਦੀਪ ਪੰਸਾਲੀ ਸ਼ਾਮਲ ਹਨ।