‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦਾਜ ਵਿਚ ਮਹਿੰਗੀਆਂ ਗੱਡੀਆਂ ਤੇ ਮੋਟਾ ਪੈਸਾ ਮੰਗਣ ਦੀਆਂ ਖਬਰਾਂ ਤਾਂ ਆਮ ਸੁਣੀਆਂ ਹੋਣਗੀਆਂ ਪਰ, ਮਹਾਂਰਾਸ਼ਟਰ ਦੇ ਔਰੰਗਾਬਾਦ ਵਿਚ ਇਕ ਲਾੜੇ ਤੇ ਉਸਦੇ ਪਰਿਵਾਰ ਨੇ ਆਪਣੇ ਸਹੁਰਿਆਂ ਤੋਂ ਅਜਿਹੀ ਚੀਜ਼ ਮੰਗ ਲਈ ਜੋ ਸੁਣ ਕੇ ਤੁਸੀਂ ਹੈਰਾਨ ਵੀ ਹੋਵੋਗੇ ਤੇ ਤੁਹਾਨੂੰ ਹਾਸਾ ਵੀ ਆਵੇਗਾ।ਇਸ ਲਾੜੇ ਉੱਤੇ ਦੋਸ਼ ਲੱਗੇ ਹਨ ਕਿ ਉਸਨੇ ਆਪਣੇ ਸਹੁਰਿਆਂ ਕੋਲੋਂ 21 ਨਹੁੰਆਂ ਵਾਲਾ ਕੱਛੂ ਤੇ ਲੈਬਰੇਡਾਰ ਕੁੱਤਾ ਮੰਗਿਆ ਹੈ।ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਇਸ ਅਜੀਬ ਮੰਗ ਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਔਰੰਗਾਬਾਦ ਦੇ ਉਸਮਾਨਪੁਰਾ ਵਿੱਚ ਰਹਿਣ ਵਾਲੇ ਇਕ ਮੁੰਡੇ ਦੀ ਮੰਗਣੀ 10 ਫਰਵਰੀ 2021 ਨੂੰ ਰਾਮਨਗਰ ਵਿੱਚ ਰਹਿਣ ਵਾਲੀ ਲੜਕੀ ਦੇ ਨਾਲ ਹੋਈ ਸੀ।ਦੋਵੇਂ ਧਿਰਾਂ ਨੇ ਇਹ ਤੈਅ ਕੀਤਾ ਸੀ ਕਿ ਵਿਆਹ ਕੁਝ ਮਹੀਨੇ ਰੁੱਕ ਕੇ ਕੀਤਾ ਜਾਵੇਗਾ। ਪਰ ਇਸੇ ਸਮੇਂ ਦੌਰਾਨ ਲੜਕੇ ਵਾਲਿਆਂ ਵੱਲੋਂ ਲੜਕੀ ਦੇ ਪਰਿਵਾਰ ਤੋਂ ਦਾਜ ਵਿੱਚ ਇਹ ਹੈਰਾਨ ਕਰਨ ਵਾਲਾ ਸਾਮਾਨ ਮੰਗਣ ਦੀਆਂ ਗੱਲਾਂ ਉੱਠਣ ਲੱਗ ਪਈਆਂ।

ਲੜਕੀ ਦੇ ਪਿਓ ਨੇ ਕਿਹਾ ਹੈ ਉਨ੍ਹਾਂ ਦੇ ਰਿਸ਼ਤੇਦਾਰ ਨੇ ਕੁੜੀ ਦੇ ਵਿਆਹ ਦੀ ਗੱਲ ਤੋਰੀ ਸੀ। ਫਰਵਰੀ ਵਿਚ ਉਨ੍ਹਾਂ ਦੀ ਲੜਕੀ ਦੀ ਮੰਗਣੀ ਕੀਤੀ ਗਈ ਸੀ। ਇਸ ਲਈ ਸਾਰਾ ਪ੍ਰੋਗਰਾਮ ਇਕ ਵਧੀਆ ਮੈਰਿਜ ਹਾਲ ਵਿਚ ਕੀਤਾ ਗਿਆ ਸੀ। ਮੰਗਣੀ ਵੇਲੇ ਕੁੜੀ ਦੇ ਪਰਿਵਾਰ ਨੂੰ ਸੋਨੇ ਦੇ ਗਹਿਣੇ ਤੇ ਹੋਰ ਲੱਖਾਂ ਰੁਪਏ ਦਿੱਤੇ ਗਏ। ਹਾਲਾਂਕਿ ਮੁੰਡੇ ਵਾਲਿਆਂ ਨੂੰ ਇਹ ਕਿਹਾ ਗਿਆ ਸੀ ਕਿ ਅਸੀਂ ਦਾਜ ਦੇ ਖਿਲਾਫ ਹਾਂ ਪਰ ਆਪਣੀ ਕੁੜੀ ਵਾਸਤੇ ਥੋੜ੍ਹਾ ਬਹੁਤ ਦੇ ਦਿਆਂਗੇ। ਪਰ ਮੰਗਣੀ ਤੋਂ ਬਾਅਦ ਮੁੰਡੇ ਦੇ ਪਿਓ ਨੇ 21 ਨਹੁੰਆਂ ਵਾਲਾ ਕੱਛੂ, ਇਕ ਲੈਬਰੇਡਾਰ ਕੁੱਤਾ ਤੇ ਆਪਣੀ ਕੁੜੀ ਦੀ ਸਰਕਾਰ ਨੌਕਰੀ ਲਈ 10 ਲੱਖ ਰੁਪਏ ਦੀ ਮੰਗ ਕਰ ਦਿੱਤੀ।

ਲੜਕੀ ਦੇ ਪਿਓ ਦਾ ਕਹਿਣਾ ਹੈ ਕਿ ਉਹ ਕੁੜੀ ਦੇ ਸਹੁਰੇ ਪੱਖ ਦੀ ਇਸ ਅਜੀਬ ਮੰਗ ਤੋਂ ਪਰੇਸ਼ਾਨ ਹਨ। ਪਰ ਦੁਖੀ ਹੋ ਕੇ ਉਨ੍ਹਾਂ ਨੇ ਇਸਦੀ ਸ਼ਿਕਾਇਤ ਪੁਲਿਸ ਕੋਲ ਕਰਨ ਦਾ ਫੈਸਲਾ ਕਰ ਲਿਆ। ਉਧਰ ਪੁਲਿਸ ਨੇ ਧਾਰਾ 420, 406 ਤੇ 34 ਤਹਿਤ ਕੇਸ ਦਰਜ ਕਰਕੇ ਤਹਿਕੀਕਾਤ ਸ਼ੁਰੂ ਕਰ ਦਿੱਤੀ ਹੈ।